ਈਰਾਨ ਤੋਂ ਤੁਰਕੀ ਨੂੰ ਜਾਂਦਾ ਜਹਾਜ਼ ਤਬਾਹ ਹੋਣ ਨਾਲ 11 ਮੌਤਾਂ


ਤਹਿਰਾਨ, 12 ਮਾਰਚ, (ਪੋਸਟ ਬਿਊਰੋ)- ਈਰਾਨ ਵਿੱਚ ਤੁਰਕੀ ਦੇ ਜਹਾਜ਼ ਹਾਦਸਾ ਪੇਸ਼ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਤੁਰਕੀ ਦੇ ਸਿਖਰਲੇ ਬਿਜ਼ਨਸਮੈਨ ਹੁਸੈਨ ਬਸਾਰਨ ਦੀ ਬੇਟੀ ਮੀਨਾ ਬਸਾਰਨ (28) ਦੀ ਵੀ ਮੌਤ ਹੋ ਗਈ। ਮੀਨਾ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ ਅਤੇ ਉਹ ਵਿਆਹ ਤੋਂ ਪਹਿਲਾਂ ਅਪਣੇ ਦੋਸਤਾਂ ਨਾਲ ਪਾਰਟੀ ਮਨਾਉਣ ਵਾਸਤੇ ਜਾ ਰਹੀ ਸੀ।
ਐਮਰਜੈਂਸੀ ਸਰਵਿਸਿਜ਼ ਦੇ ਬੁਲਾਰੇ ਮੁਤਾਬਕ ਇਹ ਜਹਾਜ਼ ਹਾਦਸਾ ਜਾਗਰੋਸ ਦੀ ਪਹਾੜੀਆਂ ਵਿੱਚ ਹੋਇਆ ਹੈ, ਜਿੱਥੇ ਐਤਵਾਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕ ਐਤਵਾਰ ਸ਼ਾਮ ਜਹਾਜ਼ ਦੇ ਮਲਬੇ ਨੇੜੇ ਪੁੱਜੇ। ਲਾਸ਼ਾਂ ਬੁਰੀ ਤਰ੍ਹਾਂ ਸੜ ਚੁਕੀਆਂ ਸਨ, ਜਿਨ੍ਹਾਂ ਦੀ ਪਛਾਣ ਡੀ ਐਨ ਏ ਜਾਂਚ ਮਗਰੋਂ ਕੀਤੀ ਜਾ ਸਕੇਗੀ। ਈਰਾਨ ਦੇ ਹਵਾਬਾਜ਼ੀ ਸੰਗਠਨ (ਓ ਵੀ ਏ) ਦੀ ਰਿਪੋਰਟ ਮੁਤਾਬਕ ਇਸ ਜਹਾਜ਼ ਵਿੱਚ ਚਾਲਕ ਟੀਮ ਦੇ ਤਿੰਨ ਮੈਂਬਰ ਤੇ 8 ਨੌਜਵਾਨ ਲੜਕੀਆਂ ਸਵਾਰ ਸਨ। ਜਹਾਜ਼ ਯੂ ਏ ਈ ਦੇ ਸ਼ਾਰਜਾਹ ਤੋਂ ਇਸਤਾਂਬੁਲ ਜਾ ਰਿਹਾ ਸੀ। ਨਾਗਰਿਕ ਹਵਾਬਾਜ਼ੀ ਸੰਗਠਨ ਦੇ ਮੁਖੀ ਰਜ਼ਾ ਜ਼ਫ਼ਰਜਾਦੇਹ ਨੇ ਦਸਿਆ ਕਿ ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ। 14 ਅਪ੍ਰੈਲ ਨੂੰ ਬਿਜ਼ਨਸਮੈਨ ਮੁਰਤ ਗੀਜਰ ਨਾਲ ਮੀਨਾ ਦਾ ਵਿਆਹ ਇਸਤਾਂਬੁਲ ਵਿੱਚ ਹੋਣਾ ਸੀ। ਹਾਦਸਾ ਗ੍ਰਸਤ ਹੋਇਆ ਜਹਾਜ਼ ਮੀਨਾ ਦੇ ਪਿਤਾ ਦਾ ਸੀ ਅਤੇ ਕੈਨੇਡੀਆਈ ਕੰਪਨੀ ਨੇ ਬਣਾਇਆ ਸੀ।