ਈਆਈ ਬੈਨੇਫਿਟਜ਼ ਦੇ ਪਸਾਰ ਉੱਤੇ ਬਜਟ ਤੋਂ ਵੱਧ ਹੋਇਆ ਖਰਚਾ

finance
ਓਟਵਾ, 16 ਜੁਲਾਈ (ਪੋਸਟ ਬਿਊਰੋ) : ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਇਲਾਕਿਆਂ ਦੇ ਵਰਕਰਜ਼ ਦੀ ਮਦਦ ਲਈ ਫੈਡਰਲ ਸਰਕਾਰ ਵੱਲੋਂ ਚਲਾਏ ਪ੍ਰੋਗਰਾਮ ਉੱਤੇ ਬਜਟ ਤੋਂ ਵੱਧ ਖਰਚਾ ਹੋਣ ਦੇ ਮੱਦੇਨਜ਼ਰ ਲਿਬਰਲ ਇਸ ਦਾ ਕੋਈ ਹੱਲ ਲੱਭਣ ਦੀ ਕੋਸਿ਼ਸ਼ ਕਰ ਰਹੇ ਹਨ। ਇਸ ਪ੍ਰੋਗਰਾਮ ਉੱਤੇ ਹੁਣ ਤੱਕ 1.3 ਬਿਲੀਅਨ ਡਾਲਰ ਖਰਚ ਹੋ ਚੁੱਕਿਆ ਹੈ।
ਦੇਸ਼ ਦੇ ਕਈ ਹਿੱਸਿਆਂ ਵਿੱਚ ਬੇਰੋਜ਼ਗਾਰੀ ਦਰਾਂ ਸਖ਼ਤ ਹੋਣ ਕਾਰਨ 15 ਖਿੱਤਿਆਂ ਵਿੱਚ ਕਾਮਿਆਂ ਦੀ ਮਦਦ ਲਈ ਪਿਛਲੇ ਸਾਲ ਚਲਾਏ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਸਰਕਾਰ ਦਾ ਕਹਿਣਾ ਸੀ ਕਿ 235,000 ਲੋਕ ਹੀ ਇੰਪਲਾਇਮੈਂਟ ਇੰਸ਼ੋਰੈਂਸ ਬੈਨੇਫਿਟਜ਼ ਦੇ ਵਾਧੂ ਹਫਤਿਆਂ ਦੀ ਵਰਤੋਂ ਕਰਨਗੇ। ਇਸ ਨਾਲ ਅਪਰੈਲ 2016 ਤੇ ਮਾਰਚ 2019 ਦਰਮਿਆਨ ਸਰਕਾਰ ਉੱਤੇ 827.4 ਮਿਲੀਅਨ ਡਾਲਰ ਦਾ ਬੋਝ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ।
ਪਰ ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਅਨੁਸਾਰ 9 ਜੁਲਾਈ ਤੱਕ ਉਹ 317,261 ਦਾਅਵੇਦਾਰਾਂ ਲਈ ਐਕਸਟਰਾ ਵੀਕਜ਼ ਆਫ ਬੈਨੇਫਿਟਜ਼ ਦੇ ਰੂਪ ਵਿੱਚ 1.31 ਬਿਲੀਅਨ ਡਾਲਰ ਖਰਚ ਚੁੱਕੇ ਹਨ। ਇਸ ਪ੍ਰੋਗਰਾਮ ਲਈ ਸੋਧੀ ਹੋਈ ਰਕਮ ਨਾਲ ਰਿਪੋਰਟ ਸਤੰਬਰ ਵਿੱਚ ਆਵੇਗੀ। ਸੋਸ਼ਲ ਡਿਵੈਲਪਮੈਂਟ ਮੰਤਰੀ ਜੀਨ ਯਵੇਸ ਡਕਲਸ ਦੇ ਬੁੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਉੱਚੀ ਲਾਗਤ ਕਾਰਨ ਹੀ ਇਸ ਨੂੰ ਮੁੜ ਸ਼ੁਰੂ ਨਹੀਂ ਕੀਤਾ ਗਿਆ ਤੇ ਇਸ ਦਾ ਮੁਲਾਂਕਣ ਵੀ ਲਾਇਆ ਜਾ ਰਿਹਾ ਹੈ ਕਿ ਰਕਮ ਵਿੱਚ ਅੰਦਾਜ਼ੇ ਨਾਲੋਂ ਐਨਾ ਵਾਧਾ ਕਿਉਂ ਹੋਇਆ।
ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁੱਝ ਲਿਬਰਲਾਂ ਦੀ ਮਾੜੀ ਆਰਥਿਕ ਨੀਤੀ ਕਾਰਨ ਹੋਇਆ ਹੈ। ਕੰਜ਼ਰਵੇਟਿਵ ਕ੍ਰਿਟਿਕ ਪਿਏਰੇ ਪੋਇਲੀਵਰ ਨੇ ਆਖਿਆ ਕਿ ਸਰਕਾਰ ਵੱਲੋਂ ਟੈਕਸਾਂ ਵਿੱਚ ਵਾਧਾ ਕੀਤੇ ਜਾਣ ਦਾ ਨਕਾਰਾਤਮਕ ਅਸਰ ਹਾਇਰਿੰਗ ਉੱਤੇ ਪਿਆ ਤੇ ਇਸ ਨਾਲ ਇੰਪਲਾਇਮੈਂਟ ਇੰਸ਼ੋਰੈਂਸ ਪ੍ਰੋਗਰਾਮਾਂ ਉੱਤੇ ਵਧੇਰੇ ਖਰਚ ਕਰਨਾ ਪਿਆ। ਸਰਕਾਰ ਨੂੰ ਇਸ ਦੀ ਥਾਂ ਪੇਅਰੋਲ ਟੈਕਸਾਂ ਵਿੱਚ ਕਟੌਤੀ ਕਰਨੀ ਚਾਹੀਦੀ ਸੀ ਤਾਂ ਕਿ ਇੰਪਲਾਇਰਜ਼ ਹੋਰ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਤੇ ਇੰਪਲਾਈਜ਼ ਨੂੰ ਆਪਣੀ ਮਿਹਨਤ ਦਾ ਮੁੱਲ ਮਿਲ ਸਕਦਾ।
ਐਨਡੀਪੀ ਜੌਬਜ਼ ਕਿਟ੍ਰਿਕ ਬ੍ਰਿਗੈੱਟ ਸੈਨਸੌਸੀ ਨੇ ਆਖਿਆ ਕਿ ਲਿਬਰਲਾਂ ਨੇ ਈਆਈ ਬੈਨੇਫਿਟਜ਼ ਦਾ ਪਸਾਰ ਕਰਕੇ ਕੋਈ ਮਾੜਾ ਕੰਮ ਨਹੀਂ ਕੀਤਾ ਪਰ ਅੰਕੜੇ ਦੱਸਦੇ ਹਨ ਕਿ ਸੰਘਰਸ਼ ਕਰ ਰਹੇ ਕੈਨੇਡੀਅਨਾਂ ਦੀ ਗਿਣਤੀ ਉਸ ਨਾਲੋਂ ਕਿਤੇ ਜਿ਼ਆਦਾ ਹੈ ਜਿਹੜੀ ਲਿਬਰਲ ਮੰਨਣ ਲਈ ਤਿਆਰ ਹਨ। ਉਨ੍ਹਾਂ ਸਰਕਾਰ ਨੂੰ ਈਆਈ ਵਿੱਚ ਸਥਾਈ ਸੁਧਾਰ ਕਰਨ ਲਈ ਆਖਿਆ।