ਇੱਕ ਹਫਤੇ ਲਈ ਯੂਰਪ ਦੇ ਦੌਰੇ ਉੱਤੇ ਜਾਣ ਦੀ ਤਿਆਰੀ ਕਰ ਰਹੇ ਹਨ ਟਰੰਪ


*ਪੁਤਿਨ ਨਾਲ ਵੀ ਕਰਨਗੇ ਮੁਲਾਕਾਤ
ਵਾਸਿੰ਼ਗਟਨ, 8 ਜੁਲਾਈ (ਪੋਸਟ ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਇੱਕ ਹਫਤੇ ਲਈ ਯੂਰਪ ਦੇ ਦੌਰੇ ਉੱਤੇ ਜਾਣ ਦੀ ਤਿਆਰੀ ਕਰ ਰਹੇ ਹਨ ਜਿੱਥੇ ਉਨ੍ਹਾਂ ਦਾ ਸਾਹਮਣਾ ਆਪਣੇ ਕਈ ਉਨ੍ਹਾਂ ਨੇੜਲੇ ਭਾਈਵਾਲਾਂ ਨਾਲ ਹੋਵੇਗਾ ਜਿਨ੍ਹਾਂ ਨਾਲ ਹੁਣ ਕੁੱਝ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ। ਫਿਰ ਟਰੰਪ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਵੀ ਮੁਲਾਕਾਤ ਕਰਨਗੇ, ਕਥਿਤ ਤੌਰ ਉੱਤੇ ਜਿਸਦੀ ਚੋਣਾਂ ਵਿੱਚ ਦਖਲਅੰਦਾਜ਼ੀ ਕਾਰਨ ਟਰੰਪ ਅੱਜ ਅਮਰੀਕਾ ਦੇ ਰਾਸ਼ਟਰਪਤੀ ਹਨ।
ਟਰੇਡ ਸਬੰਧੀ ਵਿਵਾਦ ਤੇ ਡਿਫੈਂਸ ਉੱਤੇ ਕੀਤੇ ਜਾਣ ਵਾਲੇ ਖਰਚੇ ਸਬੰਧੀ ਵਿਵਾਦ ਦਰਮਿਆਨ ਚਾਰ ਦੇਸ਼ਾਂ ਦੇ ਦੌਰੇ ਲਈ ਟਰੰਪ ਮੰਗਲਵਾਰ ਨੂੰ ਰਵਾਨਾ ਹੋਣਗੇ। ਅਜੇ ਇਹ ਵੀ ਨਹੀਂ ਪਤਾ ਕਿ ਟਰੰਪ ਪੁਤਿਨ ਨੂੰ ਤਾੜਨਾ ਕਰਨਗੇ ਜਾਂ ਉਸ ਨੂੰ ਗਲੇ ਲਾਉਣਗੇ। ਉਹ ਬੈਲਜੀਅਮ, ਇੰਗਲੈਂਡ ਤੇ ਸਕਾਟਲੈਂਡ ਰੁਕਣ ਤੋਂ ਬਾਅਦ ਆਪਣੇ ਦੌਰੇ ਦੇ ਆਖਰੀ ਪੜਾਅ ਵਿੱਚ ਰੂਸੀ ਆਗੂ ਨਾਲ ਹੈਲਸਿੰਕੀ ਵਿੱਚ ਮੁਲਾਕਾਤ ਕਰਨਗੇ।
ਟਰੰਪ ਨੇ ਦੂਜੇ ਦੇਸ਼ਾਂ ਨਾਲ ਅਮਰੀਕਾ ਦੇ ਰਵਾਇਤੀ ਸਬੰਧਾਂ ਨੂੰ ਕਦੇ ਕੋਈ ਅਹਿਮੀਅਤ ਨਹੀਂ ਦਿੱਤੀ। ਉਹ ਡਿਫੈਂਸ ਉੱਤੇ ਪੂਰਾ ਖਰਚਾ ਨਾ ਕਰਨ ਲਈ ਨਾਟੋ ਦੇਸ਼ਾਂ ਨੂੰ ਜੰਮ ਕੇ ਫਟਕਾਰ ਲਾ ਚੁੱਕੇ ਹਨ ਤੇ ਇਸੇ ਤਰ੍ਹਾਂ ਪਿਛਲੇ ਮਹੀਨੇ ਕੈਨੇਡਾ ਵਿੱਚ ਹੋਈ ਜੀ-7 ਮੁਲਕਾਂ ਦੀ ਸਿਖਰ ਵਾਰਤਾ ਵਿੱਚ ਵੀ ਉਨ੍ਹਾਂ ਆਪਣੇ ਪੱਛਮੀ ਟਰੇਡਿੰਗ ਭਾਈਵਾਲਾਂ ਨਾਲ ਕੋਈ ਬਹੁਤਾ ਚੰਗਾ ਸਲੂਕ ਨਹੀਂ ਕੀਤਾ। ਇਸ ਦੌਰੇ ਦੌਰਾਨ ਵੀ ਬਰੱਸਲਜ਼ ਵਿੱਚ ਨਾਟੋ ਆਗੂਆਂ ਨਾਲ ਮੁਲਾਕਾਤ ਕਰਨ ਮਗਰੋਂ ਉਹ ਯੂਨਾਈਟਿਡ ਕਿੰਗਡਮ ਜਾਣਗੇ ਜਿੱਥੇ ਉਨ੍ਹਾਂ ਨੂੰ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਰ ਉਹ ਵੀਕੈਂਡ ਉੱਤੇ ਸਕੌਟਿਸ਼ ਗੌਲਫ ਰਿਜ਼ਾਰਟ ਜਾਣਗੇ।