ਇੱਕ ਹਫਤੇ ਦੀ ਖੇਡ ਨਹੀਂ ਹੈ ਕੈਨੇਡੀਅਨ ਸਿਟੀਜ਼ਨਸਿ਼ੱਪ

11 Citizenship Week9 ਅਕਤੂਬਰ ਤੋਂ ਆਰੰਭ ਹੋ ਕੇ 15 ਅਕਤੂਬਰ ਤੱਕ ਦੇ ਹਫ਼ਤੇ ਨੂੰ ਕੈਨੇਡੀਅਨ ਸਿਟੀਜ਼ਨਸਿੱ਼ਪ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ। ਪਰਵਾਸੀਆਂ ਦੀ ਗੱਲ ਤਾਂ ਇੱਕ ਪਾਸੇ ਰਹੀ, ਵੱਡੀ ਗਿਣਤੀ ਵਿੱਚ ਮੁੱਖ ਧਾਰਾ ਦੇ ਕੈਨੇਡੀਅਨਾਂ ਨੂੰ ਇਸ ਤੱਥ ਦਾ ਇਲਮ ਨਹੀਂ ਹੈ ਕਿ 1 ਜਨਵਰੀ 1947 ਤੱਕ ਜੋ ਵਿਅਕਤੀ ਕੈਨੇਡਾ ਵਿੱਚ ਪੈਦਾ ਹੁੰਦੇ ਸਨ, ਉਹ ਕੈਨੇਡੀਅਨ ਸਿਟੀਜ਼ਨ ਨਹੀਂ ਸਨ ਹੁੰਦੇ। ਉਸ ਵੇਲੇ ਤੱਕ ਕੈਨੇਡਾ ਵਾਸੀ ਮਹਿਜ਼ ਬ੍ਰਿਟਿਸ਼ ਸਾਮਰਾਜ ਦੀ ਰਿਆਇਆ (British subject) ਹੁੰਦੇ ਸਨ, ਬਿਲਕੁਲ ਉਵੇਂ ਹੀ ਜਿਵੇਂ ਭਾਰਤ ਦੇ ਲੋਕ 15 ਅਗਸਤ 1947 ਤੋਂ ਪਹਿਲਾਂ ਬ੍ਰਿਟਿਸ਼ ਸਾਮਰਾਜ ਦੀ ਰਿਆਇਆ ਸਨ। ਕੈਨੇਡਾ ਦੇ ਜਿਸ ਸਿਟੀਜ਼ਨਸਿ਼ੱਪ ਸਰਟੀਫੀਕੇਟ ਨੂੰ ਹਾਸਲ ਕਰਨ ਲਈ ਅਸੀਂ ਪਰਵਾਸੀ ਲੋਕ ਅੰਤਾਂ ਦੀ ਜਦੋਜਹਿਦ ਕਰਦੇ ਹਨ, ਉਸ ਸਰਟੀਫੀਕੇਟ ਨੂੰ ਸੱਭ ਤੋਂ ਪਹਿਲਾਂ 1947 ਵਿੱਚ ਹਾਸਲ ਕਰਨ ਦਾ ਮਾਣ ਤਤਕਾਲੀ ਪ੍ਰਧਾਨ ਮੰਤਰੀ ਵਿਲੀਅਮ ਮੈਕਨਜ਼ੀ ਕਿੰਗ ਨੇ ਖੁਦ ਪ੍ਰਾਪਤ ਕੀਤਾ ਸੀ। ਸੋ ਇਸ ਪੱਖ ਤੋਂ ਵੇਖਿਆਂ ਜਾਣ ਸਕਦੇ ਹਾਂ ਕਿ ਕੈਨੇਡੀਅਨ ਸਿਟੀਜ਼ਨਸਿ਼ੱਪ ਦਾ ਪਿਛਲਾ 70 ਸਾਲਾ ਇਤਿਹਾਸ ਕਿੰਨਾ ਮਹਾਨ ਹੈ।

ਸਮਾਂ ਬਦਲਦਾ ਹੈ। ਜਿਸ ਵਿਲੀਅਮ ਮੈਕਨਜ਼ੀ ਕਿੰਗ ਨੇ ਸੱਭ ਤੋਂ ਪਹਿਲਾ ਕੈਨੇਡੀਅਨ ਸਿਟੀਜ਼ਨਸਿ਼ੱਪ ਸਰਟੀਫੀਕੇਟ ਹਾਸਲ ਕੀਤਾ ਸੀ, ਉਸਨੇ ਹੀ ਕਿਸੇ ਵੇਲੇ ਕੈਨੇਡਾ ਦੇ ਲੇਬਰ ਮਿਨਿਸਟਰ ਵਜੋਂ ਸਿੱਖਾਂ ਬਾਰੇ ਆਖਿਆ ਸੀ, “ਇਹ ਹਿੰਦੂ ਕੈਨੇਡਾ ਦੇ ਮਾਹੌਲ ਵਿੱਚ ਢੱਲਣ ਦੇ ਕਾਬਲ ਨਹੀਂ ਹੋ ਸਕਦੇ”। ਕੰਜ਼ਰਵੇਟਿਵ ਪਾਰਟੀ ਵਿੱਚ ਤਾਂ ਇਹੋ ਜਿਹੀਆਂ ਬਹੁਤ ਮਿਸਾਲਾਂ ਮਿਲ ਸਕਦੀਆਂ ਹਨ ਜਿਹਨਾਂ ਨੇ ਪਰਵਾਸੀਆਂ ਬਾਰੇ ਬੀਤੇ ਵਿੱਚ ਸਖ਼ਤ ਰੁਖ ਅਪਣਾ ਕੇ ਰੱਖਿਆ। ਅੱਜ ਜਿਸ ‘ਐਨ ਡੀ ਪੀ’ ਨੇ ਇੱਕ ਸਿੱਖ ਸਰਦਾਰ ਜਗਮੀਤ ਸਿੰਘ ਨੂੰ ਆਪਣਾ ਲੀਡਰ ਚੁਣਿਆ ਹੈ, 1900ਵਿਆਂ ਦੇ ਜ਼ਮਾਨੇ ਵਿੱਚ ਇਸ ‘ਐਨ ਡੀ ਪੀ’ ਸਾਬਕਾ ਸਵਰੂਪ  (previous avatar) ਕੋਆਪਰੇਟਿਵ ਕੌਮਨਵੈਲਥ ਫੈਡਰੇਸ਼ਨ ਵੱਲੋਂ ਭਾਰਤ ਤੋਂ ਆਏ ਸਿੱਖਾਂ ਬਾਰੇ ਪ੍ਰਚਾਰ ਜਾਂਦਾ ਸੀ ਕਿ ਇਹ ਹਿੰਦੂ ‘ਸ਼ਰਤੀਆ ਹੀ ਭੱਦੇ’ ਅਤੇ ‘ਅਫਸੋਸਪੂਰਣ ਢੰਗ ਨਾਲ ਕੈਨੇਡਾ ਵਿੱਚ ਅਜੋੜ’ ਹਨ ਭਾਵ ਕੈਨੇਡਾ ਦੇ ਮਹਿਲ ਦੀ ਖੂਬਸੂਰਤ ਖਿੜਕੀ ਵਿੱਚ ਲੱਗੀ ਗਲੀ ਦੀ ਇੱਟ ਵਰਗੇ ਹਨ। ਇਸ ਨਸਲੀ ਪੱਖਪਾਤ ਭਰੀ ਯਾਤਰਾ ਵਿੱਚੋਂ ਗੁਜ਼ਰਨ ਤੋਂ ਬਾਅਦ ਸਾਨੂੰ ਕੈਨੇਡੀਅਨ ਸਿਟੀਜ਼ਨਸਿ਼ੱਪ ਦੀ ਕਦਰ ਹੀ ਨਹੀਂ ਕਰਨੀ ਬਣਦੀ ਸਗੋਂ ਆਪਣੇ ਹੱਕਾਂ ਲਈ ਖੜਨ ਅਤੇ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੀ ਰਖਵਾਲੀ ਲਈ ਘਾਲਣਾ ਘਾਲਣ ਵਾਸਤੇ ਤਿਆਰ ਬਰ ਤਿਆਰ ਰਹਿਣ ਦਾ ਸਬੱਬ ਵੀ ਬਣਦੀ ਹੈ।
ਹੁਣ ਇਹ ਗੱਲ ਵੀ ਸੌਖਿਆਂ ਸਮਝ ਆ ਸਕਦੀ ਹੈ ਕਿ ਬੀਤੇ ਦਿਨੀਂ ਫੈਡਰਲ ਇੰਮੀਗਰੇਸ਼ਨ ਮੰਤਰੀ ਨੇ ਸਿਟੀਜ਼ਨਸਿ਼ੱਪ ਬਿੱਲ ਵਿੱਚ ਤਬਦੀਲੀਆਂ ਦੇ ਲਾਗੂ ਹੋਣ ਦੀ ਤਾਰੀਕ ਨੂੰ 11 ਅਕਤੂਬਰ ਵਜੋਂ ਕਿਉਂ ਚੁਣਿਆ ਸੀ। ਇਹ 11 ਅਕਤੂਬਰ ਹੀ ਹੋਵੇਗਾ ਜਦੋਂ ਭੱਵਿਖ ਵਿੱਚ ਲੋਕ ਜਾਨਣਗੇ ਕਿ ਅਤਿਵਾਦ, ਦੇਸ਼ ਧਰੋਹ ਵਰਗੇ ਸੰਗੀਨ ਜੁਰਮਾਂ ਦੇ ਅਪਰਾਧੀਆਂ ਦੀ ਸਿਟੀਜ਼ਨਸਿ਼ੱਪ ਨੂੰ ਖਤਮ ਨਹੀਂ ਕੀਤਾ ਜਾ ਸਕੇਗਾ। ਪਿਛਲੀ ਸਰਕਾਰ ਅਤੇ ਵਰਤਮਾਨ ਸੱਤਾਧਾਰੀ ਲਿਬਰਲ ਆਪੋ ਆਪਣੇ ਸਟੈਂਡ ਤੋਂ ਸਿਟੀਜ਼ਨਸਿ਼ੱਪ ਐਕਟ ਵਿੱਚ ਤਬਦੀਲੀਆਂ ਕਰਦੇ ਆਏ ਹਨ ਕਿਉਂਕਿ ਸਾਡੇ ਸੰਵਿਧਾਨ ਵਿੱਚ ਸਿਟੀਜ਼ਨਸਿ਼ੱਪ ਨੂੰ ਲੈ ਕੇ ਇੱਕ ਬੁਨਿਆਦੀ ਘਾਟ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਗੱਲ ਤਾਂ ਆਖੀ ਜਾਂਦੀ ਹੈ ਕਿ ਇੱਕ ਕੈਨੇਡੀਅਨ, ਕੈਨੇਡੀਅਨ ਹੈ, ਕੈਨੇਡੀਅਨ ਹੈ ਅਤੇ ਕੈਨੇਡੀਅਨ ਹੈ (A Canadian is a Canadian, is a Canadian and is a Canadian). ਪਰ ਉਹਨਾਂ ਵੱਲੋਂ ਇਹ ਨਹੀਂ ਦੱਸਿਆ ਜਾਂਦਾ ਕਿ ਕਿਸੇ ਵੀ ਕੈਨੇਡੀਅਨ ਕੋਲ ਸਿਟੀਜ਼ਨਸਿ਼ੱਪ ਦਾ ਬੁਨਿਆਦੀ ਹੱਕ ਹੀ ਮੌਜੂਦ ਨਹੀਂ ਹੈ। ਸਹੀ ਹੈ ਕਿ ਕੈਨੇਡਾ ਦਾ ਚਾਰਟਰ ਕੈਨੇਡੀਅਨ ਸਿਟੀਜ਼ਨਾਂ ਨੂੰ ਕਈ ਮੁੱਢਲੇ ਹੱਕ ਪ੍ਰਦਾਨ ਕਰਦਾ ਹੈ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਕਿਸੇ ਕੈਨੇਡੀਅਨ ਦੇ ਸਿਟੀਜ਼ਨ ਵਜੋਂ ਹੱਕਾਂ ਵਿੱਚ ਅਤੇ ਉਸਦੇ ਕੈਨੇਡਾ ਦਾ ਸਿਟੀਜ਼ਨ ਹੋਣ ਦੇ ਹੱਕ ਵਿੱਚ ਬਹੁਤ ਫ਼ਰਕ ਹੈ। 1947 ਤੋਂ ਲੱਖਾਂ ਕੈਨੇਡੀਅਨਾਂ ਦੀ ਸਿਟੀਜ਼ਨਸਿ਼ੱਪ ਖੋਹੀ ਜਾ ਚੁੱਕੀ ਹੈ। ਟਰੂਡੋ ਹੋਰਾਂ ਵੱਲੋਂ ਕੀਤੇ ਜਾਂਦੇ ਪਰਚਾਰ ਦੇ ਬਾਵਜੂਦ ਨੰਗਾ ਸੱਚ ਇਹ ਹੈ ਕਿ ਅੱਜ ਵੀ ਕਈ ਕਨੂੰਨੀ ਚੋਰ ਮੋਰੀਆਂ ਮੌਜੂਦ ਹਨ ਜਿਹਨਾਂ ਕਾਰਣ ਕਿਸੇ ਦੀ ਵੀ ਕੈਨੇਡੀਅਨ ਸਿਟੀਜ਼ਨਸਿ਼ੱਪ ਕਿਸੇ ਵੀ ਵੇਲੇ ਖੋਹੀ ਜਾ ਸਕਦੀ ਹੈ। ਚੰਗਾ ਹੋਵੇਗਾ ਕਿ ਸਿਟੀਜ਼ਨਸਿ਼ੱਪ ਨੂੰ ਨਾ ਖੋਹਿਆ ਜਾਣ ਵਾਲਾ ਹੱਕ ਬਣਾਇਆ ਜਾਵੇ ਨਾ ਕਿ ਇੱਕ ਸਿਟੀਜ਼ਨਸਿ਼ੱਪ ਵਜੋਂ ਮਿਲਣ ਵਾਲੇ ਹੱਕਾਂ ਦੀ ਗੱਲ ਨੂੰ ਪ੍ਰਚਾਰਿਆ ਜਾਵੇ।

ਕੈਨੇਡੀਅਨ ਸਿਟੀਜ਼ਨਸਿ਼ੱਪ ਬਾਰੇ ਇੱਕ ਨੁਕਤਾ ਹੋਰ। ਸਿਟੀਜ਼ਨਸਿ਼ੱਪ ਇੱਕ ਸਰਟੀਫੀਕੇਟ ਜਾਂ ਕਾਗਜ਼ ਦਾ ਟੁਕੜਾ ਨਹੀਂ ਹੈ ਸਗੋਂ ਆਪਣੇ ਮੁਲਕ ਨਾਲ ਅਪਣੱਤ ਦੀ ਭਾਵਨਾ ਹੈ। ਉਹ ਭਾਵਨਾ ਜੋ ਕਿਸੇ ਅਮੀਰ ਮੁਲਕ ਨਾਲ ਜੁੜਾਵ ਵਿੱਚੋਂ ਨਹੀਂ ਸਗੋਂ ਮਿੱਟੀ ਦੇ ਪੁੱਤਰ/ਪੁੱਤਰੀਆਂ ਬਣਨ ਦੁਆਰਾ ਹੀ ਪੈਦਾ ਕੀਤੀ ਜਾ ਸਕਦੀ ਹੈ। ਇਹ ਹਫ਼ਤਾ ਉਹਨਾਂ ਜੁੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਵਾਲਾ ਵੀ ਬਣਨਾ ਚਾਹੀਦਾ ਹੈ ਜੋ ਸਿਆਸੀ ਅਤੇ ਸਮਾਜਿਕ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਇੱਕ ਕੈਨੇਡੀਅਨ ਵਜੋਂ ਨਿਭਾਉਣ ਦਾ ਫਰਜ਼ ਸਾਡੇ ਉੱਤੇ ਲਾਗੂ ਕਰਦੀਆਂ ਹਨ। ਇਹ ਹਫ਼ਤਾ ਉਹਨਾਂ ਭੱਦਰਪੁਰਸ਼ਾਂ ਲਈ ਚੇਤਾਵਨੀ ਭਰਿਆ ਵੀ ਹੋਣਾ ਚਾਹੀਦਾ ਹੈ ਜੋ ਕੈਨੇਡਾ ਦੀ ਸਿਟੀਜ਼ਨਸਿ਼ੱਪ ਹਾਸਲ ਕਰਨ ਦੇ ਬਾਵਜੂਦ ਖੁਦ ਨੂੰ ਪਿਛਲੇ ਮੁਲਕ ਦਾ ਬਾਸਿ਼ੰਦਾ ਹੀ ਮੰਨਦੇ ਚਲੇ ਜਾਂਦੇ ਹਨ। ਕੈਨੇਡੀਅਨ ਸਿਟੀਜ਼ਨਸਿ਼ੱਪ ਪੇਕੇ ਮੁਲਕ ਨੂੰ ਦਰਗੁਜ਼ਰ ਕਰਨ ਜਾਂ ਉਸਦੇ ਅਮੀਰ ਵਿਰਸੇ ਨਾਲੋਂ ਨਾਤਾ ਤੋੜਨ ਵਾਲਾ ਕਰਮ ਨਹੀਂ ਹੈ ਸਗੋਂ ਉਸ ਸੱਭ ਕੁੱਝ ਦੀ ਕਦਰ ਕਰਦੇ ਹੋਏ ਆਪਣੇ ਵਰਤਮਾਨ ਮੁਲਕ ਦਾ ਹਿੱਤ ਹਿਰਦਿਆਂ ਵਿੱਚ ਧਾਰਨ ਦਾ ਫਰਜ਼ ਹੈ।