ਇੱਕ ਵਿਚਾਰ ਇਹ ਵੀ: ਹਾਰ ਤੋਂ ਸਬਕ ਸਿੱਖਣ ਦੇ ਰੌਂਅ ਵਿੱਚ ਨਹੀਂ ਅਕਾਲੀ ਦਲ

supreme court

-ਮਨਜਿੰਦਰ ਸਿੰਘ ਸਰੌਦ
ਪੰਜਾਬ ਵਿਧਾਨ ਸਭਾ ਚੋਣਾਂ ਨੇ ਕਾਫੀ ਕੁਝ ਬਦਲ ਦਿੱਤਾ ਹੈ। ਜਿਹੜੀਆਂ ਪ੍ਰਸਥਿਤੀਆਂ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ, ਉਨ੍ਹਾਂ ਨੂੰ ਬੂਰ ਪਿਆ ਅਤੇ ਜਿਨ੍ਹਾਂ ਨੇ ਪੰਜਾਬ ਦੀ ਰਾਜਸੱਤਾ ‘ਤੇ ਕਾਬਜ਼ ਹੋਣ ਦੀ ਰਣਨੀਤੀ ‘ਤੇ ਚੱਲਦਿਆਂ ਅੰਦਰੋਂ-ਅੰਦਰੀਂ ਵਜ਼ੀਰੀਆਂ ਵੀ ਵੰਡ ਲਈਆਂ ਸਨ, ਉਨ੍ਹਾਂ ਦੀ ਗੱਡੀ ਪਟੜੀ ਤੋਂ ਉਤਰ ਗਈ। ਸ਼੍ਰੋਮਣੀ ਅਕਾਲੀ ਦਲ ਇੱਕ ਇਤਿਹਾਸਕ ਹਾਰ ਹਾਰਿਆ ਹੈ, ਜਿਸ ਦਾ ਕਿਆਸ ਅਕਾਲੀ ਆਗੂਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਕੀਤਾ ਹੋਣਾ। ਜਿਸ ਪਾਰਟੀ ਨੂੰ ਅਕਾਲੀ ਦਲ ਦਾ ਪ੍ਰਧਾਨ ‘ਭਈਆਂ’ ਤੇ ‘ਟੋਪੀ ਵਾਲਿਆਂ ਦੀ ਪਾਰਟੀ’ ਆਖ ਕੇ ਕੋਸਦਾ ਸੀ, ਜਿਸ ਦੇ ਨੇਤਾਵਾਂ ਨੂੰ ਸ਼ਰਾਬੀ ਕਹਿ ਕੇ ਮੁਲਜ਼ਮਾਂ ਵਾਂਗ ਵਰਤਾਓ ਕੀਤਾ ਸੀ, ਉਸ ਪਾਰਟੀ ਨੇ ਜਦੋਂ ਚੋਣਾਂ ਵਿੱਚ ਅਕਾਲੀ ਦਲ ਨੂੰ ਔਕਾਤ ਯਾਦ ਕਰਵਾ ਦਿੱਤੀ ਤਾਂ ਸੋਚਣਾ ਬਣਦਾ ਹੈ ਕਿ ਗਲਤ ਕੌਣ ਹੈ?
‘ਆਪ’ ਪਾਰਟੀ ਨੇ ਲੰਘੀਆਂ ਚੋਣਾਂ ਵਿੱਚ 22 ਵਿਧਾਇਕਾਂ ਨਾਲ ਖਾਤਾ ਖੋਲ੍ਹਿਆ ਅਤੇ ਸਿੱਖਾਂ ਦੀ ਸੰਘਰਸ਼ ਵਿੱਚੋਂ ਪੈਦਾ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਲਾ-ਪਾ ਕੇ ਸਵਾ ਦਰਜਨ ਸੀਟਾਂ ਮਸਾਂ ਜਿੱਤੀਆਂ। ਜਿਨ੍ਹਾਂ ਦਸ ਸਾਲ ਰਾਜ ਕੀਤਾ ਹੁੰਦਾ ਹੈ, ਉਨ੍ਹਾਂ ਦਾ ਵਿਰੋਧ ਜ਼ਰੂਰ ਹੁੰਦਾ ਹੈ, ਪਰ ਇੰਨਾ ਨਹੀਂ ਕਿ ਮਗਰਲੇ ਪਾਸਿਓਂ ਪਹਿਲਾ ਨੰਬਰ ਸ਼ੁਰੂ ਹੋ ਜਾਵੇ। ਜਿਨ੍ਹਾਂ ਸੀਟਾਂ ਨੂੰ ਵਿਧਾਨ ਸਭਾ ਵਿੱਚ ਅਕਾਲੀ ਦਲ ਨੇ ਮੱਲਣਾ ਸੀ, ਉਨ੍ਹਾਂ ‘ਤੇ ਝਾੜੂ ਵਾਲਿਆਂ ਨੇ ਕਬਜ਼ਾ ਕਰ ਲਿਆ, ਫਿਰ ਮਾੜਾ ਕੌਣ ਹੋਇਆ? ਸਿੱਖਾਂ ਦੀ ਆਪਣੀ ਪਾਰਟੀ ਕਿ ਬੇਗਾਨਿਆਂ ਦੀ ਪਾਰਟੀ? ਅਕਾਲੀ ਲੀਡਰਾਂ ਨੇ ਆਪਹੁਦਰੀਆਂ ਗੱਲਾਂ ਨਾਲ ਪਾਰਟੀ ਦੀ ਹਾਲਤ ਖਰਾਬ ਕਰ ਦਿੱਤੀ। ਸਿੱਖ ਸਿਧਾਂਤਾਂ ਦਾ ਨਾਸ ਕਰ ਕੇ ਇਕ ਤੋਂ ਬਾਅਦ ਇਕ ਗਲਤੀਆਂ ਕਰ ਕੇ ਜਨਤਾ ਨੂੰ ਮਜਬੂਰ ਕਰ ਦਿੱਤਾ ਕਿ ਸਾਨੂੰ ਵੋਟ ਪਾਉਣ ਦੀ ਲੋੜ ਨਹੀਂ। ਟਕਸਾਲੀਆਂ ਨੂੰ ਰੋਲਣ ਤੋਂ ਇਲਾਵਾ ਪੈਸੇ ਦੀ ਗੇਮ ‘ਤੇ ਸਾਰਾ ਜ਼ੋਰ ਲਾ ਕੇ ਚੋਣਾਂ ਜਿੱਤਣ ਦੀ ਕੋਸਿ਼ਸ਼ ਸ਼ੁਰੂ ਕਰ ਦਿੱਤੀ। ਇਹ ਪੈਸੇ ਵਾਲਾ ਸਿਸਟਮ ਇਕ ਅੱਧੀ ਵਾਰ ਕਾਮਯਾਬ ਬੇਸ਼ੱਕ ਹੋ ਜਾਵੇ, ਪਰ ਵਾਰ-ਵਾਰ ਨਹੀਂ।
ਪੰਥਕ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਪੰਜਾਬੀ ਪਾਰਟੀ ਵਾਲਾ ਮੁਖੌਟਾ ਅਕਾਲੀ ਦਲ ਨੇ ਭਾਵੇਂ ਕਾਫੀ ਦੇਰ ਪਹਿਲਾਂ ਪਾ ਲਿਆ ਗਿਆ ਸੀ, ਪਰ ਹੁਣ ਹੱਦ ਹੀ ਕਰ ਦਿੱਤੀ। ਸਮੇਂ-ਸਮੇਂ ਸਿੱਖ ਸਿਧਾਂਤਾਂ ਨੂੰ ਭਾਰੀ ਸੱਟ ਮਾਰੀ ਗਈ। ਪੁਲਸ ਨੂੰ ਖੁੱਲ੍ਹ ਦਿੱਤੀ ਗਈ। ਟਕਸਾਲੀ ਅਕਾਲੀਆਂ ਨੂੰ ਬੇਇੱਜ਼ਤ ਕਰਕੇ ਪਾਰਟੀ ਤੋਂ ਬਾਹਰ ਕੀਤਾ ਗਿਆ। ਠੀਕ ਹੈ ਕਿ ਪਿਛਲੀ ਸਰਕਾਰ ਸਮੇਂ ਕਾਫੀ ਖੇਤਰਾਂ ਦਾ ਵਿਕਾਸ ਹੋਇਆ ਹੈ, ਪਰ ਓਦਂ ਵੱਧ ਧਰਮ ਤੇ ਨੌਜਵਾਨੀ ਦਾ ਵਿਨਾਸ਼ ਹੋਇਆ। ਗੁਰਬਾਣੀ ਪੜ੍ਹਦੇ ਸਿੱਖਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾਈਆਂ, ਪੱਗਾਂ ਚੌਕਾਂ ਵਿੱਚ ਰੋਲੀਆਂ ਗਈਆਂ, ਪਰ ਹਾਕਮ ਚੁੱਪ ਰਹੇ। ਕੀ ਅਜਿਹੇ ਕਾਰਨਾਮੇ ਕੋਈ ਪੰਥਕ ਸਰਕਾਰ ਕਰ ਸਕਦੀ ਹੈ?
ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਬਦਲਿਆ ਗਿਆ। ਇਕ ਜਥੇਦਾਰ ਦੀ ਜਗ੍ਹਾ ਦੂਜਾ ਆਉਂਦਾ ਤੇ ਉਸ ਤੋਂ ਵੀ ਵਧ ਕੇ ਕਿਸੇ ਵੱਡੇ ਘਰ ਦੀ ਜੀ-ਹਜ਼ੂਰੀ ਕਰਦਾ ਰਿਹਾ। ਖੈਰ ਇਹ ਸਰਕਾਰ ਸਮੇਂ ਦੀ ਵਿਥਿਆ ਸੀ। ਹੁਣ ਅਕਾਲੀ ਦਲ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਨ ਪਿੱਛੋਂ ਵੀ ਪਿਛਲੀਆਂ ਗਲਤੀਆਂ ਦੁਹਰਾਉਂਦਾ ਨਜ਼ਰ ਆ ਰਿਹਾ ਹੈ। ਸ਼ਾਇਦ ਅਕਾਲੀ ਦਲ ਦੇ ਪ੍ਰਧਾਨ ਨੂੰ ਅਜੇ ਵੀ ਇਹ ਯਕੀਨ ਨਹੀਂ ਕਿ ਉਹ ਹੁਣ ਪੰਜਾਬ ਦਾ ਹਾਕਮ ਨਹੀਂ। ਵੱਡੇ-ਵੱਡੇ ਬਿਆਨ, ਉਹੀ ਵੱਡੀਆਂ-ਵੱਡੀਆਂ ਗੱਲਾਂ, ਪਤਾ ਨਹੀਂ ਕਿਉਂ ਧਰਤੀ ‘ਤੇ ਆਉਣਾ ਨਹੀਂ ਚਾਹੰੁਦਾ ਜਾਂ ਉਸ ਦੇ ਆਲੇ ਦੁਆਲੇ ਅਜਿਹੇ ਲੋਕਾਂ ਦਾ ਘੇਰਾ ਹੈ, ਜਿਹੜੇ ਉਸ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਕਿ ਸਮਾਂ ਬਦਲ ਚੁੱਕਾ ਹੈ।
ਵਰਕਰਾਂ ਨੂੰ ਪਿਆਰ ਭਰੀ ਹਮਦਰਦੀ ਦੀ ਲੋੜ ਹੈ, ਵੱਡੀਆਂ ਗੱਲਾਂ ਦੀ ਨਹੀਂ। ਡੇਰਾ ਸਿਰਸਾ ਮਾਮਲੇ ਵਿੱਚ ਕੌਮ ਦਾ ਬੜਾ ਨੁਕਸਾਨ ਹੋਇਆ, ਪਰ ਜੋ ਦਿਲ ਦੀ ਹਾਲਤ ਬੀਤੇ ਦਿਨੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਅਖਬਾਰਾਂ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ, ਉਸ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਵਿੱਚੋਂ ਕਹਾਣੀ ਕੁਝ ਹੋਰ ਸੀ। ਇਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨੇ ਉਪਰੋਂ ਆਈ ਤਾਕਤ ਮੰਨ ਲਈ ਤੇ ਗਿਆਨੀ ਗੁਰਮੁੱਖ ਸਿੰਘ ਨੂੰ ਜਥੇਦਾਰੀ ਤੋਂ ਫਾਰਗ ਕਰਕੇ ਨਵਾਂ ਜਥੇਦਾਰ ਲਾ ਦਿੱਤਾ। ਇਹੀ ਕੁਝ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆਇਆ ਹੈ। ਵਫਾਦਾਰੀਆਂ ਬਦਲੀਆਂ ਤਾਂ ਜਥੇਦਾਰੀਆਂ ਵੀ ਗਈਆਂ।
ਆਖਰ ਕਦੋਂ ਤੱਕ ਕੌਮ ਦੇ ਜੜ੍ਹੀਂ ਤੇਲ ਦਿੰਦੇ ਰਹੋਗੇ। ਅਸੀਂ ਪਹਿਲਾਂ ਹੀ ਬਹੁਤ ਨੁਕਸਾਨ ਕਰਵਾ ਲਿਆ। ਖੁਦਕੁਸ਼ੀਆਂ ਤੇ ਗਰੀਬੀ ਦੀ ਝੰਬੀ ਕੌਮ ਨੂੰ ਪਹਿਲਾਂ ਹੀ ਕੋਈ ਰਾਹ ਨਹੀਂ ਦਿੱਸ ਰਿਹਾ। ਉਪਰੋਂ ਸਿੱਖ ਆਗੂਆਂ ਦੀ ਖੁਦਗਰਜ਼ੀ ਨੇ ਮਾਰ ਲਿਆ। ਕਾਂਗਰਸ ਦਾ ਇਕ ਧੜਾ ਇਥੋਂ ਤੱਕ ਸੋਚ ਕੇ ਚੱਲ ਰਿਹਾ ਹੈ ਕਿ ਕਿਵੇਂ ਅਕਾਲੀ ਦਲ ਨੂੰ ਆਉਦੇ ਸਮੇਂ ਵਿੱਚ ਸਿੱਖਾਂ ਤੇ ਸੱਤਾ ਤੋਂ ਦੂਰ ਰੱਖਿਆ ਜਾਵੇ। ਸ਼ਾਇਦ ਇਸ ਦੇ ਚੱਲਦਿਆਂ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਹਾਰ ਦਾ ਅਹਿਸਾਸ ਨਹੀਂ ਹੋਣ ਦੇ ਰਹੇ। ਉਸ ਦੀਆਂ ਸਭ ਸਹੂਲਤਾਂ ਕਾਇਮ ਰੱਖੀਆਂ ਹਨ। ਹੁਕਮ ਚੱਲਦਾ ਅਤੇ ਰੋਅਬ ਕਾਇਮ ਹੈ। ਉਸ ਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਉਹ ਸਰਕਾਰ ਤੋਂ ਬਾਹਰ ਹੈ। ਜੇ ਅਕਾਲੀ ਆਗੂਆਂ ਨੂੰ ਇਹ ਮਹਿਸੂਸ ਹੋ ਗਿਆ ਤਾਂ ਵਰਕਰਾਂ ਵਿੱਚ ਜਾਣਗੇ ਤੇ ਨਵੀਂ ਲਹਿਰ ਪੈਦਾ ਹੋਵੇਗੀ। ਇਸ ਲਈ ਇਸ ਕੰਮ ਵਿੱਚ ਇਹ ਧੜਾ ਕਾਮਯਾਬ ਵੀ ਹੋ ਰਿਹਾ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਦਾ ਰਵੱਈਆ ਦੇਖ ਕੇ ਇਹ ਸੱਚ ਨਜ਼ਰ ਵੀ ਆਉਂਦਾ ਹੈ।
ਚੰਗਾ ਹੋਵੇ ਜੇ ਅਸਮਾਨ ਤੋਂ ਥੱਲੇ ਉਤਰ ਕੇ ਆਗੂਆਂ ਵੱਲੋਂ ਪਾਰਟੀ ਵਰਕਰਾਂ ਦੀ ਸਾਰ ਲਈ ਜਾਵੇ ਅਤੇ ਪਾਰਟੀ ਨੂੰ ਪੰਥਕ ਸੇਵਾਵਾਂ ਦੇਣ ਵਾਲੇ ਆਗੂਆਂ ਦੀ ਪੁੱਛ ਪੜਤਾਲ ਹੋਵੇ। ਗੁਰਧਾਮਾਂ ਤੋ ਕੁੰਡਾ ਹਟਾ ਕੇ ਆਜ਼ਾਦਾਨਾ ਤੌਰ ‘ਤੇ ਵਿਚਰਨ ਦੀ ਪਿਰਤ ਪਾਈ ਜਾਵੇ। ਇਹ ਗੱਲ ਨਹੀਂ ਕਿ ਪੰਥ ਅੰਦਰ ਸਿੱਖੀ ਨੂੰ ਪਰਣਾਈਆਂ ਹੋਈਆਂ ਸ਼ਖਸੀਅਤਾਂ ਦੀ ਘਾਟ ਹੈ, ਲੋੜ ਹੈ ਉਨ੍ਹਾਂ ਨੂੰ ਪਛਾਨਣ ਦੀ। ਅਕਾਲੀ ਦਲ ਕੋਲ ਸੁਖਦੇਵ ਸਿੰਘ ਢੀਂਡਸਾ ਵਰਗੀ ਸ਼ਖਸੀਅਤ ਤੇ ਰੌਸ਼ਨ ਦਿਮਾਗ ਆਗੂ ਮੌਜੂਦ ਹਨ, ਉਨ੍ਹਾਂ ਦੀਆਂ ਸੇਵਾਵਾਂ ਪਾਰਟੀ ਨੂੰ ਲਾਹੇਵੰਦ ਹੋਣਗੀਆਂ। ਧਾਰਮਿਕ ਖੇਤਰ ਵਿੱਚ ਕਰਨੈਲ ਸਿੰਘ ਪੰਜੋਲੀ ਤੇ ਸੁਖਦੇਵ ਸਿੰਘ ਭੌਰ ਵਰਗੇ ਆਗੂਆਂ ਨੂੰ ਮੌਕਾ ਦੇਣਾ ਬਣਦਾ ਹੈ। ਨੌਜਵਾਨਾਂ ਦੇ ਜਜ਼ਬੇ ਨੂੰ ਧਰਮ ਦੇ ਖੇਤਰ ਵਿੱਚ ਵਰਤਿਆ ਜਾਵੇ, ਨਾ ਕਿ ਸਿਆਸੀ ਤੇ ਨਸ਼ੇ ਵਰਗੀਆਂ ਅਲਾਮਤਾਂ ਵਿੱਚ ਖੁਆਰ ਕੀਤਾ ਜਾਵੇ।