ਇੱਕ ਵਾਰੀ ਫਿਰ ਸਮੇਂ ਉੱਤੇ ਟੀਟੀਸੀ ਦਾ ਪੂਰਾ ਆਰਡਰ ਤਿਆਰ ਨਹੀਂ ਕਰ ਸਕੀ ਬੰਬਾਰਡੀਅਰ

3
ਮਾਂਟਰੀਅਲ, 12 ਅਕਤੂਬਰ (ਪੋਸਟ ਬਿਊਰੋ) : ਸਾਲ ਦੇ ਅੰਤ ਤੱਕ ਟੀਟੀਸੀ ਦਾ ਸਟਰੀਟਕਾਰ ਵਾਲਾ ਆਰਡਰ ਇਸ ਵਾਰੀ ਵੀ ਬੰਬਾਰਡੀਅਰ ਪੂਰਾ ਨਹੀਂ ਕਰ ਪਾਵੇਗੀ। ਅਜੇ ਵੀ 40 ਸਟਰੀਟ ਕਾਰਾਂ ਦੇ ਇਸ ਆਰਡਰ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਪੰਜ ਕਾਰਾਂ ਕੰਪਨੀ ਘੱਟ ਤਿਆਰ ਕਰ ਸਕੀ ਹੈ।
ਵੀਰਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਮਾਂਟਰੀਅਲ ਸਥਿਤ ਰੇਲ ਉਤਪਾਦਕ ਕੰਪਨੀ ਨੇ ਆਖਿਆ ਕਿ ਉਹ 2017 ਵਿੱਚ 35 ਸਟਰੀਟ ਕਾਰਾਂ ਦੀ ਸਪਲਾਈ ਹੀ ਕਰੇਗੀ। ਜਦਕਿ ਜਦੋਂ ਆਰਡਰ ਦਿੱਤਾ ਗਿਆ ਸੀ ਤਾਂ ਕੰਪਨੀ ਨੇ 65 ਕਾਰਾਂ ਇਸ ਸਾਲ ਬਣਾ ਕੇ ਦੇਣ ਦਾ ਕਰਾਰ ਕੀਤਾ ਸੀ। ਕੰਪਨੀ ਨੇ ਇਸ ਦੇਰੀ ਲਈ ਸਪਲਾਈ ਚੇਨ ਵੱਲੋਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਦਿੱਕਤਾਂ ਨੂੰ ਜਿ਼ੰਮੇਵਾਰ ਦੱਸਿਆ ਹੈ।
ਬੰਬਾਰਡੀਅਰ ਦੇ ਬੁਲਾਰੇ ਐਰਿਕ ਪਰੁਡਹੋਮ ਨੇ ਆਖਿਆ ਕਿ ਅਸੀਂ ਇਹ ਨਤੀਜੇ ਹਾਸਲ ਕਰਨ ਲਈ ਕੰਮ ਨਹੀਂ ਸੀ ਕਰ ਰਹੇ ਤੇ ਨਾ ਹੀ ਆਪਣੇ ਤੇ ਟੋਰਾਂਟੋ ਦੇ ਲੋਕਾਂ ਲਈ ਅਸੀਂ ਇਹੋ ਜਿਹੇ ਨਤੀਜਿਆਂ ਤੋਂ ਖੁਸ ਹਾਂ। ਉਨ੍ਹਾਂ ਆਖਿਆ ਕਿ ਇਸ ਚੁਣੌਤੀ ਦੀ ਸਾਰੀ ਜਿੰਮੇਵਾਰੀ ਅਸੀਂ ਲੈਂਦੇ ਹਾਂ ਤੇ ਅਸੀਂ ਇਸ ਤਰ੍ਹਾਂ ਦੀ ਦੇਰ ਖਤਮ ਕਰਨ ਲਈ ਅਸੀਂ ਹਰ ਹੀਲਾ ਵਰਤਾਂਗੇ। ਕੰਪਨੀ ਨੇ ਆਖਿਆ ਕਿ ਉਸ ਵੱਲੋਂ ਉਤਪਾਦਾਂ ਵਿੱਚ ਸੁਧਾਰ ਲਈ ਸਖਤ ਮਾਪਦੰਡ ਚੁੱਕਾਂਗੇ।
ਕੰਪਨੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਉਹ ਜਲਦ ਹੀ ਆਪਣੇ ਵਹੀਕਲਜ ਦੀ ਫਾਈਨਲ ਅਸੈਂਬਲੀ ਲਈ ਦੂਜੀ ਸਾਈਟ ਵੀ ਖੋਲ੍ਹਣ ਜਾ ਰਹੀ ਹੈ। ਇਸ ਸਮੇਂ ਇਹ ਅਸੈਂਬਲੀ ਥੰਡਰ ਬੇਅ, ਓਨਟਾਰੀਓ ਦੇ ਪਲਾਂਟ ਵਿੱਚ ਤਿਆਰ ਤੇ ਅਸੈਂਬਲ ਕੀਤੇ ਜਾਂਦੇ ਹਨ। ਕੰਪਨੀ ਨੇ ਆਖਿਆ ਕਿ ਉਹ ਵਾਧੂ ਸਪਲਾਇਰਜ ਤੋਂ ਵੀ ਮਦਦ ਲਵੇਗੀ ਤੇ ਆਪਣੀ ਸਮਰੱਥਾ ਵਧਾਉਣ ਲਈ ਮੌਜੂਦਾ ਕਾਂਟਰੈਕਟਰਜ ਨਾਲ ਵੀ ਰਲ ਕੇ ਕੰਮ ਕਰੇਗੀ।
ਇੱਕ ਸਾਂਝੇ ਬਿਆਨ ਵਿੱਚ ਬਾਇਫੋਰਡ ਤੇ ਟੀਟੀਸੀ ਬੋਰਡ ਦੇ ਚੇਅਰ ਜੋਸ ਕੋਲੇ ਨੇ ਬੰਬਾਰਡੀਅਰ ਦੀਆਂ 35 ਕਾਰਾਂ ਦੇ ਅੰਦਾਜੇ ਨੂੰ ਸਵੀਕਾਰ ਕਰ ਲਿਆ ਹੈ। ਪਰ ਉਨ੍ਹਾਂ ਆਖਿਆ ਹੈ ਕਿ ਬੰਬਾਰਡੀਅਰ ਵੱਲੋਂ ਸਮਾਂ ਸੀਮਾਂ ਤੱਕ ਤੈਅਸੁਦਾ ਕਾਰਾਂ ਦੀ ਖੇਪ ਨਾ ਦੇਣ ਕਾਰਨ ਉਹ ਕਾਫੀ ਨਿਰਾਸ ਤੇ ਪਰੇਸਾਨ ਹਨ। ਬਿਆਨ ਵਿੱਚ ਆਖਿਆ ਗਿਆ ਕਿ ਹੁਣ ਤੱਕ 146 ਸਟਰੀਟਕਾਰਾਂ ਸਰਵਿਸ ਦੇ ਰਹੀਆਂ ਹੋਣੀਆਂ ਚਾਹੀਦੀਆਂ ਸਨ ਜਦਕਿ ਇਸ ਦੀ ਥਾਂ ਉੱਤੇ ਸਿਰਫ 45 ਸਟਰੀਟ ਕਾਰਾਂ ਹੀ ਹਨ। ਇਹ ਸਵੀਕਾਰਯੋਗ ਨਹੀਂ ਹੈ।