ਇੱਕ ਯੋਧੇ ਆਈ ਏ ਐੱਸ ਦੀ ਪ੍ਰੇਰਨਾ ਭਰੀ ਜ਼ਿੰਦਗੀ


-ਵਿਨੀਤ ਨਾਰਾਇਣ
ਬ੍ਰਜ ਪਰਿਕਰਮਾ ਦੇ ਵਿਕਾਸ ਲਈ ਸਲਾਹ ਦੇਣ ਦੇ ਸਿਲਸਿਲੇ ਵਿੱਚ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਡੀ ਸੀ (ਡਿਪਟੀ ਕਮਿਸ਼ਨਰ) ਮਨੀਰਾਮ ਸ਼ਰਮਾ ਨਾਲ ਹੋਈ ਮੁਲਾਕਾਤ ਜ਼ਿੰਦਗੀ ਭਰ ਯਾਦ ਰਹੇਗੀ। ਆਪਣੇ ਚਾਰ ਦਹਾਕਿਆਂ ਦੇ ਜਨਤਕ ਜੀਵਨ ਵਿੱਚ ਲੱਖਾਂ ਲੋਕਾਂ ਨਾਲ ਵਿਸ਼ਵ ਭਰ ਵਿੱਚ ਜਾਣ-ਪਛਾਣ ਹੋਈ, ਪਰ ਮਨੀਰਾਮ ਸ਼ਰਮਾ ਵਰਗਾ ਯੋਧਾ ਇੱਕ ਵੀ ਨਹੀਂ ਮਿਲਿਆ। ਉਹ ਪੱਛੜੇ ਪਿੰਡ ਦੇ ਅਤਿਅੰਤ ਗਰੀਬ, ਅਨਪੜ੍ਹ, ਮਜ਼ਦੂਰ ਮਾਤਾ-ਪਿਤਾ ਦੀ ਗੂੰਗੀ-ਬੋਲ਼ੀ ਸੰਤਾਨ ਹੈ, ਫਿਰ ਵੀ ਪੜ੍ਹਾਈ ਵਿੱਚ ਲਗਾਤਾਰ 10 ਸਰਵ ਸ੍ਰੇਸ਼ਟ ਵਿਦਿਆਰਥੀਆਂ ਵਿੱਚ ਆਉਣ ਵਾਲੇ ਮਨੀਰਾਮ ਨੇ ਤਿੰਨ ਵਾਰ ਆਈ ਏ ਐੱਸ ਦੀ ਪ੍ਰੀਖਿਆ ਪੂਰੀ ਪਾਸ ਕੀਤੀ। ਇਸ ਦੇ ਬਾਵਜੂਦ ਭਾਰਤ ਸਰਕਾਰ ਉਸ ਦੇ ਦਿਵਿਆਂਗ ਹੋਣ ਦਾ ਹਵਾਲਾ ਦੇ ਕੇ ਉਸ ਨੂੰ ਨੌਕਰੀ ਉੱਤੇ ਲੈਣ ਲਈ ਤਿਆਰ ਨਹੀਂ ਸੀ। ਭਲਾ ਹੋਵੇ ਟਾਈਮਜ਼ ਆਫ ਇੰਡੀਆ ਦੀ ਪੱਤਰਕਾਰ ਰਮਾ ਨਾਗਰਾਜਨ ਦਾ, ਜਿਸ ਨੇ ਜਨੂੰਨ ਦੀ ਹੱਦ ਤੱਕ ਜਾ ਕੇ ਮਨੀਰਾਮ ਦੇ ਹੱਕ ਲਈ ਇੱਕ ਲੰਬੀ ਲੜਾਈ ਲੜੀ। ਇੰਡੀਆ ਗੇਟ ‘ਤੇ ਹਜ਼ਾਰਾਂ ਲੋਕਾਂ ਨਾਲ ‘ਕੈਂਡਲ ਮਾਰਚ’ ਕੀਤੇ। ਰਮਾ ਦਾ ਕਹਿਣਾ ਸੀ ਕਿ ‘ਗੰੂਗਾ-ਬੋਲ਼ੀ’ ਮਨੀਰਾਮ ਨਹੀਂ, ‘ਗੂੰਗੀ-ਬੋਲ਼ੀ’ ਸਰਕਾਰ ਹੈ। ਆਖਿਰ ਸੰਘਰਸ਼ ਸਫਲ ਹੋਇਆ ਤੇ ਮਨੀਰਾਮ ਸ਼ਰਮਾ ਨੂੰ ਮਣੀਪੁਰ ਕਾਡਰ ਅਲਾਟ ਹੋਇਆ।
ਮੈਂ ਜਦੋਂ ਰਮਾ ਨਾਗਰਾਜਨ ਨੂੰ ਇਸ ਸਮਰਪਿਤ ਪੱਤਰਕਾਰਿਤਾ ਲਈ ਵਧਾਈ ਦਿੱਤੀ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਕੁਝ ਨਹੀਂ ਕੀਤਾ, ਸਭ ਕੁਝ ਮਨੀਰਾਮ ਦੀ ਹਿੰਮਤ, ਮਜ਼ਬੂਤ ਇਰਾਦੇ ਤੇ ਪ੍ਰਬਲ ਇੱਛਾ ਸ਼ਕਤੀ ਕਾਰਨ ਹੋਇਆ। ਅਸਲ ਵਿੱਚ ਮਨੀਰਾਮ ਦੇ ਸੰਘਰਸ਼ ਦੀ ਕਹਾਣੀ ਜਿੱਥੇ ਇੱਕ ਪਾਸੇ ਪੱਥਰ ਦਿਲ ਇਨਸਾਨ ਨੂੰ ਪਿਘਲਾ ਦਿੰਦੀ ਹੈ, ਉਥੇ ਇਸ ਦੇਸ਼ ਦੇ ਹਰ ਸੰਘਰਸ਼ਰਸ਼ੀਲ ਵਿਅਕਤੀ ਨੂੰ ਜੀਵਨ ‘ਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ।
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਬੰਦਨਗੜ੍ਹੀ ਵਿੱਚ 1975 ਵਿੱਚ ਜਿੱਥੇ ਮਨੀਰਾਮ ਦਾ ਜਨਮ ਹੋਇਆ, ਉਥੇ ਕੋਈ ਸਕੂਲ ਨਹੀਂ ਸੀ। ਸਿਰਫ ਪਿੰਡ ਦੇ ਮੰਦਰ ਵਿੱਚ ਕੁਝ ਹਿੰਦੀ ਧਰਮ ਗ੍ਰੰਥ ਰੱਖੇ ਸਨ। ਇਸ ਤਰ੍ਹਾਂ ਰਾਮਚਰਿਤ ਮਾਨਸ ਤੇ ਸ਼੍ਰੀਮਦ ਭਗਵਦ ਨੂੰ ਮਨੀਰਾਮ ਨੇ ਦਰਜਨਾਂ ਵਾਰ ਪੜ੍ਹਿਆ। ਇਹ ਵੀ ਇਸ ਗੂੰਗੇ-ਬੋਲ਼ੇ ਬੱਚੇ ਨੂੰ ਪਿਤਾ ਦੀ ਕੁੱਟ ਤੋਂ ਬਚ ਕੇ ਕਰਨਾ ਪੈਂਦਾ ਸੀ, ਜੋ ਉਸ ਨੂੰ ਭੇਡਾਂ ਚਰਾਉਣ ਲਈ ਕਹਿੰਦਾ ਸੀ। ਬਦਕਿਸਮਤੀ ਨਾਲ ਬੋਲ਼ਾਪਣ ਉਸ ਦੇ ਪਰਵਾਰ ‘ਚ ਹੈ। ਉਸ ਦੀ ਮਾਂ, ਦਾਦੀ ਤੇ ਦੋਵੇਂ ਭੈਣਾਂ ਵੀ ਬੋਲ਼ੀਆਂ ਸਨ। ਮਨੀਰਾਮ ਨੂੰ ਤਪਦੀ ਰੇਤ ‘ਤੇ ਨੰਗੇ ਪੈਰ ਪੰਜ ਕਿਲੋਮੀਟਰ ਚੱਲ ਕੇ ਸਕੂਲ ਜਾਣਾ ਪੈਂਦਾ ਸੀ। ਉਸ ਦੇ ਮਨ ਵਿੱਚ ਇੱਕੋ ਲਗਨ ਸੀ ਕਿ ਬਿਨਾਂ ਪੜ੍ਹੇ-ਲਿਖੇ ਉਹ ਆਪਣੇ ਪਰਵਾਰ ਨੂੰ ਗਰੀਬੀ ਤੋਂ ਉਭਾਰ ਨਹੀਂ ਸਕੇਗਾ। ਉਸ ਨੇ ਇੰਨੀ ਮਿਹਨਤ ਕੀਤੀ ਕਿ ਬੋਰਡ ਦੀ ਪ੍ਰੀਖਿਆ ਵਿੱਚ ਤਰਤੀਬਵਾਰ ਪੰਜਵੇਂ ਤੇ ਸੱਤਵੇਂ ਸਥਾਨ ‘ਤੇ ਆਇਆ। ਮਾਤਾ-ਪਿਤਾ ਲਈ ਪਟਵਾਰੀ ਜਾਂ ਸਕੂਲ ਦਾ ਅਧਿਆਪਕ ਬਣਨਾ ਕਿਸੇ ਕੁਲੈਕਟਰ ਬਣਨ ਤੋਂ ਘੱਟ ਨਹੀਂ, ਜੋ ਹੁਣ ਬਣ ਸਕਦਾ ਸੀ, ਪਰ ਉਸ ਨੇ ਅੱਗੇ ਜਾਣਾ ਸੀ। ਉਸ ਦੇ ਪ੍ਰਿੰਸੀਪਲ ਨੇ ਉਸ ਦੇ ਪਿਤਾ ਨੂੰ ਰਾਜ਼ੀ ਕਰ ਲਿਆ ਕਿ ਮਨੀਰਾਮ ਨੂੰ ਅਲਵਰ ਦੇ ਇੱਕ ਕਾਲਜ ਵਿੱਚ ਭੇਜ ਦਿੱਤਾ ਜਾਏ। ਓਥੇ ਟਿਊਸ਼ਨ ਪੜ੍ਹਾ ਕੇ ਮਨੀਰਾਮ ਨੇ ਪੜ੍ਹਾਈ ਕੀਤੀ ਤੇ ਸੂਬੇ ਦੀ ਕਲਰਕ ਪ੍ਰੀਖਿਆ ਵਿੱਚ ਸਫਲ ਹੋ ਗਿਆ, ਪਰ ਉਹ ਅੱਗੇ ਵਧਣਾ ਚਾਹੁੰਦਾ ਸੀ। ਉਸ ਨੰ ਪੀ ਐੱਚ ਡੀ ਕਰਨ ਦਾ ਵਜ਼ੀਫਾ ਮਿਲ ਗਿਆ। ਪੀ ਐੱਚ ਡੀ ਤਾਂ ਕੀਤੀ, ਪਰ ਮਨ ਵਿੱਚ ਲਗਨ ਸੀ ਕਿ ਆਈ ਏ ਐੱਸ ਵਿੱਚ ਜਾਣਾ ਹੈ। ਸਭ ਨੇ ਉਸ ਨੂੰ ਨਿਰਉਤਸ਼ਾਹਤ ਕੀਤਾ ਕਿ ਬੋਲ਼ੇ ਲੋਕਾਂ ਲਈ ਇਸ ਨੌਕਰੀ ‘ਚ ਕੋਈ ਸੰਭਾਵਨਾ ਨਹੀਂ ਹੈ, ਪਰ ਉਸ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਅੱਗੇ ਪੜ੍ਹਨ ਲੱਗਾ ਰਿਹਾ।
2005 ਵਿੱਚ ਪਬਲਿਕ ਸਰਵਿਸ ਕਮਿਸ਼ਨ ਦੀ ਸਿਵਲ ਸੇਵਾ ਪ੍ਰੀਖਿਆ ਪਾਸ ਕਰ ਲਈ, ਪਰ ਭਾਰਤ ਸਰਕਾਰ ਨੇ ਉਸ ਨੂੰ ਬੋਲ਼ੇਪਣ ਕਾਰਨ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮਨੀਰਾਮ ਨੇ ਹਿੰਮਤ ਨਹੀਂ ਹਾਰੀ ਤੇ 2006 ਵਿੱਚ ਫਿਰ ਇਹ ਪ੍ਰੀਖਿਆ ਪਾਸ ਕੀਤੀ। ਇਸ ਵਾਰ ਉਸ ਨੂੰ ਪੋਸਟ ਐਂਡ ਟੈਲੀਗ੍ਰਾਫ ਅਕਾਊਂਟਸ ਦੀ ਨੌਕਰੀ ਦਿੱਤੀ ਗਈ, ਜੋ ਉਸ ਨੇ ਲੈ ਲਈ। ਉਦੋਂ ਉਸ ਨੂੰ ਪਹਿਲੀ ਵਾਰ ਇੱਕ ਵੱਡੇ ਡਾਕਟਰ ਨੇ ਦੱਸਿਆ ਕਿ ਆਧੁਨਿਕ ਤਕਨੀਕ ਦੇ ਆਪ੍ਰੇਸ਼ਨ ਨਾਲ ਉਸ ਦਾ ਬੋਲ਼ਾਪਣ ਦੂਰ ਹੋ ਸਕਦਾ ਹੈ, ਪਰ ਇਸ ਦੀ ਲਾਗਤ 7.5 ਲੱਖ ਰੁਪਏ ਆਏਗੀ। ਮਨੀਰਾਮ ਦੇ ਖੇਤਰ ਦੇ ਪਾਰਲੀਮੈਂਟ ਮੈਂਬਰ ਨੇ ਵੱਖ-ਵੱਖ ਸੰਗਠਨਾਂ ਤੋਂ 5.5 ਲੱਖ ਰੁਪਏ ਇਕੱਠੇ ਕੀਤੇ, ਬਾਕੀ ਕਰਜ਼ਾ ਲਿਆ। ਆਪ੍ਰੇਸ਼ਨ ਸਫਲ ਹੋਇਆ, ਇਸ ਤਰ੍ਹਾਂ 25 ਸਾਲ ਬਾਅਦ ਮਨੀਰਾਮ ਸ਼ਰਮਾ ਸੁਣ ਸਕਦਾ ਸੀ, ਪਰ ਇੰਨੇ ਸਾਲ ਬੋਲ਼ੇ ਰਹਿਣ ਪਿੱਛੋਂ ਉਸ ਦੀ ਬੋਲੀ ਸਪੱਸ਼ਟ ਨਹੀਂ ਸੀ। ਜਦੋਂ ਕੁਝ ਸੁਣਿਆ ਨਹੀਂ ਸੀ ਤਾਂ ਬੋਲਦਾ ਕਿਵੇ। ‘ਸਪੀਚ ਥੈਰੇਪੀ’ ਲਈ ਇੱਕ ਲੱਖ ਰੁਪਏ ਅਤੇ ਬਹੁਤ ਸਮਾਂ ਚਾਹੀਦਾ ਸੀ, ਪਰ ਉਸ ਨੇ ਲਾਲ ਬਹਾਦੁਰ ਸ਼ਾਸਤਰੀ ਅਕੈਡਮੀ ਵਿੱਚ ਟਰੇਨਿੰਗ ਲਈ ਜਾਣਾ ਸੀ। ਮਨੀਰਾਮ ਨੇ ਉਲਟ ਹਾਲਾਤ ਵਿੱਚ ਸਖਤ ਅਭਿਆਸ ਜਾਰੀ ਰੱਖਿਆ, ਨਤੀਜੇ ਵਜੋਂ ਹੁਣ ਉਹ ਬੋਲ ਅਤੇ ਸੁਣ ਸਕਦਾ ਸੀ।
ਇੱਕ ਵਾਰ ਫਿਰ ਉਸੇ ਸਿਵਲ ਸੇਵਾ ਪ੍ਰੀਖਿਆ ਵਿੱਚ ਬੈਠਿਆ ਤੇ 2009 ਵਿੱਚ ਤੀਸਰੀ ਵਾਰ ਪਾਸ ਹੋਇਆ। ਇਸ ਵਾਰ ਉਹ ਮਣੀਪੁਰ ਵਿੱਚ ਉਪ ਜ਼ਿਲ੍ਹਾ ਅਧਿਕਾਰੀ ਬਣ ਗਿਆ। 2015 ਵਿੱਚ ਉਸ ਦਾ ਕੇਡਰ ਬਦਲ ਕੇ ਹਰਿਆਣਾ ਮਿਲ ਗਿਆ। ਉਦੋਂ ਤੋਂ ਉਹ ਮੁਸਤੈਦੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਸ ਦੇ ਦਿਲ ਵਿੱਚ ਗਰੀਬਾਂ ਤੇ ਦਿਵਿਆਂਗਾਂ ਲਈ ਸ਼ਰਧਾ ਹੈ, ਜਿਨ੍ਹਾਂ ਦੇ ਭਲੇ ਦੇ ਕੰਮਾਂ ਵਿੱਚ ਉਹ ਜੁਟਿਆ ਰਹਿੰਦਾ ਹੈ।
ਪਿਛਲੇ ਮਹੀਨੇ ਜਦੋਂ ਮੈਂ ਉਸ ਨੂੰ ਮਿਲਿਆ ਤਾਂ ਉਹ ਬਹੁਤ ਖੁਸ਼ ਹੋਇਆ ਤੇ ਬੋਲਿਆ ਕਿ ਵਿਦਿਆਰਥੀ ਜੀਵਨ ਤੋਂ ਉਹ ਮੇਰੇ ਬਾਰੇ ਤੇ ਮੇਰੇ ਲੇਖਾਂ ਨੂੰ ਅਖਬਾਰਾਂ ਵਿੱਚ ਪੜ੍ਹਦਾ ਆ ਰਿਹਾ ਹੈ। ਜਿਸ ਬੱਚੇ ਦੇ ਮਾਤਾ-ਪਿਤਾ ਅਨਪੜ੍ਹ ਤੇ ਮਜ਼ਦੂਰ ਹੋਣ ਤੇ ਪਿੰਡ ਵਿੱਚ ਅਖਬਾਰ ਵੀ ਨਾ ਆਉਂਦਾ ਹੋਵੇ, ਉਸ ਨੇ ਇਹ ਲੇਖ ਕਿਵੇਂ ਪੜ੍ਹੇ ਹੋਣਗੇ। ਮਨੀਰਾਮ ਦੱਸਦਾ ਹੈ ਕਿ ਉਹ ਦੂਸਰੇ ਪਿੰਡ ਦੇ ਸਕੂਲ ਤੋਂ ਆਉਂਦਾ-ਜਾਂਦਾ ਰਸਤੇ ਵਿੱਚ ਚਾਟ-ਪਕੌੜੇ ਦੇ ਠੇਲ੍ਹਿਆਂ ਕੋਲ ਜੋ ਅਖਬਾਰ ਦੇ ਜੂਠੇ ਲਿਫਾਫੇ ਪਏ ਹੁੰਦੇ ਸਨ, ਉਨ੍ਹਾਂ ਨੂੰ ਰੋਜ਼ ਇਕੱਠੇ ਕਰ ਕੇ ਘਰ ਲੈ ਆਉਂਦਾ, ਫਿਰ ਪਾਣੀ ਨਾਲ ਉਨ੍ਹਾਂ ਦਾ ਜੋੜ ਖੋਲ੍ਹ ਕੇ ਉਨ੍ਹਾਂ ‘ਚ ਲੁਕੀਆਂ ਦੁਨੀਆ ਭਰ ਦੀਆਂ ਖਬਰਾਂ ਪੜ੍ਹਦਾ ਸੀ, ਇਸ ਨਾਲ ਉਸ ਦਾ ਸਾਧਾਰਨ ਗਿਆਨ ਵਧਦਾ ਗਿਆ ਤੇ ਉਸ ਨੂੰ ਸਿਵਲ ਸੇਵਾ ਪ੍ਰੀਖਿਆ ਵਿੱਚ ਸਾਧਾਰਨ ਗਿਆਨ ਵਿੱਚ ਕਾਫੀ ਚੰਗੇ ਅੰਕ ਹਾਸਲ ਹੋਏ।
ਕਿਉਂ ਹੈ ਨਾ ਕਿੰਨਾ ਪ੍ਰੇਰਨਾ ਭਰਿਆ ਮਨੀਰਾਮ ਸ਼ਰਮਾ ਦਾ ਜੀਵਨ-ਸੰਘਰਸ਼!