ਇੱਕ ਬਿਆਨ ਪਿੱਛੇ ਜੰਮੂ-ਕਸ਼ਮੀਰ ਦੇ ਵਿੱਤ ਮੰਤਰੀ ਦਰਾਬੂ ਕੱਢੇ ਗਏ


ਜੰਮੂ, 13 ਮਾਰਚ (ਪੋਸਟ ਬਿਊਰੋ)- ਨਵੀਂ ਦਿੱਲੀ ਵਿੱਚ ਹੋਣੇ ਇੱਕ ਸੈਮੀਨਾਰ ਦੇ ਦੌਰਾਨ ਜੰਮੂ-ਕਸ਼ਮੀਰ ਦੇ ਵਿੱਤ ਮੰਤਰੀ ਡਾਕਟਰ ਹਸੀਬ ਅਹਿਮਦ ਦਰਾਬੂ ਵੱਲੋਂ ਕਸ਼ਮੀਰ ਬਾਰੇ ਦਿੱਤੇ ਬਿਆਨ ਤੋਂ ਨਾਰਾਜ਼ ਸੱਤਾਧਾਰੀ ਪੀ ਡੀ ਪੀ ਨੇ ਉਨ੍ਹਾਂ ਨੂੰ ਕੱਢ ਦਿੱਤਾ ਹੈ। ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਗਵਰਨਰ ਨੂੰ ਡਾਕਟਰ ਦਰਾਬੂ ਨੂੰ ਹਟਾਉਣ ਨੂੰ ਕਿਹਾ ਹੈ।
ਵਰਣਨ ਯੋਗ ਹੈ ਕਿ ਪਿਛਲੇ ਦਿਨੀਂ ਡਾਕਟਰ ਹਸੀਬ ਦਰਾਬੂ ਨੇ ਨਵੀਂ ਦਿੱਲੀ ਵਿੱਚ ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਤ ਸੈਮੀਨਾਰ ਦੌਰਾਨ ਕਿਹਾ ਸੀ ਕਿ ਕਸ਼ਮੀਰ ਕੋਈ ਸਿਆਸੀ ਮੁੱਦਾ ਨਹੀਂ, ਸਗੋਂ ਸਮਾਜਕ ਮੁੱਦਾ ਹੈ। ਦਰਾਬੂ ਦੇ ਇਸ ਬਿਆਨ ਤੋਂ ਬਾਅਦ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਜ਼ਬਰਦਸਤ ਖਲਬਲੀ ਮਚ ਗਈ ਸੀ। ਵਿਰੋਧੀ ਨੈਸ਼ਨਲ ਕਾਨਫਰੰਸ ਹੀ ਨਹੀਂ, ਵੱਖਵਾਦੀ ਹੁਰੀਅਤ ਕਾਨਫਰੰਸ ਨੇ ਵੀ ਵਿੱਤ ਮੰਤਰੀ ਦੇ ਇਸ ਬਿਆਨ ਨੂੰ ਹੱਥੋਂ-ਹੱਥ ਲੈਂਦੇ ਹੋਏ ਇਸ ਦੀ ਆਲੋਚਨਾ ਕੀਤੀ। ਕਸ਼ਮੀਰ ਵਿੱਚ ਚਹੁੰ-ਤਰਫਾ ਆਲੋਚਨਾਵਾਂ ਨਾਲ ਘਿਰਨ ਦੇ ਕਾਰਨ ਦਬਾਅ ਵਿੱਚ ਆਈ ਪੀ ਡੀ ਪੀ ਪਾਰਟੀ ਦੇ ਉਪ ਪ੍ਰਧਾਨ ਅਤੇ ਸੂਬਾ ਵਿਧਾਨ ਸਭਾ ਵਿੱਚ ਸਾਬਕਾ ਡਿਪਟੀ ਸਪੀਕਰ ਮੁਹੰਮਦ ਸਰਤਾਜ ਮਦਨੀ ਤੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਤੇ ਮਾਲ ਮੰਤਰੀ ਅਬਦੁਲ ਰਹਿਮਾਨ ਭੱਟ ਵੀਰੀ ਨੇ ਕਸ਼ਮੀਰ ਬਾਰੇ ਵਾਦ-ਵਿਵਾਦ ਵਾਲੇ ਬਿਆਨ ਲਈ ਡਾਕਟਰ ਹਸੀਬ ਦਰਾਬੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਦੱਸੋ ਨੋਟਿਸ ਦਾ ਅਜੇ ਦਰਾਬੂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਪਰ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਗਵਰਨਰ ਐਨ ਐਨ ਵੋਹਰਾ ਨੂੰ ਵਿੱਤ ਮੰਤਰੀ ਡਾਕਟਰ ਹਸੀਬ ਦਰਾਬੂ ਨੂੰ ਸੂਬਾਈ ਮੰਤਰੀ ਮੰਡਲ ਵਿੱਚੋਂ ਹਟਾਉਣ ਦੀ ਸਿਫਾਰਸ਼ ਕਰ ਦਿੱਤੀ।
ਮਾਮਲਾ ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਦੌਰਾਨ ਹੈਲੀਕਾਪਟਰ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ‘ਤੇ ਸਰਵਿਸ ਟੈਕਸ ਲਾਉਣ ਦਾ ਹੋਵੇ ਜਾਂ ਅਮਰਨਾਥ ਯਾਤਰਾ ਦੌਰਾਨ ਭੰਡਾਰਾ ਲਾਉਣ ਵਾਲੀਆਂ ਸੰਸਥਾਵਾਂ ‘ਤੇ ਟੋਲ ਅਤੇ ਸੇਲਜ਼ ਟੈਕਸ ਲਾਉਣ ਦਾ, ਹਰ ਗੱਲ ਵਿੱਚ ਵਿੱਤ ਮੰਤਰੀ ਦੇ ਤੌਰ ‘ਤੇ ਡਾਕਟਰ ਹਸੀਬ ਦਰਾਬੂ ਵਿਵਾਦਾਂ ਵਿੱਚ ਫਸ ਜਾਂਦੇ ਰਹੇ ਹਨ। ਮਾਤਾ ਵੈਸ਼ਨੋ ਦੇਵੀ ਹੈਲੀਕਾਪਟਰ ਸੇਵਾ ‘ਤੇ ਲਾਏ ਸਰਵਿਸ ਟੈਕਸ ਬਾਰੇ ਸੱਤਾ ਵਿੱਚ ਸਹਿਯੋਗੀ ਭਾਜਪਾ ਅਤੇ ਹਿੰਦੂ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਡਾਕਟਰ ਦਰਾਬੂ ਟਸ ਤੋਂ ਮਸ ਨਹੀਂ ਹੋਏ। ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਟਵੀਟ ਕਰ ਕੇ ਕਿਹਾ ਕਿ ਹਸੀਬ ਦਰਾਬੂ ਨੂੰ ਦਿੱਲੀ ਵਿੱਚ ਬਿਆਨ ਦੇਣਾ ਮਹਿੰਗਾ ਪਿਆ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਈ। ਹੁਣ ਇਹ ਦਿਲਚਸਪ ਹੋਵੇਗਾ ਕਿ ਸੂਬੇ ਦਾ ਅਗਲਾ ਵਿੱਤ ਮੰਤਰੀ ਕੌਣ ਹੋਵੇਗਾ।