ਇੰਮੀਗਰੇਸ਼ਨ: ਡਿੱਗਦੀ ਸਾਖ਼ ਤੋਂ ਸਬਕ ਸਿੱਖਣ ਦੀ ਲੋੜ

ਕਾਨਫਰੰਸ ਬੋਰਡ ਆਫ ਕੈਨੇਡਾ ਦੀ ਤਾਜ਼ਾ ਰਿਪੋਰਟ ਨੇ ਸਪੱਸ਼ਟ ਕੀਤਾ ਹੈ ਕਿ ਬੇਸ਼ੱਕ ਇੰਮੀਗਰੇਸ਼ਨ ਨੂੰ ਲੈ ਕੇ ਕੈਨੇਡਾ ਨੇ ਆਪਣੇ ‘ਸੀ ਗਰੇਡ’ ਨੂੰ ਕਾਇਮ ਰੱਖਿਆ ਹੈ ਪਰ ਇੰਮੀਗਰੇਸ਼ਨ ਉੱਤੇ ਆਧਾਰਿਤ ਇਕਾਨਮੀ ਵਾਲੇ 16 ਮੁਲਕਾਂ ਵਿੱਚ ਕੈਨੇਡਾ ਦਾ ਰੈਂਕ 9ਵੇਂ ਸਥਾਨ ਤੋਂ 12ਵੇਂ ਸਥਾਨ ਉੱਤੇ ਜਾ ਡਿੱਗਿਆ ਹੈ। ਵਿਸ਼ਵ ਦੇ ਜਿਹਨਾਂ 8 ਮੁਲਕਾਂ ਨੂੰ ਏ ਗਰੇਡ ਹਾਸਲ ਹੈ ਉਹਨਾਂ ਵਿੱਚ ਸਵੀਡਨ ਦਾ ਪਹਿਲਾ ਸਥਾਨ ਹੈ ਅਤੇ ਉਸਤੋਂ ਬਾਅਦ ਕਰਮਵਾਰ ਸਵਿਟਰਜ਼ਰਲੈਂਡ, ਡੈਨਮਾਰਕ, ਅਮਰੀਕਾ, ਫਿਨਲੈਂਡ, ਆਸਟਰੀਆ, ਹਾਲੈਂਡ ਦਾ ਨਾਮ ਆਉਂਦਾ ਹੈ। ਬੀ ਗਰੇਡ ਵਿੱਚ 15 ਮੁਲਕ ਹਨ ਅਤੇ ਸੀ ਗਰੇਡ ਵਿੱਚ 16 ਮੁਲਕ ਹਨ।

ਰਿਪੋਰਟ ਮੁਤਾਬਕ ਕੈਨੇਡਾ ਲਈ ਇਸ ਸੱਚਾਈ ਦਾ ਸਾਹਮਣਾ ਕਰਨ ਦਾ ਵਕਤ ਹੈ ਕਿ ਕੈਨੇਡਾ ਵਿੱਚ ਰੀਸਰਚ ਐਂਡ ਡੀਵੈਲਪਮੈਂਟ (੍ਰ & ਧ), ਪੇਟੈਂਟ ਅਤੇ ਲੇਬਰ ਉਤਪਾਦਨ ਦੀਆਂ ਦਿੱਕਤਾਂ ਕਾਰਣ ਇਹ ਆਪਣੇ ਸਾਥੀ ਮੁਲਕਾਂ ਨਾਲੋਂ ਪਿੱਛੇ ਜਾ ਰਿਹਾ ਹੈ। ਜੇ ਕੈਨੇਡਾ ਦੇ ਅੰਦਰ ਖਿੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਉਂਟੇਰੀਓ ਅਤੇ ਕਿਉਬਿੱਕ ਸੱਭ ਤੋਂ ਵੱਧ ਰੈਂਕਿੰਗ ਪ੍ਰਾਪਤ ਕਰਨ ਵਾਲੇ ਪ੍ਰੋਵਿੰਸ ਹਨ ਜਦੋਂ ਕਿ ਪ੍ਰਿੰਸ ਐਡਵਾਰਡ ਆਈਲੈਂਡ ਅਤੇ ਨਿਊ ਬਰੱਨਸਵਿੱਕ ਦੀ ਰੈਂਕਿੰਗ ਸੱਭ ਤੋਂ ਥੱਲੇ ਜਾ ਡਿੱਗੀ ਹੈ। ਬ੍ਰਿਟਿਸ਼ ਕੋਲੰਬੀਆ ਦਾ ਹਾਲ ਦਿਨ-ਬ-ਦਿਨ ਮਾੜਾ ਹੁੰਦਾ ਜਾ ਰਿਹਾ ਹੈ ਜਿਸਦੀ ਰੈਂਕਿੰਗ 10ਵੇਂ ਸਥਾਨ ਤੋਂ 17ਵੇਂ ਸਥਾਨ ਉੱਤੇ ਜਾ ਡਿੱਗੀ ਹੈ।

ਕਾਨਫੰਰਸ ਬੋਰਡ ਦੀ How Canada Performs  ਰਿਪੋਰਟ ਇੱਕ ਲਗਾਤਾਰ ਜਾਰੀ ਰਹਿਣ ਵਾਲੀ ਖੋਜ ਦਾ ਹਿੱਸਾ ਹੁੰਦਾ ਹੈ ਜਿਸਦਾ ਮਕਸਦ ਉੱਚ ਅਹੁਦਿਆਂ ਉੱਤੇ ਬੈਠੇ ਲੀਡਰਾਂ ਨੂੰ ਕੈਨੇਡਾ ਦੀਆਂ ਸਮਾਜਕ ਆਰਥਕ ਪਰਫਾਰਮੈਂਟ ਦੀਆਂ ਮਜ਼ਬੂਤੀਆਂ ਅਤੇ ਕਮਜ਼ੋਰੀਆਂ ਬਾਰੇ ਜਾਣੂੰ ਕਰਵਾਉਣਾ ਹੈ। ਇਸ ਰਿਪੋਰਟ ਵਿੱਚ ਛੇ ਸੰਕੇਤਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵਿੱਚ ਆਰਥਕਤਾ, ਸਿੱਖਿਆ, ਹੁਨਰ, ਖੋਜ, ਵਾਤਾਵਰਣ, ਸਿਹਤ ਅਤੇ ਸੁਸਾਇਟੀ ਸ਼ਾਮਲ ਹਨ।

ਇਸ ਰਿਪੋਰਟ ਨੇ ਸਰਕਾਰ ਨੂੰ ਮਸ਼ਵਰਾ ਦਿੱਤਾ ਹੈ ਕਿ ਜੇ ਕੈਨੇਡਾ ਨੇ ਵਿਕਾਸ ਦੇ ਮਾਰਗ ਉੱਤੇ ਦ੍ਰਿੜਤਾ ਨਾਲ ਚੱਲਣਾ ਹੈ ਤਾਂ ਸਾਲ 2030 ਤੱਕ ਇਸਨੂੰ ਆਪਣਾ ਇੰਮੀਗਰਾਂਟ ਲਿਆਉਣ ਦਾ ਟੀਚਾ ਸਵਾ ਚਾਰ ਲੱਖ ਕਰਨਾ ਹੋਵੇਗਾ। ਵਰਤਮਾਨ ਵਿੱਚ ਹਰ ਸਾਲ ਢਾਈ ਤੋਂ ਤਿੰਨ ਲੱਖ ਇੰਮੀਗਰਾਂਟ ਵੱਖੋ ਵੱਖਰੀਆਂ ਕੈਟੇਗਰੀਆਂ ਵਿੱਚ ਬੁਲਾਏ ਜਾਂਦੇ ਹਨ। ਪਿਛਲੇ ਸਾਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਾਲ 2020 ਤੱਕ ਬੁਲਾਏ ਜਾਣ ਵਾਲੇ ਇੰਮੀਗਰਾਂਟਾਂ ਦੀ ਗਿਣਤੀ 3 ਲੱਖ 40 ਹਜ਼ਾਰ ਕਰ ਦਿੱਤੀ ਜਾਵੇਗੀ ਪਰ ਕਾਨਫਰੰਸ ਬੋਰਡ ਇਸ ਟੀਚੇ ਨੂੰ ਥੋੜਾ ਮੰਨਦਾ ਹੈ ਕਿਉਂਕਿ ਇਹ ਕੈਨੇਡਾ ਦੀ ਜਨਸੰਖਿਆ ਦਾ ਮਹਿਜ਼ 0.9% ਬਣਦਾ ਹੈ। ਇੰਮੀਗਰੇਸ਼ਨ ਮਾਹਰਾਂ ਦਾ ਖਿਆਲ ਹੈ ਕਿ ਕੈਨੇਡਾ ਨੂੰ ਹਰ ਸਾਲ ਆਪਣੀ ਵੱਸੋਂ ਦੇ 1% ਬਰਾਬਰ ਇੰਮੀਗਰਾਂਟ ਬੁਲਾਉਣੇ ਚਾਹੀਦੇ ਹਨ ਤਾਂ ਜੋ ਡਿੱਗਦੀ ਜਨਸੰਖਿਆ ਦੀ ਗਿਣਤੀ ਨੂੰ ਥੰਮਿਆ ਜਾ ਸਕੇ।

ਪਿਛਲੇ ਦਿਨੀਂ ਓਨਵਰਿੋਨਚਿਸ Environics Institute ਨੇ ਇੱਕ ਪੋਲ ਕਰਵਾਈ ਸੀ ਜਿਸ ਵਿੱਚ ਪਾਇਆ ਗਿਆ ਕਿ 80% ਕੈਨੇਡੀਅਨ ਵਿਸ਼ਵਾਸ਼ ਕਰਦੇ ਹਨ ਕਿ ਇੰਮੀਗਰਾਂਟਾਂ ਦਾ ਕੈਨੇਡਾ ਵਿੱਚ ਆਉਣਾ ਦੇਸ਼ ਦੀ ਆਰਥਕਤਾ ਲਈ ਚੰਗਾ ਹੈ। ਤਾਂ ਵੀ 16% ਕੈਨੇਡੀਅਨ ਅਜਿਹੇ ਹਨ ਜੋ ਮੰਨਦੇ ਹਨ ਕਿ ਪਰਵਾਸੀਆਂ ਦਾ ਇੱਥੇ ਆਉਣਾ ਸਹੀ ਨਹੀਂ ਹੈ। ਕਾਨਫਰੰਸ ਬੋਰਡ ਨੇ ਇੱਕ ਕਲਪਨਾ ਕੀਤੀ ਹੈ ਕਿ ਜੇ ਕੈਨੇਡਾ ਵਿੱਚ ਪਰਵਾਸੀਆਂ ਨੂੰ ਬੁਲਾਉਣਾ ਬਿਲਕੁਲ ਬੰਦ ਕਰ ਦਿੱਤਾ ਜਾਵੇ ਤਾਂ ਕੀ ਹੋਵੇਗਾ। ਰਿਪੋਰਟ ਮੁਤਾਬਕ ਇੰਮੀਗਰੇਸ਼ਨ ਬੰਦ ਹੋਣ ਦੇ ਸਿੱਟੇ ਵਜੋਂ ਕੈਨੇਡਾ ਦੀ ਲੇਬਰ ਫੋਰਸ ਐਨੀ ਘੱਟ ਹੋ ਜਾਵੇਗੀ ਕਿ ਇਸਦੀ ਗਰਾਸ ਡੋਮੈਸਟਿਕ ਪ੍ਰੋਡਕਟ (GDP) ਦਰ ਘੱਟ ਕੇ 2040 ਤੱਕ ਮਹਿਜ਼ 1.3% ਰਹਿ ਜਾਵੇਗੀ ਅਤੇ ਕੈਨੇਡੀਅਨਾਂ ਉੱਤੇ ਅਸਹਿਣਯੋਗ ਟੈਕਸ ਦਾ ਬੋਝ ਪੈ ਜਾਵੇਗਾ। ਕੈਨੇਡੀਅਨ ਇਕਾਨਮੀ ਸਿਹਤ ਸੰਭਾਲ ਵਰਗੇ ਜਰੂਰੀ ਖਰਚਿਆਂ ਨੂੰ ਚੁੱਕਣ ਦੇ ਕਾਬਲ ਨਹੀਂ ਰਹੇਗੀ।

ਸਮਾਂ ਹੈ ਕਿ ਕੈਨੇਡਾ ਨੂੰ ਸੁਚੇਤ ਹੋ ਕੇ ਆਪਣੀ ਇੰਮੀਗਰੇਸ਼ਨ ਪਾਲਸੀ ਨੂੰ ਸੁਧਾਰਨ ਦੀ ਲੋੜ ਹੈ। ਬੇਸ਼ੱਕ ਵੱਖ ਵੱਖ ਸਰਕਾਰਾਂ ਪਰਵਾਸੀ ਵੋਟਾਂ ਹਾਸਲ ਕਰਨ ਲਈ ਦਿਲ ਲੁਭਾਵਣੇ ਵਾਅਦੇ ਕਰਦੀਆਂ ਹਨ ਪਰ ਹਕੀਕਤ ਵਿੱਚ ਕੰਜ਼ਰਵੇਟਿਵਾਂ ਦੇ 10 ਸਾਲ ਦੇ ਰਾਜ ਕਾਲ ਅਤੇ ਲਿਬਰਲਾਂ ਦੇ ਪਿਛਲੇ ਤਿੰਨ ਸਾਲ ਦੇ ਰਾਜਕਾਲ ਵਿੱਚ ਪਰਵਾਸ ਪਾਲਸੀ ਨੂੰ ਲੈ ਕੇ ਕੋਈ ਬਹੁਤਾ ਫਰਕ ਵੇਖਣ ਨੂੰ ਨਹੀਂ ਮਿਲਿਆ। ਸਮੇਂ ਦੀਆਂ ਸਰਕਾਰਾਂ ਨੂੰ ਸੋਚਣਾ ਹੋਵੇਗਾ ਕਿ ਇੰਮੀਗਰੇਸ਼ਨ ਪਾਲਸੀ ਵੋਟਾਂ ਦੀ ਸਿਆਸਤ ਤੋਂ ਪ੍ਰਭਾਵਿਤ ਹੋ ਕੇ ਨਹੀਂ ਸਗੋਂ ਕੈਨੇਡਾ ਦੀਆਂ ਆਰਥਕ ਅਤੇ ਸਮਾਜਕ ਲੋੜਾਂ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਜਾਣੀ ਚਾਹੀਦੀ ਹੈ। ਜੇ ਇੰਮੀਗਰਾਂਟ ਬੁਲਾਉਣ ਲਈ ਅੰਤਰਰਾਸ਼ਟਰੀ ਪੱਧਰ ਉੱਤੇ ਹੋਰ ਮੁਲਕ ਸਾਡੇ ਨਾਲੋਂ ਇਵੇਂ ਹੀ ਅੱਗੇ ਨਿਕਲਦੇ ਗਏ ਤਾਂ ਸਮੱਸਿਆ ਗੰਭੀਰ ਹੋ ਸਕਦੀ ਹੈ।