ਇੰਡੋਨੇਸ਼ੀਆ ਦੀ ਜੇਲ੍ਹ ਵਿੱਚ ਝੜਪਾਂ ਦੌਰਾਨ 6 ਜਣਿਆਂ ਦੀ ਮੌਤ

ਜਕਾਰਤਾ, 9 ਮਈ, (ਪੋਸਟ ਬਿਊਰੋ)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੀ ਹਾਈ ਸਕਿਓਰਟੀ ਜੇਲ ਵਿੱਚ ਪੁਲਸ ਤੇ ਇਸਲਾਮਿਕ ਸਟੇਟ ਦੇ ਅੱਤਵਾਦੀ ਕੈਦੀਆਂ ਦੀ ਝੜਪ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ।
ਸਥਾਨਕ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਡਿਪੋਕ ਹਾਊਸ ਵਿੱਚ ਮੋਬਾੲਲ ਪੁਲਸ ਬ੍ਰਿਗੇਡ ਦੇ ਹੈੱਡਕੁਆਰਟਰ ਵਿੱਚ ਜ਼ਿਆਦਾਤਰ ਖਤਰਨਾਕ ਅੱਤਵਾਦੀਆਂ ਅਤੇ ਜਕਾਰਤਾ ਦੇ ਸਾਬਕਾ ਗਵਰਨਰ ਬੇਸਕੀ ਤਜਾਹਾਜਾ ਨੂੰ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਝੜਪ ਓਦੋਂ ਸ਼ੁਰੂ ਹੋਈ, ਜਦੋਂ ਇਕ ਕੈਦੀ ਦੇ ਪਰਿਵਾਰ ਵਲੋਂ ਲਿਆਂਦਾ ਖਾਣਾ ਕੈਦੀ ਨੂੰ ਦੇਣ ਤੋਂ ਪੁਲਸ ਨੇ ਰੋਕ ਦਿੱਤਾ। ਨੈਸ਼ਨਲ ਪੁਲਸ ਦੇ ਬੁਲਾਰੇ ਮੁਹੰਮਦ ਇਕਬਾਲ ਨੇ ਦੱਸਿਆ ਕਿ ਇਸ ਝੜਪ ਵਿੱਚ ਪੰਜ ਪੁਲਸ ਮੁਲਾਜ਼ਮ ਅਤੇ ਇਕ ਕੈਦੀ ਮਾਰਿਆ ਗਿਆ ਤੇ ਇਸ ਦੌਰਾਨ ਕੈਦੀਆਂ ਨੇ ਇਕ ਪੁਲਸ ਅਧਿਕਾਰੀ ਨੂੰ ਵੀ ਬੰਦੀ ਬਣਾ ਲਿਆ ਸੀ। ਪੁਲਸ ਨੂੰ ਸ਼ੱਕ ਹੈ ਕਿ ਕੈਦੀਆਂ ਕੋਲ ਹਥਿਆਰ ਹਨ।
ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸੰਦੇਸ਼ ਮਿਲਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ ਦੇ ਲਈ ਇਸਲਾਮਿਕ ਸਟੇਟ ਜ਼ਿੰਮੇਵਾਰ ਹੈ।