ਇੰਡੋਨੇਸ਼ੀਆ ਦੀ ਯੂਨੀਵਰਸਿਟੀ ਨੇ ਨਕਾਬ ਉੱਤੇ ਲਾਈ ਪਾਬੰਦੀ ਹਟਾਈ


ਇੰਡੋਨੇਸ਼ੀਆ, 13 ਮਾਰਚ (ਪੋਸਟ ਬਿਊਰੋ)- ਇੰਡੋਨੇਸ਼ੀਆ ਦੀ ਇੱਕ ਯੂਨੀਵਰਸਿਟੀ ਨੇ ਨਕਾਬ ਪਹਿਨਣ ‘ਤੇ ਲਾਈ ਗਈ ਪਾਬੰਦੀ ਨੂੰ ਆਲੋਚਨਾ ਹੋਣ ਪਿੱਛੋਂ ਵਾਪਸ ਲੈ ਲਿਆ ਹੈ। ਯੂਨੀਵਰਸਿਟੀ ਵੱਲੋਂ ਨਕਾਬ ‘ਤੇ ਰੋਕ ਲਾਏ ਜਾਣ ਦਾ ਇਹ ਫੈਸਲਾ ਕੌਮਾਂਤਰੀ ਮੀਡੀਆ ਵਿੱਚ ਛਾ ਗਿਆ ਸੀ।
ਵਰਨਣ ਯੋਗ ਹੈ ਕਿ ਇੰਡੋਨੇਸ਼ੀਆ ਦੀ ਕਲਚਰਲ ਰਾਜਧਾਨੀ ਯੋਗਾਕਾਰਤਾ ਵਿਚਲੀ ਸੁਨਾਨ ਕਾਲੀਜਾਗਾ ਸਟੇਟ ਇਸਲਾਮਕ ਯੂਨੀਵਰਸਿਟੀ ਨੇ ਪਿਛਲੇ ਹਫਤੇ ਤਿੰਨ ਦਰਜਨ ਤੋਂ ਵੱਧ ਨਕਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਇੱਕ ਫਰਮਾਨ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਦੀ ਪਾਲਣੀ ਨਾ ਕਰਨ ਉਤੇ ਯੂਨੀਵਰਸਿਟੀ ‘ਚੋਂ ਕੱਢ ਦੇਣ ਦੀ ਚਿਤਾਵਨੀ ਦਿੱਤੀ ਸੀ। ਇਸ ਯੂਨੀਵਰਸਿਟੀ ਵਿੱਚ ਕਰੀਬ 10000 ਵਿਦਿਆਰਥੀ ਹਨ। ਓਦੋਂ ਯੂਨੀਵਰਸਿਟੀ ਨੇ ਇਹ ਕਿਹਾ ਸੀ ਕਿ ਨਕਾਬ ‘ਤੇ ਪਾਬੰਦੀ ਲਾਉਣ ਦਾ ਫੈਸਲਾ ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਇਸ ਦੇਸ਼ ਵਿੱਚ ਧਾਰਮਿਕ ਕੱਟੜਤਾ ਦਾ ਮੁਕਾਬਲਾ ਕਰਨ ਲਈ ਕੀਤਾ ਗਿਆ ਸੀ। ਹੁਣ ਇਹ ਹੁਕਮ ਵਾਪਸ ਲੈ ਲਿਆ ਗਿਆ ਹੈ।
ਬੀਤੇ ਹਫਤੇ ਦੇ ਅਖੀਰ ਵਿੱਚ ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਚਿਹਰੇ ਨੂੰ ਢਕਣ ਵਾਲਾ ਨਕਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਦੇ ਸੰਬੰਧ ਵਿੱਚ ਜਾਰੀ ਕੀਤੇ ਨਿਰੇਦਸ਼ਾਂ ਨੂੰ ਵਿਦਿਅਕ ਮਾਹੌਲ ਬਣਾਈ ਰੱਖਣ ਦੇ ਲਈ ਵਾਪਸ ਲੈ ਲਿਆ ਜਾਏਗਾ। ਨਵੇਂ ਨਿਯਮ ਦੇ ਸਮੱਰਥਕਾਂ ਦਾ ਦਾਅਵਾ ਸੀ ਕਿ ਪੂਰਾ ਚਿਹਰਾ ਢਕਣ ਵਾਲਾ ਨਕਾਬ ਪਹਿਨਣ ਦੀ ਧਾਰਮਿਕ ਮਜਬੂਰੀ ਨਹੀਂ, ਪ੍ਰੰਤੂ ਆਲੋਚਕਾਂ ਦਾ ਕਹਿਣਾ ਹੈ ਕਿ ਨਕਾਬ ਵਿਰੋਧੀ ਅਪੀਲ ਵਿਅਕਤੀ ਦੇ ਅਧਿਕਾਰਾਂ ਦਾ ਘਾਣ ਹੈ। ਯੋਗਾਕਾਰਤਾ ਦੀ ਇੱਕ ਹੋਰ ਅਹਿਮਦ ਦਹਿਲਾਨ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਨਕਾਬ ਨਾ ਪਹਿਨਣ ਦੀ ਅਪੀਲ ਕੀਤੀ ਹੈ, ਪਰ ਇਸ ਅਪੀਲ ਦੀ ਪਾਲਣਾ ਨਾ ਕਰਨ ਵਾਲੇ ਸਜ਼ਾ ਦੇ ਪਾਤਰ ਨਹੀਂ ਹੋਣਗੇ।