ਇੰਡੀਅਨ ਹਸਪਤਾਲਾਂ ਵੱਲੋਂ ਮੁੱਕਦਮਾ: ਇਨਸਾਫ਼ ਅਤੇ ਸਵਾਲ ਦਰਮਿਆਨ ਤਵਾਜਨ ਦਾ ਟੈਸਟ

 

ਕੈਨੇਡਾ ਸਰਕਾਰ ਵੱਲੋਂ 1945 ਤੋਂ 1981 ਦੇ ਦਰਮਿਆਨ ਮੂਲਵਾਸੀਆਂ ਦੇ ਇਲਾਜ ਲਈ ਚਲਾਏ ਜਾਂਦੇ ਹਸਪਤਾਲਾਂ ਦੇ ਪੀੜਤਾਂ ਵੱਲੋਂ 1.1 ਬਿਲੀਅਨ ਡਾਲਰ ਦਾ ਕਲਾਸ ਐਕਸ਼ਨ ਮੁੱਕਦਮਾ ਕੀਤਾ ਜਾਣਾ ਉਸ ਦੁਖਾਂਤ ਦੇ ਇਤਿਹਾਸ ਵਿੱਚ ਨਵਾਂ ਮੋੜ ਹੈ ਜਿਸ ਕਾਰਣ ਮੂਲਵਾਸੀਆਂ ਨੂੰ ਆਪਣੇ ਹੀ ਮੁਲਕ ਨਾਲ ਪਰਾਇਆਂ ਵਰਗਾ ਸਲੂਕ ਹੰਢਾਉਣਾ ਪੈਂਦਾ ਸੀ। ਨਸਲ ਦੇ ਆਧਾਰ (ਭਾਵ ਮੂਲਵਾਸੀਆਂ ਲਈ ਅੱਡ ਅਤੇ ਅੰਗਰੇਜ਼ੀ ਨਸਲ ਦੇ ਸ਼ਾਸਕਾਂ ਲਈ ਵੱਖਰੇ) ਟੀ ਬੀ ਅਤੇ ਹੋਰ ਆਮ ਬਿਮਾਰੀਆਂ ਦੇ ਇਲਾਜ ਲਈ ਬਣਾਏ ਇਹਨਾਂ ਹਸਪਤਾਲਾਂ ਨੂੰ ‘ਇੰਡੀਅਨ ਹਸਪਤਾਲ’ ਕਿਹਾ ਜਾਂਦਾ ਸੀ। ਇਹ ਹਸਪਤਾਲਾਂ ਨੂੰ ਆਮ ਕਰਕੇ ‘ਚਰਚ ਗਰੁੱਪਾਂ’ ਵੱਲੋਂ ਚਲਾਇਆ ਜਾਂਦਾ ਸੀ ਜਿਹਨਾਂ ਵਿੱਚ ਮਰੀਜ਼ਾਂ ਦੇ ਦਾਖ਼ਲ ਹੋਣ ਦੀ ਨੀਤੀ ‘ਰੈਜ਼ੀਡੈਂਸ਼ੀਅਲ ਸਕੂਲਾਂ’ ਵਰਗੀ ਹੀ ਸੀ। ਅਧਿਕਾਰੀਆਂ ਦਾ ਤਰਕ ਸੀ ਕਿ ਮੂਲਵਾਸੀ ਨੂੰ ਹੋਣ ਵਾਲੀ ਟੀ ਬੀ ਦੀ ਬਿਮਾਰੀ ਉਹਨਾਂ ਲੋਕਾਂ ਲਈ ਖਤਰਾ ਹੈ ਜਿਹੜੇ ਮੂਲਵਾਸੀ ਨਹੀਂ ਹਨ ਭਾਵ ਉਹ ਲੋਕ ਜੋ ਸੱਤਾਧਾਰੀ ਵਰਗ ਨਾਲ ਸਬੰਧਿਤ ਸਨ।

ਟੋਰਾਂਟੋ ਵਿੱਚ ਵੈਸਟਨ ਦੇ ਇਲਾਕੇ ਵਿੱਚ ਸਥਿਤ ਟੋਰਾਂਟੋ ਸੇਨੇਟੋਰੀਅਮ ਅਤੇ ਉਸ ਨਾਲ ਜੁੜਿਆ ਕੁਈਨ ਮੇਰੀ ਹਸਪਤਾਲ, ਹੈਮਿਲਟਨ ਵਿੱਚ ਸੇਨੇਟੋਰੀਅਮ ਆਨ ਦਾ ਮਾਊਂਟੇਨ (Sanatorium on the Mountain) ਕੈਨੇਡਾ ਭਰ ਦੇ ਕੁੱਲ 29 ਅਜਿਹੇ ਹਸਪਤਾਲਾਂ ਵਿੱਚੋਂ ਦੋ ਮਿਸਾਲਾਂ ਹਨ। ਦੋਸ਼ ਹਨ ਕਿ ਉਹਨਾਂ ਦਿਨਾਂ ਵਿੱਚ ਨੱਕੋ ਨੱਕ ਭਰੇ ਇਹਨਾਂ ਹਸਪਤਾਲਾਂ ਵਿੱਚ ਮੂਲਵਾਸੀਆਂ ਨਾਲ ਸ਼ਰਮ ਦੀ ਹੱਦ ਤੱਕ ਧੱਕਾ (ਜਿਸਮਾਨੀ ਅਤੇ ਸੈਕਸੁਅਲ) ਕੀਤਾ ਜਾਂਦਾ ਸੀ, ਹਸਪਤਾਲ ਇੱਕ ਕਿਸਮ ਨਾਲ ਜੇਲ੍ਹਾਂ ਸਨ ਜਿੱਥੇ ਤੋਂ ਕੋਈ ਮਰੀਜ਼ ਆਪਣੀ ਮਰਜ਼ੀ ਨਾਲ ਛੁੱਟੀ ਨਹੀਂ ਸੀ ਕਰ ਸਕਦਾ। ਬਦਸਲੂਕੀ ਦਾ ਸਿ਼ਕਾਰ ਹੋਣ ਵਾਲੇ ਵੱਡੀ ਗਿਣਤੀ ਵਿੱਚ ਬੱਚੇ ਸਨ।

ਸਰਕਾਰ ਖਿਲਾਫ਼ ਮੁੱਕਦਮਾ ਇੰਡੀਅਨ ਹਸਪਤਾਲਾਂ ਦੇ ਪੀੜਤਾਂ ਦੀ ਤਰਫ਼ ਤੋਂ ਤਿੰਨ ਵਕੀਲਾਂ ਵੱਲੋਂ ਕੀਤਾ ਗਿਆ ਹੈ। ਮੁੱਕਦਮੇ ਵਿੱਚ ਜਿੱਥੇ 1 ਬਿਲੀਅਨ ਡਾਲਰ ਸਰਕਾਰ ਵੱਲੋਂ ਆਪਣੇ ਹੀ ਲੋਕਾਂ ਨਾਲ ਬਣਦੀ ਡਿਊਟੀ ਪੂਰੀ ਨਾ ਕਰਨ ਲਈ ਮੰਗੇ ਗਏ ਹਨ, ਉੱਥੇ 100 ਮਿਲੀਅਨ ਡਾਲਰ ਸਜ਼ਾ ਅਤੇ ਮਿਸਾਲੀ ਨੁਕਸਾਨ ਭਰਨ ਲਈ ਕਿਹਾ ਗਿਆ ਹੈ। ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਉਹ ਜਨਤਕ ਰੂਪ ਵਿੱਚ ਐਲਾਨ ਕਰੇ ਕਿ ਉਹ ‘ਇੰਡੀਅਨ ਹਸਪਤਾਲਾਂ’ ਨੂੰ ਚਲਾਉਣ ਵਿੱਚ ਲਾਪਰਵਾਹ ਸੀ। ਕਈ ਕੇਸ ਅਜਿਹੇ ਰਿਪੋਰਟ ਕੀਤੇ ਗਏ ਹਨ ਜਿਹਨਾਂ ਵਿੱਚ ਮਰੀਜ਼ਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਕਿਸ ਬਿਮਾਰੀ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ। ਕਈ ਮਰੀਜ਼ ਐਨੇ ਕਮਜ਼ੋਰ ਹੋ ਚੁੱਕੇ ਸਨ ਕਿ ਉਹਨਾਂ ਨੂੰ ਇਸ ਤਰੀਕੇ ਨੂੜ ਬੰਨ ਕੇ ਰੱਖਿਆ ਜਾਂਦਾ ਸੀ ਤਾਂ ਜੋ ਉਹ ਹਿੱਲਣ ਦੀ ਕੋਸਿ਼ਸ਼ ਨਾ ਕਰ ਸੱਕਣ ਕਿਉਂਕਿ ਹਿੱਲਣ ਜੁੱਲਣ ਦਾ ਅਰਥ ਸੀ ਕਿ ਉਹਨਾਂ ਦੀਆਂ ਕਮਜ਼ੋਰ ਹੱਡੀਆਂ ਭੁਰ ਜਾਂਦੀਆਂ। ਪਰ ਦੁਖਾਂਤ ਇਹ ਹੁੰਦਾ ਸੀ ਕਿ ਬਹੁਤੇ ਮਰੀਜਾਂ਼ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਉਹਨਾਂ ਨੂੰ ਆਖਰ ਨੂੜਿਆ ਕਿਉਂ ਗਿਆ ਹੈ।

ਇਹ ਮੁੱਕਦਮਾ ਤਿੰਨ ਵਕੀਲਾਂ ਵੱਲੋਂ ਕੀਤਾ ਗਿਆ ਹੈ। ਬਹੁਤ ਕੇਸਾਂ ਵਿੱਚ ਹੁੰਦਾ ਇਹ ਹੈ ਕਿ ਜਦੋਂ ਸਰਕਾਰਾਂ ਅਜਿਹੇ ਮੁੱਕਦਿਆਂ ਬਾਰੇ ਡਾਲਰਾਂ ਦਾ ਫੈਸਲਾ ਕਰਦੀਆਂ ਹਨ ਤਾਂ ਤੀਜੀਆਂ ਧਿਰਾਂ (ਜਿਵੇਂ ਕਿ ਵਕੀਲਾਂ ਦੀਆਂ ਟੀਮਾਂ) ਵੱਡੇ ਗੱਫੇ ਖੁਦ ਲਈ ਰੱਖ ਲੈਂਦੀਆਂ ਹਨ। ਮਿਸਾਲ ਵਜੋਂ ਖੁਦ ਨਾਲ ਹੋਏ ਧੱਕੇ ਕਾਰਣ ਸਰਕਾਰ ਤੋਂ ਜੋ ਡਾਲਰਾਂ ਦਾ ਜੋ ਇਵਜਾਨਾ ਓਮਰ ਖਾਦਰ (ਅਫਗਾਨਸਤਾਨ ਵਿੱਚ ਅਤਿਵਾਦੀਆਂ ਦੇ ਹੱਕ ਵਿੱਚ ਲੜਦਾ ਅਮਰੀਕੀ ਫੌਜੀਆਂ ਹੱਥੋਂ ਜਖ਼ਮੀ ਹੋਣ ਵਾਲਾ ਨਾਬਾਲਗ ਕੈਨੇਡੀਅਨ) ਨੂੰ ਮਿਲਿਆ ਸੀ, ਉਸਦਾ ਇੱਕ ਵੱਡਾ ਹਿੱਸਾ ਉਸਦੇ ਵਕੀਲਾਂ ਦੀ ਟੀਮ ਨੂੰ ਚਲਿਆ ਗਿਆ ਦੱਸਿਆ ਜਾਂਦਾ ਹੈ।

ਮੂਲਵਾਸੀਆਂ ਨਾਲ ਹੋਏ ਧੱਕਿਆਂ ਦੇ ਕਾਲੇ ਇਤਿਹਾਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਪਰ ਕੈਨੇਡਾ ਵਿੱਚ ਮੁਆਫੀਆਂ ਮੰਗਣ ਅਤੇ ਸਰਕਾਰੀ ਖਜਾਨੇ ਵਿੱਚੋਂ ਹਰਜਾਨੇ ਦੇਣ ਦਾ ਇੱਕ ਕਲਚਰ ਪੈਦਾ ਹੁੰਦਾ ਜਾਣਾ ਇੱਕ ਚਿੰਤਜਨਕ ਰੁਝਾਨ ਹੈ। ਜਿੱਥੇ ਇੰਡੀਅਨ ਹਸਪਤਾਲਾਂ ਦੇ ਮੁੱਕਦਮੇ ਵਿੱਚ ਦਰਜ਼ ਸਥਿਤੀਆਂ ਸੱਚਮੁੱਚ ਦਿਲ ਕੰਬਾਉਣ ਵਾਲੀਆਂ ਹਨ ਅਤੇ ਉਸਦੀ ਭਰਪਾਈ ਕਰਨਾ ਸਹੀ ਗੱਲ ਹੋਵੇਗੀ, ਉੱਥੇ ਕੈਨੇਡਾ ਨੂੰ ਇੱਕ ਮੁਲਕ ਵਜੋਂ ਇੱਕ ਮੋੜ ਉੱਤੇ ਜਾ ਕੇ ਫੈਸਲਾ ਕਰਨਾ ਹੋਵੇਗਾ ਕਿ ਕਿਸ ਪੱਧਰ ਦੀ ਪਰਖ ਤੋਂ ਗੁਜ਼ਰਨ ਵਾਲੇ ਕੇਸਾਂ ਨੂੰ ਹੀ ਹਰਜਾਨੇ ਲਈ ਵਿਚਾਰਿਆ ਜਾਵੇਗਾ। ਜਦੋਂ ਇਹ ਪੱਧਰ ਨਿਰਧਾਰਤ ਹੋ ਗਿਆ ਤਾਂ ਉਸਦੇ ਦੋ ਲਾਭ ਹੋਣਗੇ। ਪਹਿਲਾ ਇਹ ਕਿ ਇੰਡੀਅਨ ਹਸਪਤਾਲਾਂ ਵਰਗੇ ਸਹੀ ਕੇਸਾਂ ਵਿੱਚ ਇਨਸਾਫ਼ ਦਿੱਤਾ ਜਾਣਾ ਸੌਖਾ ਅਤੇ ਯਕੀਨੀ ਹੋਵੇਗਾ। ਦੂਜਾ ਲਾਭ ਇਹ ਹੋਵੇਗਾ ਕਿ ਬੋਗਸ ਵਿੱਚ ਸਰਕਾਰ ਤੋਂ ਡਾਲਰ ਝਾੜਨ ਦੀ ਆਸ ਵਾਲੇ ਕੇਸ ਖਤਮ ਕਰਨ ਵਿੱਚ ਮਦਦ ਮਿਲੇਗੀ।