ਇੰਟਰਨੈੱਟ ਬੰਦ ਕਰਨ ਦੇ ਫੈਸਲੇ ਨਾਲ ਸਾਰੇ ਦੋਆਬੇ ਵਿੱਚ ਜਨ ਜੀਵਨ ਪ੍ਰਭਾਵਤ


ਫਗਵਾੜਾ, 16 ਅਪ੍ਰੈਲ (ਪੋਸਟ ਬਿਊਰੋ)- ਕਪੂਰਥਲਾ ਜਿ਼ਲੇ ਦੇ ਫਗਵਾੜਾ ਸ਼ਹਿਰ ਵਿੱਚ ਬੀਤੇ ਦਿਨਾਂ ਤੋਂ ਦਲਿਤ ਸੰਗਠਨ ਤੇ ਸ਼ਿਵ ਸੈਨਾ ਵਿੱਚ ਪੈਦਾ ਹੋਏ ਵਿਵਾਦ ਦੇ ਬਾਅਦ ਪੰਜਾਬ ਸਰਕਾਰ ਨੇ ਜਦੋਂ ਅਫਵਾਹਾਂ ਫੈਲਣ ਤੋਂ ਰੋਕਣ ਲਈ ਇੰਟਰਨੈੱਟ ਉੱਤੇ ਰੋਕ ਲਾਉਣ ਦਾ ਜੋ ਫੈਸਲਾ ਲਿਆ ਹੈ, ਉਸ ਨਾਲ ਅਫਵਾਹਾਂ ਨੂੰ ਰੋਕਣ ਵਿੱਚ ਸਫਲਤਾ ਮਿਲੀ ਹੈ, ਪਰ ਇੰਟਰਨੈੱਟ ਨਾਲ ਘਰਾਂ ਅਤੇ ਰਾਹ ਚੱਲਦਿਆਂ ਕੀਤੇ ਜਾਣ ਵਾਲੇ ਬਹੁਤ ਸਾਰੇ ਕੰਮ ਵੀ ਰੁਕ ਗਏ ਹਨ। ਆਮ ਲੋਕਾਂ ਤੇ ਵਪਾਰੀਆਂ ਸਮੇਤ ਸਭ ਤੋਂ ਵੱਧ ਅਕਾਊਂਟੈਂਟਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਯੂਨਾਈਟਿਡ ਅਕਾਊਂਟੈਂਟਸ ਐਸੋਸ਼ੀਏਸ਼ਨ ਦੇ ਮੁਖੀ ਦੀਪਕ ਪਾਠਕ ਤੇ ਜਨਰਲ ਸਕੱਤਰ ਮਦਨ ਮੋਹਨ ਖੱਟੜ ਨੇ ਕਿਹਾ ਹੈ ਕਿ ਜੋ ਕਾਰੋਬਾਰੀ ਲੋਕ ਆਪਣੇ ਜ਼ਰੂਰੀ ਕੰਮ ਮੋਬਾਈਲ ਦੀ ਇੰਟਰਨੈੱਟ ਸਹੂਲਤ ਦੇ ਨਾਲ ਕਰਦੇ ਸਨ, ਉਹ ਕਾਰੋਬਾਰ ਲਗਭਗ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕਾਂ ਕੋਲ ਇੰਟਰਨੈੱਟ ਸੇਵਾ (ਵਾਈ-ਫਾਈ) ਹੈ, ਉਹ ਹੀ ਜ਼ਰੂਰੀ ਕੰਮ ਕਰ ਸਕਦੇ ਹਨ। ਅੱਜ ਦੇ ਦੌਰ ਵਿੱਚ ਮੋਬਾਇਲ ਵਿੱਚ ਮਿਲਦੀ ਇੰਟਰਨੈੱਟ ਸੇਵਾ ਨਾਲ ਲੋਕ ਰੇਲ ਗੱਡੀਆਂ ਦੇ ਆਉਣ-ਜਾਣ ਦੀ ਜਾਣਕਾਰੀ ਵੀ ਲੈਂਦੇ ਹਨ ਤੇ ਉਨ੍ਹਾਂ ਨੂੰ ਬੇਹੱਦ ਪ੍ਰੇਸ਼ਾਨੀ ਇੰਟਰਨੈੱਟ ਸੇਵਾ ਬੰਦ ਹੋਣ ਨਾਲ ਹੋ ਰਹੀ ਹੈ। ਡਾ. ਯਸ਼ ਚੋਪੜਾ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਇੰਟਰਨੈੱਟ ਜੀਵਨ ਦਾ ਜ਼ਰੂਰੀ ਅੰਗ ਬਣ ਚੁੱਕਾ ਹੈ ਅਤੇ ਲੋਕ ਹੁਣ ਆਪਣੇ ਵਿਚਾਰ ਨੂੰ ਫੇਸਬੁੱਕ ਅਤੇ ਵਟਸਐਪ ਜ਼ਰੀਏ ਦੱਸਦੇ ਹਨ। ਇੰਟਰਨੈੱਟ ਦੇ ਬੰਦ ਹੋਣ ਨਾਲ ਲੋਕਾਂ ਦੀ ਆਜ਼ਾਦੀ ਉੱਤੇ ਰੋਕ ਲੱਗ ਗਈ ਅਤੇ ਜ਼ਿੰਦਗੀ ਦੀ ਰਫਤਾਰ ਵਿੱਚ ਕਾਫੀ ਕਮੀ ਆਈ ਹੈ।
ਪੰਜਾਬ ਸਰਕਾਰ ਵੱਲੋਂ ਇੰਟਰਨੈੱਟ ਬੰਦ ਕਰਨਾ ਸ਼ਲਾਘਾ ਯੋਗ ਹੈ, ਕਿਉਂਕਿ ਕੁਝ ਲੋਕ ਹਾਲਾਤ ਵਿਗਾੜਨ ਲਈ ਕੁਝ ਅਜਿਹੀਆਂ ਚੀਜ਼ਾਂ ਮਿੰਟਾਂ ਵਿੱਚ ਅੱਗੇ ਭੇਜ ਦਿੰਦੇ ਹਨ, ਜਿਸ ਨਾਲ ਸਰਕਾਰੀ ਤੇ ਗੈਰ-ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਹੈ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮੋਬਾਇਲ ਵਿੱਚ ਨੈੱਟ ਦੀ ਵਰਤੋਂ ਕਰਕੇ ਗੂਗਲ ਤੋਂ ਕਈ ਜਾਣਕਾਰੀਆਂ ਹਾਸਲ ਹੁੰਦੀਆਂ ਹਨ। ਇੰਟਰਨੈੱਟ ਸੇਵਾ ਬੰਦ ਹੋਣ ਉੱਤੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।