ਇੰਟਰਨੈਟ ਮੀਡੀਆ ਤੇ ਖਬਰਾਂ ਦਾ ਸੱਚ

internet media
-ਪਰਵਿੰਦਰਜੀਤ ਸਿੰਘ
ਤਕਨਾਲੋਜੀ ਆਉਣ ਦੇ ਨਾਲ-ਨਾਲ ਮੀਡੀਆ ਦਾ ਰੂਪ ਵੀ ਬਦਲਿਆ ਹੈ। ਪਹਿਲਾਂ ਮੀਡੀਆ ਵਿੱਚ ਪੱਤਰਕਾਰ ਖਬਰ ਦੀ ਤੈਅ ਤੱਕ ਜਾ ਕੇ ਉਸ ਦੀ ਸੱਚਾਈ ਦਾ ਪਤਾ ਲਾ ਕੇ ਅਖਬਾਰ ਤੱਕ ਆਪਣੀ ਖਬਰ ਪਹੁੰਚਾਉਂਦੇ ਸਨ ਅਤੇ ਕਾਲਮ ਨਵੀਸ ਬੜੀ ਡੂੰਘਾਈ ਨਾਲ ਆਪਣੇ ਨਜ਼ਰੀਏ ਤੋਂ ਲੋਕ ਪੱਖੀ ਗੱਲ ਰੱਖਦੇ ਸਨ। ਹੁਣ ਪ੍ਰਿੰਟ ਮੀਡੀਆ, ਰੇਡੀਓ ਤੇ ਲਾਈਵ ਮੀਡੀਆ ਦੀ ਥਾਂ ਇੰਟਰਨੈਟ ਮੀਡੀਆ ਲੈ ਰਿਹਾ ਹੈ। ਪਹਿਲਾਂ ਜਿਹੜੀ ਖਬਰ ਜਾਂਚ ਪਰਖ ਕੇ ਇਕ ਦਿਨ ਤੋਂ ਹਫਤੇ ਵਿਚਾਲੇ ਪਹੁੰਚਦੀ ਸੀ, ਹੁਣ ਚੁਟਕੀਆਂ ਵਿੱਚ ਇੰਟਰਨੈਟ ਮੀਡੀਆ ਰਾਹੀਂ ਲੋਕਾਂ ਤੱਕ ਚਲੀ ਜਾਂਦੀ ਹੈ। ਕਿਸੇ ਵੀ ਚੈਨਲ, ਰੇਡੀਓ ਅਤੇ ਅਖਬਾਰ ਵਿੱਚ ਸਹੀ ਅਤੇ ਪ੍ਰਮਾਣਿਕ ਖਬਰ ਦਾ ਨਿਰੀਖਣ ਕਰਨ ਲਈ ਬਹੁਤ ਵੱਡੀ ਟੀਮ ਕੰਮ ਕਰਦੀ ਹੈ, ਜਿਸ ਵਿੱਚ ਸੰਪਾਦਕ, ਪੱਤਰਕਾਰ, ਰੀਡਰ, ਸੋਧਕ, ਚੈਕਰ, ਨਿਰੀਖਕ ਹੁੰਦੇ ਹਨ। ਉਨ੍ਹਾਂ ਸਭ ਤੋਂ ਹੋ ਕੇ ਕੋਈ ਖਬਰ ਲੋਕਾਂ ਤੱਕ ਜਾਂਦੀ ਹੈ, ਪਰ ਹੁਣ ਲੋਕਾਂ ਵਿੱਚ ਇਸ ਦੀ ਰੁਚੀ ਘਟ ਕੇ ਇੰਟਰਨੈਟ ਮੀਡੀਆ ਰਾਹੀਂ ਜਲਦ ਤੋਂ ਜਲਦ ਕਿਸੇ ਖਬਰ ਨੂੰ ਜਾਨਣ ਦੀ ਇੱਛਾ ਵਧ ਗਈ ਹੈ। ਕੋਈ ਸੱਚੀ ਖਬਰ ਹੋਵੇ ਜਾਂ ਝੂਠੀ, ਖਬਰ ਲੋਕਾਂ ਵਿੱਚ ਅੱਗ ਦੀ ਤਰ੍ਹਾਂ ਫੈਲਦੀ ਸਮਾਂ ਨਹੀਂ ਲੈਂਦੀ ਅਤੇ ਲੋਕ ਵੀ ਬਿਨਾਂ ਉਸ ਦੀ ਜਾਂਚ ਕੀਤੇ ਉਸ ਨੂੰ ਸੱਚ ਮਨ ਲੈਂਦੇ ਹਨ। ਇਸ ਦਾ ਫਾਇਦਾ ਲੋਕ ਹੀ ਨਹੀਂ, ਰਾਜਸੀ ਪਾਰਟੀਆਂ ਅਤੇ ਸ਼ਰਾਰਤੀ ਅਨਸਰ ਵੀ ਆਪਣੇ ਹਿੱਤ ਵਿੱਚ ਲੈਣ ਲਈ ਕਰਦੇ ਹਨ। ਵੱਟਸਐਪ, ਟਵਿੱਟਰ, ਫੇਸਬੁੱਕ, ਯੂਟਿਊਬ ‘ਤੇ ਕੋਈ ਖਬਰ ਜਾਂ ਜਾਣਕਾਰੀ ਪੈਣ ਦੇ ਨਾਲ ਉਸ ਨੂੰ ਪਸੰਦ ਅਤੇ ਅੱਗੇ ਵਧਾਉਣ (ਸ਼ੇਅਰ) ਦਾ ਕੰਮ ਚੱਲ ਪੈਂਦਾ ਹੈ। ਬੁੱਧੀਜੀਵੀ ਵੀ ਇਨ੍ਹਾਂ ਖਬਰਾਂ ਨੂੰ ਸੱਚ ਮਨ ਕੇ ਅੱਗੇ ਭੇਜਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਅੱਖਾਂ ਬੰਦ ਕਰਕੇ ਉਸ ਖਬਰ/ਜਾਣਕਾਰੀ ਨੂੰ ਸੱਚ ਮਨ ਲੈਂਦੇ ਹਨ।
ਖਾਣ ਪੀਣ ਦੀਆਂ ਵਸਤਾਂ ਬਾਰੇ ਇੰਨੇ ਵੀਡੀਓ/ ਤਸਵੀਰਾਂ/ ਖਬਰਾਂ ਵਾਇਰਲ ਹੁੰਦੀਆਂ ਹਨ ਕਿ ਬੰਦਾ ਖਾਣਾ ਹੀ ਛੱਡ ਦਵੇ। ਕੁਝ ਦਿਨ ਪਹਿਲਾਂ ਪਲਾਸਟਿਕ ਦੇ ਚੌਲਾਂ ਦਾ ਵੀਡੀਓ ਸਾਹਮਣੇ ਆਇਆ ਸੀ। ਹੋ ਸਕਦਾ ਹੈ ਕਿ ਇਸ ਤਰ੍ਹਾਂ ਹੋਇਆ ਵੀ ਹੋਵੇ, ਪਰ ਤਕਨੀਕੀ ਆਧਾਰ ‘ਤੇ ਵੇਖੀਏ ਤਾਂ ਪਲਾਸਟਿਕ ਕਦੇ ਉਬਲ ਨਹੀਂ ਸਕਦਾ ਅਤੇ ਜੇ ਉਸ ਨੂੰ ਜ਼ਿਆਦਾ ਤਾਪਮਾਨ ‘ਤੇ ਰੱਖਿਆ ਜਾਵੇ ਤਾਂ ਸੜ ਜਾਵੇਗਾ। ਇਸੇ ਤਰ੍ਹਾਂ ਨਕਲੀ ਆਂਡੇ ਦਾ ਵੀਡੀਓ ਵੀ ਚਰਚਾ ਵਿੱਚ ਰਿਹਾ ਹੈ। ਇਕ 3-5 ਰੁਪਏ ਦੀ ਚੀਜ਼ ‘ਤੇ 10-20 ਰੁਪਏ ਲਾ ਕੇ ਹੁਬਹੂ ਉਸਦੀ ਨਕਲ ਕਰਕੇ ਕੁਝ ਉਸ ਤਰ੍ਹਾਂ ਬਣਾ ਕੇ ਅਸਲੀ ਵਸਤ ਦੀ ਕੀਮਤ ਤੋਂ ਵੀ ਘੱਟ ਬਾਜ਼ਾਰ ਵਿੱਚ ਵੇਚਣਾ ਸਮਝ ਤੋਂ ਬਾਹਰ ਲੱਗਦਾ ਹੈ।
ਇੰਟਰਨੈਟ ਮੀਡੀਆ ‘ਤੇ ਉਨਾ ਹੀ ਦਿਖਾਇਆ ਜਾਂਦਾ ਹੈ, ਜਿਸ ਵਿੱਚ ਜਗਿਆਸਾ ਹੋਵੇ, ਉਸ ਦਾ ਸੱਚ ਬਹੁਤ ਘੱਟ ਦਿਖਾਇਆ ਜਾਂਦਾ ਹੈ। ਰਾਜਨੀਤਕ ਪਾਰਟੀਆਂ ਦੇ ਚਿਹਰੇ ਜਾਂ ਆਵਾਜ਼ ਬਦਲ ਕੇ ਇਕ ਦੂਜੇ ਨੂੰ ਬਦਨਾਮ ਕਰਨ ਦਾ ਕੰਮ ਵੀ ਸ਼ਰਾਰਤੀ ਅਨਸਰ ਖੂਬ ਕਰ ਰਹੇ ਹਨ। ਚਾਹੇ ਇਸ ਵਿੱਚ ਕਿਸੇ ਮੰਤਰੀ ਨੂੰ ਕੋਈ ਫਾਇਦਾ ਹੋਵੇ ਜਾਂ ਨਾ, ਪਰ ਇਸ ਨਾਲ ਸਮਾਜ ਵਿੱਚ ਲੜਾਈ ਝਗੜਾ ਹੁੰਦੇ ਦੇਰ ਨਹੀਂ ਲੱਗਦੀ। ਇਸੇ ਤਰ੍ਹਾਂ ਘਰ ਦਾ ਵੈਦ ਬਣ ਕੇ ਮੀਡੀਆ ਬਹੁਤੀਆਂ ਬਿਮਾਰੀਆਂ ਦੇ ਹੱਲ ਬਿਨਾਂ ਪੈਸੇ ਲਏ ਦੱਸ ਦਿੰਦਾ ਹੈ। ਹੋ ਸਕਦਾ ਹੈ ਇਨ੍ਹਾਂ ਵਿੱਚ ਕੁਝ ਦਾ ਲਾਭ ਵੀ ਹੋਵੇ, ਪਰ ਕਿਸੇ ਵੀ ਇੰਟਰਨੈਟ ਖਬਰ ਦੀ ਸੱਚਾਈ ਪਤਾ ਲਾ ਕਿ ਉਸ ਨੂੰ ਅੱਗੇ ਭੇਜਣਾ ਚਾਹੀਦਾ ਹੈ।
ਭਾਰਤੀ ਕਾਨੂੰਨ ਵਿੱਚ ਕਿਸੇ ਦੋਸ਼ੀ, ਖਾਸ ਕਰ ਪੀੜਤ ਔਰਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ, ਪਰ ਇਸ ਮੀਡੀਆ ਰਾਹੀਂ ਕਿਸੇ ਵੀ ਔਰਤ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੀ ਤਸਵੀਰ ਜਾਂ ਹੋਰ ਇਤਰਾਜ਼ ਯੋਗ ਸਮੱਗਰੀ ਜੋੜ ਦਿੱਤੀ ਜਾਂਦੀ ਹੈ ਤੇ ਲੋਕ ਉਸ ਨੂੰ ਅੱਗੇ ਭੇਜਦੇ ਹਨ ਜੋ ਬਿਲਕੁਲ ਗਲਤ ਹੈ। ਬਹੁਤੀ ਵਾਰ ਵਾਇਰਲ ਵੀਡੀਓ ਦੀ ਸੱਚਾਈ ਝੂਠੀ ਹੁੰਦੀ ਹੈ, ਪਰ ਕਈ ਵਾਰ ਇਸ ਤਰ੍ਹਾਂ ਦੀ ਸਥਿਤੀ ਵੀ ਬਣ ਜਾਂਦੀ ਹੈ ਕਿ ਜਿਸ ਵਿੱਚ ਅਸੀਂ ਖਬਰ ਨੂੰ ਜਾਂਚਣ ਪਰਖਣ ਵਿੱਚ ਅਸਮਰੱਥ ਹੁੰਦੇ ਹਾਂ, ਜਿਸ ਤਰ੍ਹਾਂ ਕਈ ਵੀਡੀਓ/ ਤਸਵੀਰਾਂ ਆਉਂਦੀਆਂ ਹਨ ਕਿ ਕੋਈ ਬੱਚਾ ਲਾਪਤਾ ਹੈ ਜਾਂ ਕਿਸੇ ਨੂੰ ਖੂਨ ਦੀ ਜ਼ਰੂਰਤ ਹੈ ਅਤੇ ਕੁਝ ਕੇਸ ਇਸ ਤਰ੍ਹਾਂ ਦੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਬੱਚੇ ਜਾਂ ਕਿਸੇ ਦੀ ਜਾਨ ਵੀ ਬਚਾਈ ਜਾ ਸਕੀ ਹੋਵੇ। ਇਸ ਸੱਚ ਝੂਠ ਦੀ ਪਰਖ ਕਿਸ ਤਰ੍ਹਾਂ ਕੀਤੀ ਜਾਵੇ ਇਕ ਸੂਝਵਾਨ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਬਤੌਰ ਜ਼ਿੰਮੇਵਾਰ ਨਾਗਰਿਕ, ਉਹੀ ਇੰਟਰਨੈਟ ਮੀਡੀਆ ਉਪਰ ਸ਼ੇਅਰ ਕਰੇ ਜਿਸ ਵਿੱਚ ਤੁਹਾਨੂੰ ਤੱਥ ਸਹੀ ਹੋਣ ਦੀ ਪੁਖਤਾ ਜਾਣਕਾਰੀ ਹੋਵੇ।