ਇੰਜੀਨੀਅਰਿੰਗ ਦੇ ਅੱਠ ਸਟੂਡੈਂਟ ਪਿਕਨਿਕ ਮਨਾਉਂਦੇ ਹੋਏ ਸਮੁੰਦਰ ਵਿੱਚ ਡੁੱਬ ਗਏ

karnatka sea engineers
ਵਾਇਰੀ, 16 ਅਪ੍ਰੈਲ (ਪੋਸਟ ਬਿਊਰੋ)- ਕਰਨਾਟਕ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਅੱਠ ਵਿਦਿਆਰਥੀਆਂ ਦੀ ਬੀਤੇ ਦਿਨ ਮਹਾਰਾਸ਼ਟਰ ਦੇ ਸਿੰਧੂਦੁਰਗਾ ਜ਼ਿਲ੍ਹੇ ਦੇ ਵਾਇਰੀ ਤੱਟ ਦੇ ਨੇੜੇ ਪਿਕਨਿਕ ਮਨਾਉਂਦਿਆਂ ਅਰਬ ਸਾਗਰ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਖਬਰ ਆਈ ਹੈ।
ਪੁਲਸ ਦੇ ਦੱਸਣ ਮੁਤਾਬਕ ਮਰਾਠਾ ਇੰਜੀਨੀਅਰਿੰਗ ਕਾਲਜ ਬੇਲਗਾਮ ਦੇ ਇਹ ਸਾਰੇ ਵਿਦਿਆਰਥੀ ਸਮੁੰਦਰ ਵਿੱਚ ਤੈਰਾਕੀ ਕਰਦੇ ਡੁੱਬ ਗਏ। ਮ੍ਰਿਤਕ ਵਿਦਿਆਰਥੀਆਂ ਵਿੱਚ ਤਿੰਨ ਲੜਕੀਆਂ ਤੇ ਪੰਜ ਲੜਕੇ ਸਨ। ਪੁਲਸ ਦੇ ਇੱਕ ਅਧਿਕਾਰੀ ਦੇ ਮੁਤਾਬਕ ਮਰਾਠਾ ਇੰਜੀਨੀਅਰਿੰਗ ਕਾਲਜ ਦੇ 47 ਵਿਦਿਆਰਥੀਆਂ ਦਾ ਗਰੁੱਪ ਪਿਕਨਿਕ ਮਨਾਉਣ ਲਈ ਅਰਬ ਸਾਗਰ ਦੇ ਕੰਢੇ ਵਾਇਰੀ ਤੱਟ ‘ਤੇ ਗਿਆ ਸੀ। ਇਨ੍ਹਾਂ ਵਿੱਚੋਂ ਕੱਲ੍ਹ ਦੁਪਹਿਰ ਤਿੰਨ ਜਣੇ ਸਮੁੰਦਰ ‘ਚ ਤੈਰਨ ਲਈ ਉਤਰ ਗਏ। ਇਸੇ ਦੌਰਾਨ ਸਮੁੰਦਰ ਵਿੱਚ ਜਵਾਰ ਆ ਗਿਆ ਤਾਂ ਤਰਦੇ ਹੋਏ ਡੂੰਘੇ ਸਮੁੰਦਰ ਵਿੱਚ ਗਏ ਕੁਝ ਵਿਦਿਆਰਥੀ ਡੁੱਬਣ ਲੱਗੇ। ਗੋਤਾਖੋਰਾਂ ਨੇ ਤਿੰਨ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਬਚਾਅ ਲਿਆ, 19 ਖੁਦ ਹੀ ਤੈਰ ਕੇ ਬਾਹਰ ਨਿਕਲ ਆਏ। ਪੁਲਸ ਮੁਤਾਬਕ ਅੱਠ ਵਿਦਿਆਰਥੀ ਸਮੁੰਦਰ ਦੀਆਂ ਲਹਿਰਾਂ ਵਿੱਚ ਸਮਾ ਗਏ। ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।