ਇੰਗਲੈਂਡ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਦਾ ਕਤਲ

murder
ਲੰਡਨ, 22 ਸਤੰਬਰ (ਪੋਸਟ ਬਿਊਰੋ)- ਇੰਗਲੈਂਡ ਦੇ ਸਾਊਥੈਂਪਟਨ ਸ਼ਹਿਰ ਵਿੱਚ 39 ਸਾਲਾ ਪੰਜਾਬੀ ਮੂਲ ਦੇ ਵਿਅਕਤੀ ਕ੍ਰਿਪਾਲ ਸਿੰਘ ਸੰਘੇੜਾ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੀ ਖਬਰ ਮਿਲੀ ਹੈ। ਇਹ ਘਟਨਾ ਬੀਤੇ ਦਿਨੀਂ ਯੂਰਪੀਨ ਰੋਡ ਤੇ ਰੈਡਕਲਿਫ ਰੋਡ ਦੇ ਜੰਕਸ਼ਨ ‘ਤੇ ਵਾਪਰੀ।
ਸਾਊਥੈਂਪਟਨ ਪੁਲਸ ਵੱਲੋਂ ਇਸ ਬਾਰੇ 42 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੌਕੇ ਦੇ ਗਵਾਹਾਂ ਅਨੁਸਾਰ ਦੋ ਬੱਚਿਆਂ ਦੇ ਪਿਤਾ ਕ੍ਰਿਪਾਲ ਸਿੰਘ ‘ਤੇ ਕਈ ਵਾਰ ਚਾਕੂ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਥੋਂ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਹਸਪਤਾਲ ‘ਚ ਸੰਘੇੜਾ ਦੀ ਮੌਤ ਹੋ ਗਈ। ਕ੍ਰਿਪਾਲ ਦੀ ਭੈਣ ਜਗਪਾਲ ਦੁਸਾਂਝ ਨੇ ਕਿਹਾ ਕਿ ਉਹ ਬਹੁਤ ਨੇਕ ਦਿਲ ਇਨਸਾਨ ਸੀ। ਪੁਲਸ ਅਤੇ ਜਾਂਚ ਅਧਿਕਾਰੀਆਂ ਵੱਲੋਂ ਘਰ-ਘਰ ਜਾ ਕੇ ਘਟਨਾ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਸ ਦੇ ਜ਼ਿਲਾ ਕਮਾਂਡਰ ਸੁਪਰਡੈਂਟ ਅਲੀ ਹੈਦਰੀ ਨੇ ਇਸ ਦੀ ਜਾਣਕਾਰੀ ਦੇਣ ਲਈ ਲੋਕਾਂ ਨੂੰ ਅੱਗੇ ਆਉਣ ਨੂੰ ਕਿਹਾ ਹੈ, ਖਾਸ ਤੌਰ ‘ਤੇ ਘਟਨਾ ਮੌਕੇ ਘਟਨਾ ਸਥਾਨ ਤੋਂ ਲੰਘੀਆਂ ਦੋ ਕਾਰਾਂ ਦੇ ਸਵਾਰਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਗਈ ਹੈ। ਪੁਲਸ ਨੇ ਕਰੈਨਬਰੀ ਐਵੇਨਿਊ ਤੋਂ ਇਕ ਫਲੈਟ ਦਾ ਦਰਵਾਜ਼ਾ ਭੰਨ ਕੇ ਜਾਂਚ ਪੜਤਾਲ ਕੀਤੀ, ਜਿਸ ਤੋਂ ਬਾਅਦ ਇਕ ਗ੍ਰਿਫਤਾਰੀ ਵੀ ਕੀਤੀ ਗਈ।