ਇਜ਼ਰਾਈਲ ਨੇ ਅਲ-ਅਕਸਾ ਮਸਜਿਦ ਸ਼ਰਧਾਲੂਆਂ ਲਈ ਖੋਲ੍ਹੀ

aksa mosque
ਯੇਰੂਸ਼ਲਮ, 17 ਜੁਲਾਈ (ਪੋਸਟ ਬਿਊਰੋ)- ਇਜ਼ਰਾਈਲ ਨੇ ਅੱਤਵਾਦੀ ਹਮਲੇ ਤੋਂ ਬਾਅਦ ਤੋਂ ਬੰਦ ਕੀਤੀ ਇਤਿਹਾਸਕ ਅਲ-ਅਕਸਾ ਮਸਜਿਦ ਕੱਲ੍ਹ ਸ਼ਰਧਾਲੂਆਂ ਲਈ ਖੋਲ੍ਹ ਦਿੱਤੀ ਹੈ। ਫਿਲਹਾਲ ਇਸ ਵਿੱਚ ਸੀਮਿਤ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਮਸਜਿਦ ਦੇ ਗੇਟ ਉੱੇ ਮੈਟਲ ਡਿਟੈਕਟਰ ਅਤੇ ਸੀ ਸੀ ਟੀ ਵੀ ਕੈਮਰੇ ਲਾਉਣ ਦਾ ਕੰਮ ਚੱਲ ਰਿਹਾ ਹੈ, ਤਾਂ ਕਿ ਫਿਰ ਕੋਈ ਵਾਰਦਾਤ ਹੋਣ ਬਾਰੇ ਚੌਕਸੀ ਰੱਖੀ ਜਾ ਸਕੇ।
ਵਰਨਣ ਯੋਗ ਹੈ ਕਿ ਅਰਬੀ ਮੂਲ ਦੇ ਤਿੰਨ ਹਮਲਾਵਰਾਂ ਨੇ ਸ਼ੁੱਕਰਵਾਰ ਨੂੰ ਪੁਰਾਣੇ ਯੇਰੂਸ਼ਲਮ ਵਿੱਚ ਅੰਨ੍ਹੇਵਾਹ ਗੋਲੀਆਂ ਵਰ੍ਹਾ ਕੇ ਦੋ ਪੁਲਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਸੀ। ਤਿੰਨੇ ਜਣੇ ਟੈਂਪਲ ਮਾਊਂਟ (ਹਰਮ ਅਲ-ਸ਼ਰੀਫ) ਵੱਲ ਭੱਜ ਗਏ ਸਨ। ਬਾਅਦ ਵਿੱਚ ਸੁਰੱਖਿਆ ਬਲਾਂ ਨੇ ਉਨ੍ਹਾਂ ਤਿੰਨਾਂ ਨੂੰ ਮਾਰ ਦਿੱਤਾ ਸੀ। ਇਜ਼ਰਾਈਲੀ ਅਧਿਕਾਰੀਆਂ ਨੇ ਹਮਲਾਵਰਾਂ ਦੇ ਅਲ-ਅਕਸਾ ਮਸਜਿਦ ਵੱਲੋਂ ਆਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਮਸਜਿਦ ਨੂੰ ਬੰਦ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਪੜ੍ਹਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸ਼ਨਿਚਰਵਾਰ ਵੀ ਇਸ ਨੂੰ ਬੰਦ ਰੱਖਿਆ ਗਿਆ ਸੀ। ਜੌਰਡਨ ਤੇ ਫਲਸਤੀਨ ਨੇ ਇਸ ‘ਤੇ ਸਖਤ ਇਤਰਾਜ਼ ਕੀਤਾ ਸੀ। ਇਜ਼ਰਾਈਲ ਨੇ ਕਿਹਾ ਹੈ ਕਿ ਸੁਰੱਖਿਆ ਜਾਂਚ ਲਈ ਮਸਜਿਦ ਨੂੰ ਬੰਦ ਕਰਨਾ ਜ਼ਰੂਰੀ ਹੋ ਗਿਆ ਸੀ।