ਇਜ਼ਰਾਇਲ ਤੇ ਪੰਜਾਬ ਖੇਤੀਬਾੜੀ, ਡੇਅਰੀ ਫਾਰਮਿੰਗ, ਪੁਲਸ ਸਿਖਲਾਈ, ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ’ਚ ਕਰਨਗੇ

esrileਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ): ਇਜ਼ਰਾਇਲ ਨੇ ਪੰਜਾਬ ਵਿੱਚ ਨਿੱਜੀ ਨਿਵੇਸ਼ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਤਕਨਾਲੋਜੀ ਦੇ ਅਦਾਨ-ਪ੍ਰਦਾਨ, ਪੁਲੀਸ ਤੇ ਸੁਰੱਖਿਆ ਸਿਖਲਾਈ, ਖੇਤੀਬਾੜੀ ਤੇ ਸਿੰਚਾਈ, ਡੇਅਰੀ ਫਾਰਮਿੰਗ ਸਣੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਿਲਚਸਪੀ ਦਿਖਾਈ ਹੈ।
ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਡੇਨਿਅਲ ਕੈਰਮੋਨ ਵਿਚਕਾਰ ਹੋਈ ਇਕ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਦੁਵੱਲੇ ਹਿੱਤਾਂ ਨਾਲ ਸਬੰਧਤ ਮੁੱਦਿਆਂ ਬਾਰੇ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਣ ਲਈ ਪੰਜਾਬ-ਇਜ਼ਰਾਇਲ ਵਰਕਿੰਗ ਗਰੁੱਪ ਸਥਾਪਤ ਕਰਨ ਲਈ ਸੰਭਾਵਨਾਵਾਂ ਨੂੰ ਤਲਾਸ਼ਣ ਦਾ ਫੈਸਲਾ ਕੀਤਾ ਹੈ। ਇਜ਼ਰਾਇਲ ਦੇ ਰਾਜਦੂਤ ਵੱਲੋਂ ਲੰਮੀ ਮਿਆਦ ਦੇ ਸਹਿਯੋਗ ਲਈ ਅਜਿਹਾ ਗਰੁੱਪ ਬਣਾਉਣ ਦੇ ਦਿੱਤੇ ਸੁਝਾਅ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਮਾਮਲਾ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਉਠਾਉਣ ਦਾ ਵਾਅਦਾ ਕੀਤਾ ਹੈ।
ਠੁਕਰਾਲ ਤੋਂ ਇਲਾਵਾ ਮੁੱਖ ਮੰਤਰੀ ਦੇ ਨਾਲ ਮੀਟਿੰਗ ਵਿਚ ਸੂਬੇ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀ.ਜੀ.ਪੀ.ਸੁਰੇਸ਼ ਅਰੋੜਾ, ਏ.ਡੀ.ਜੀ.ਪੀ ਇੰਟੈਲੀਜੈਂਸ ਦਿਨਕਰ ਗੁਪਤਾ, ਵਿਸ਼ੇਸ਼ ਮੁੱਖ ਸਕੱਤਰ (ਬਾਗਬਾਨੀ ਤੇ ਜੰਗਲਾਤ) ਹਿੰਮਤ ਸਿੰਘ ਅਤੇ ਦਿੱਲੀ ਵਿਖੇ ਪੰਜਾਬ ਰੈਜ਼ੀਡੈਂਟ ਕਮਿਸ਼ਨਰ ਰਾਹੁਲ ਭੰਡਾਰੀ ਹਾਜ਼ਰ ਸਨ।ਇਜ਼ਰਾਇਲ ਦੇ ਰਾਜਦੂਤ ਨਾਲ ਡਿਪਟੀ ਚੀਫ ਆਫ ਮਿਸ਼ਨ ਸ੍ਰੀਮਤੀ ਡਾਨਾ ਕੁਰਸ਼ ਅਤੇ ਪ੍ਰਥਮ ਸਕੱਤਰ ਅਤੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਅਡਵਾ ਵਿਲਚਿੰਸਕੀ ਹਾਜ਼ਰ ਸਨ।
ਇਜ਼ਰਾਇਲ ਦੇ ਰਾਜਦੂਤ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦਾ ਦੇਸ਼ ਸਰਕਾਰ ਤੋਂ ਸਰਕਾਰ ਨਾਲ ਸਬੰਧਾਂ ਤੋਂ ਪਰੇ੍ਹ ਵੀ ਆਪਸੀ ਸਬੰਧਾਂ ਦਾ ਪਾਸਾਰ ਕਰਨ ਵਿਚ ਦਿਲਚਸਪੀ ਰੱਖਦਾ ਹੈ ਅਤੇ ਉਹ ਇਜ਼ਰਾਇਲ ਦੇ ਨਿੱਜੀ ਖੇਤਰ ਦੇ ਵਪਾਰ ਦੇ ਪਾਸਾਰ ਦੀਆਂ ਸੰਭਾਵਨਾਵਾਂ ਵਿਚ ਵੀ ਰੁਚੀ ਰੱਖਦਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਆਈ.ਟੀ. ਅਤੇ ਕਮਿਊਨੀਕੇਸ਼ਨ ਹੱਬ ਦੀਆਂ ਸੰਭਾਵਨਾਵਾਂ ਦੇ ਨਾਲ ਤਕਨਾਲੋਜੀ ਦੇ ਸਹਿਯੋਗ ਵਿੱਚ ਵੀ ਦਿਲਚਸਪੀ ਦਿਖਾਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਸੀ ਵਿਕਾਸ ਲਈ ਇਹ ਖੇਤਰ ਬਹੁਤ ਮਹੱਤਵਪੂਰਨ ਹਨ।
ਕੈਪਟਨ ਅਮਰਿੰਦਰ ਨੇ ਇਜ਼ਰਾਇਲ ਨੂੰ ਪੰਜਾਬ ਵਿੱਚ ਖੇਤੀ ਦਾ ਸਾਜ਼ੋ-ਸਾਮਾਨ ਬਣਾਉਣ ਦਾ ਯੂਨਿਟ ਲਾਉਣ ਤੋਂ ਇਲਾਵਾ ਖੇਤੀ ਉਪਜ ਲਈ ਪ੍ਰਭਾਵੀ ਕੋਲਡ ਸਟੋਰੇਜ਼ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਸੂਬੇ ਦੀ ਮਦਦ ਕਰਨ ਦਾ ਸੁਝਾਅ ਦਿੱਤਾ।
ਇਜ਼ਰਾਇਲੀ ਗਾਵਾਂ ਦੁੱਧ ਦੀ ਪੈਦਾਵਾਰ ਪੱਖੋਂ ਵਿਸ਼ਵ ਦੇ ਸਿਖਰਲੇ ਤਿੰਨ ਸਥਾਨਾਂ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਕਰਦਿਆਂ ਸ੍ਰੀ ਕੈਰਮੋਨ ਨੇ ਪੰਜਾਬ ਨੂੰ ਭਰੂਣ ਅਤੇ ਬਣਾਵਟੀ ਸੀਮਨ ਦੀ ਤਕਨਾਲੋਜੀ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਤਾਂ ਕਿ ਸੂਬੇ ਵਿੱਚ ਡੇਅਰੀ ਦੇ ਧੰਦੇ ਨੂੰ ਹੋਰ ਅੱਗੇ ਵਧਾਇਆ ਜਾ ਸਕੇ।
ਦੋਵੇਂ ਧਿਰਾਂ ਨੇ ਪੁਲੀਸ/ਸੁਰੱਖਿਆ ਸਿਖਲਾਈ ਵਿੱਚ ਸਹਿਯੋਗ ’ਤੇ ਵਿਚਾਰ-ਵਟਾਂਦਰਾ ਕੀਤਾ ਜਿਸ ਬਾਰੇ ਇਜ਼ਰਾਇਲੀ ਦੂਤ ਨੇ ਕਿਹਾ ਇਹ ਸਿਖਲਾਈ ਉਨ੍ਹਾਂ ਦੇ ਮੁਲਕ ਜਾਂ ਪੰਜਾਬ ਵਿੱਚ ਕਰਵਾਈ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਕੈਰਮੋਨ ਨੇ ਆਪਸੀ ਸਹਿਮਤੀ ਜ਼ਾਹਰ ਕਰਦਿਆਂ ਆਖਿਆ ਕਿ ਸਿਖਲਾਈ ਲਈ ਪੰਜਾਬ ਸਪੈਸ਼ਲ ਓਪਰੇਸ਼ਨ ਗਰੁੱਪ ਕਾਇਮ ਕਰਨ ਦੀ ਸੰਭਾਵਨਾ ’ਤੇ ਵਿਚਾਰ ਕੀਤੀ ਜਾ ਸਕਦੀ ਹੈ। ਇਹ ਜ਼ਿਕਰਯੋਗ ਹੈ ਕਿ ਮਾਤਭੂਮੀ ਦੀ ਸੁਰੱਖਿਆ ਅਤੇ ਅਤਿਵਾਦੀ ਵਿਰੋਧੀ ਗਤੀਵਿਧੀਆਂ ਬਾਰੇ ਇਜ਼ਰਾਇਲ ਦਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨਾਲ ਪਹਿਲਾਂ ਹੀ ਸਮਝੌਤਾ ਤੈਅ ਹੈ।
ਦੋਵਾਂ ਧਿਰਾਂ ਨੇ ਖੇਤੀ ਤੇ ਹੋਰ ਖੇਤਰਾਂ ਦੇ ਮਾਹਿਰਾਂ ਦੇ ਆਦਾਨ-ਪ੍ਰਦਾਨ ਲਈ ਆਪਸੀ ਸਹਿਯੋਗ ਨੂੰ ਵਧਾਉਣ ਲਈ ਰਜ਼ਾਮੰਦ ਹੁੰਦਿਆਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਇਸ ਨੂੰ ਪਹਿਲ ਦੇ ਆਧਾਰ ’ਤੇ ਜਾਰੀ ਰੱਖਿਆ ਜਾਵੇਗਾ।