ਇਹ ਸੰਕਟ ਵਿਸ਼ਵ ਵਿਆਪੀ ਹੈ

2 Intoleanceਅਮਰੀਕਾ ਦੇ ਸ਼ਹਿਰ ਲਾਸ ਵੇਗਾਸ ਵਿੱਚ 64 ਸਾਲਾ ਸਟੀਫਨ ਪੈਡੋਕ ਵੱਲੋਂ ਗੋਲੀਆਂ ਚਲਾ ਕੇ ਮੌਜ ਮਸਤੀ ਕਰਨ ਗਏ 2 ਕੈਨੇਡੀਅਨਾਂ ਸਮੇਤ 58 ਵਿਅਕਤੀਆਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਇੱਕ ਪਾਸੇ ਆਈਸਿਸ ਨੇ ਦਾਅਵਾ ਕੀਤਾ ਹੈ ਕਿ ਇਹ ਕਤਲੇਆਮ ਉਸ ਵੱਲੋਂ ਤਿਆਰ ‘ਕੁਰਬਾਨੀ ਦੇ ਰਾਹ’ ਪਏ ਬੰਦੇ ਦੁਆਰਾ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਅਮਰੀਕਾ ਦੀ ਫੈਡਰਲ ਬਿਉਰੋ ਆਫ ਇਨਵੈਸਟੀਗੇਸ਼ਨ (ਐਫ ਬੀ ਆਈ) ਵੱਲੋਂ ਇਸ ਗੱਲ ਨੂੰ ਹਾਲੇ ਤਸਦੀਕ ਨਹੀਂ ਕੀਤਾ ਗਿਆ ਹੈ। ਲਾਸ ਵੇਗਾਸ ਪੁਲੀਸ ਦੀ ਡੀਵੀਜ਼ਨਲ ਸੁਪਰਡੰਟ ਦਾ ਇਹ ਬਿਆਨ ਸਾਡਾ ਧਿਆਨ ਜਰੂਰ ਖਿੱਚਦਾ ਹੈ ਜਿਸ ਵਿੱਚ ਉਸਨੇ ਆਖਿਆ ਕਿ “ਇਸ ਦੁਖਾਂਤ ਦਾ ਦਾਇਰਾ ਵਿਸ਼ਵ ਵਿਆਪੀ ਹੈ ਅਤੇ ਇਸਦਾ ਪ੍ਰਭਾਵ ਅਸੀਂ ਆਪਣੇ ਘਰ ਵਿੱਚ (ਉਸਦਾ ਭਾਵ ਅਮਰੀਕਾ ਤੋਂ ਹੈ) ਮਹਿਸੂਸ ਕਰ ਰਹੇ ਹਾਂ।

ਟਰੈਜਡੀ ਕੋਈ ਵੀ ਹੋਵੇ ਉਹ ਵਿਸ਼ਵ ਵਿਆਪੀ ਹੀ ਹੁੰਦੀ ਹੈ ਜਾਂ ਆਖ ਲਵੋ ਕਿ ਯੂਨੀਵਰਸਲ ਹੁੰਦੀ ਹੈ ਕਿਉਂਕਿ ਅਸੀਂ ਮਨੁੱਖਤਾ ਦੇ ਸਮੂਹ ਵਜੋਂ ਇੱਕ ਜਾਂ ਦੂਜੇ ਰੂਪ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਅੱਜ ਦੇ ਵਿਸ਼ਵ ਦੀ ਸੱਮਸਿਆ ਇਹ ਹੈ ਕਿ ਵਿਸ਼ਵ ਨੂੰ ਦਰਪੇਸ਼ ਮਸਲਿਆਂ ਨੂੰ ਤੋੜ ਕੇ ਸੌੜੇ ਨਜ਼ਰੀਏ ਤੋਂ ਵੇਖ ਕੇ ਹੱਲ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਜੇਕਰ ਸਮਾਜ ਵਿੱਚ ਪਈ ਵੰਡ ਨੂੰ ਤੋੜ ਕੇ ਵੇਖਣ ਦੀ ਬਿਰਤੀ ਨਾ ਹੋਵੇ ਤਾਂ ਪੀਟਰਬਰੋ (ਉਂਟੇਰੀਓ) ਵਿੱਚ ਸੱਜੇ ਪੱਖੀ ਗੁੱਟ ਵੱਲੋਂ ਐਲਾਨੀ ਗਈ ਰੈਲੀ ਦੇ ਵਿਰੋਧ ਵਿੱਚ ਉੱਤਰੇ 500 ਪ੍ਰਦਰਸ਼ਨਕਾਰੀਆਂ ਵੱਲੋਂ ਕੀਤਾ ਗਿਆ ਹੱਲਾ ਗੁੱਲਾ ਕਿਵੇਂ ਸਮਝ ਆ ਸਕਦਾ ਹੈ। ਸੱਜੇ ਪੱਖੀ ਅਤੇ ਕੱਟੜ ਸੋਚ ਦੇ ਧਾਰਨੀ ਕੁੱਝ ਗੋਰੇ ਲੋਕਾਂ ਵੱਲੋਂ ਮਹਿਜ਼ ਐਲਾਨ ਕਰਨ ਦੇ ਵਿਰੋਧ ਵਿੱਚ ਖੁਦ ਨੂੰ ਸੰਵੇਦਨਸ਼ੀਲ, ਮਨੁੱਖਤਾ ਨੂੰ ਪਰੇਮ ਕਰਨ ਵਾਲੇ ਅਤੇ ਨਸਲੀ ਭੇਦਭਾਵ ਨੂੰ ਖਤਮ ਕਰਨ ਦਾ ਤਹਈਆ ਕਰਨ ਵਾਲੇ ਲੋਕ ਗੁੱਸੇ ਦਾ ਪ੍ਰਦਰਸ਼ਨ ਕਿਉਂ ਕਰਦੇ ਹਨ? ਵਿਸ਼ੇਸ਼ ਕਰਕੇ ਉਸ ਵੇਲੇ ਜਦੋਂ ਉਹਨਾਂ ਦੇ ਸਾਹਮਣੇ ਉਹ ਲੋਕ ਹੈ ਹੀ ਨਹੀਂ ਜਿਹਨਾਂ ਉੱਤੇ ਉਹਨਾਂ ਨੂੰ ਗੁੱਸਾ ਹੈ? ਜੇਕਰ ਕਿਸੇ ਸਮਾਜ ਵਿੱਚ ਸੱਭਿਅਕ ਅਖਵਾਉਣ ਵਾਲੇ ਲੋਕਾਂ ਵਿੱਚੋਂ ਵੀ ਸੰਵਾਦ ਦਾ ਸਥਾਨ ਖ਼ਤਮ ਹੋ ਜਾਵੇ ਤਾਂ ਮਸਲੇ ਉਲਝਣ ਤੋਂ ਕਿਵੇਂ ਬੱਚਣਗੇ?

ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਅਧਿਕਾਰ ਖੇਤਰ ਤਹਿਤ ਡਾਊਨ ਟਾਊਨ ਟੋਰਾਂਟੋ ਵਿੱਚ 1963 ਤੋਂ ਚੱਲ ਰਹੇ ਮੈਸੀ ਕਾਲਜ ਦੇ ਪ੍ਰੋਫੈਸਰ ਮਾਈਕਲ ਮੈਰੂਸ (Michael Marrus) ਨੂੰ ਇਸ ਹਫ਼ਤੇ ਇਸ ਲਈ ਤੁਰੰਤ ਨੌਕਰੀ ਛੱਡਣੀ ਪਈ ਕਿਉਂਕਿ ਉਸਨੇ ਕਾਲਜ ਦੇ ਤਿੰਨ ਕਾਲੇ ਰੰਗ ਦੇ ਵਿੱਦਿਆਰਥੀਆਂ ਬਾਰੇ ਇੱਕ ਨਸਲੀ ਟਿੱਪਣੀ ਕਰ ਦਿੱਤੀ ਸੀ। ਇਹ ਟਿੱਪਣੀ ਕੁੱਝ ਅਜਿਹੇ ਸ਼ਬਦਾਂ ਵਿੱਚ ਕੀਤੀ ਗਈ ਜਿਸ ਦਾ ਇਸ਼ਾਰਾ ਕਾਲੇ ਲੋਕਾਂ ਵੱਲੋਂ ਹੰਢਾਈ ਗੁਲਾਮੀ ਦੇ ਦਿਨ ਚੇਤੇ ਕਰਵਾਉਣ ਵੱਲ ਸੀ। ਯੂਨੀਵਰਸਿਟੀ ਆਫ ਟੋਰਾਂਟੋ ਤੋਂ ਰਿਟਾਇਰ ਹੋਣ ਤੋਂ ਬਾਅਦ ਮੈਸੀ ਕਾਲਜ ਵਿੱਚ ਸੀਨੀਅਰ ਫੈਲੋ ਵਜੋਂ ਹਾਲੇ ਵੀ ਕੰਮ ਕਰ ਰਹੇ ਇਸ ਪ੍ਰੋਫੈਸਰ ਖਿ਼ਲਾਫ ਯਕਦਮ ਇੱਕ ਵਾਵਰੋਲਾ ਖੜਾ ਹੋ ਗਿਆ। ਸੁਆਲ ਹੈ ਕਿ ਕੀ 35 ਸਾਲ ਤੋਂ ਵੱਧ ਅਰਸਾ ਇਤਿਹਾਸ ਅਤੇ ਹੋਲੋਕਾਸਟ (Holocaust) ਪੜਾਉਣ ਵਾਲੇ ਇਸ ਪ੍ਰੋਫੈਸਰ ਨੂੰ ਨੌਕਰੀਓਂ ਕੱਢ ਕੇ ਮਸਲੇ ਦਾ ਹੱਲ ਹੋ ਗਿਆ? ਮੁਮਕਿਨ ਹੈ ਕਿ ਭੱਵਿਖ ਵਿੱਚ ਨੌਕਰੀ ਚਲੇ ਦੇ ਡਰ ਕਾਰਣ ਲੋਕ ਕੁੱਝ ਨਹੀਂ ਬੋਲਣਗੇ ਪਰ ਉਸ ਸੰਵਾਦ ਦਾ ਕੀ ਬਣਿਆ ਇਹ ਯਕੀਨੀ ਬਣਾਉਣ ਲਈ ਅਤੀਅੰਤ ਲਾਜ਼ਮੀ ਹੈ ਕਿ ਮਾੜੀਆਂ ਗੱਲਾਂ ਦੁਬਾਰਾ ਨਾ ਹੋਣ! ਅਸੀਂ ਸੱਪ ਦੇ ਨਾਲ ਸੋਟੇ ਨੂੰ ਤੋੜਨ ਦੀ ਬਿਰਤੀ ਨੂੰ ਕਿਉਂ ਜਾਰੀ ਰੱਖ ਰਹੇ ਹਾਂ?

ਖੈਰ ਇਹ ਤਰਕ ਵਾਲੀਆਂ ਗੱਲਾਂ ਵੀ ਕੈਨੇਡਾ ਵਰਗੇ ਸੱਭਿਅਕ ਮੁਲਕ ਵਿੱਚ ਬੈਠ ਕੇ ਕੀਤੀਆਂ ਜਾ ਸਕਦੀਆਂ ਹਨ। ਜੇਕਰ ਅਸਹਿਣਸ਼ੀਲਤਾ ਦਾ ਅਸਲ ਮਾਅਨਿਆਂ ਵਿੱਚ ਅੰਦਾਜ਼ਾ ਲਾਉਣਾ ਹੋਵੇ ਤਾਂ ਕਦੇ ਮਿਸਰ, ਇਰਾਕ, ਇਰਾਨ, ਚੀਨ, ਸਾਊਦੀ ਅਰਬੀਆ, ਸੋਮਾਲੀਆ ਆਦਿ ਮੁਲਕਾਂ ਦਾ ਚੱਕਰ ਲਾਇਆ ਜਾ ਸਕਦਾ ਹੈ। ਗੱਲ ਕਿਸੇ ਖਾਸ ਮੁਲਕ ਜਾਂ ਵਿਸ਼ੇਸ਼ ਖਿੱਤੇ ਦੀ ਨਹੀਂ ਸਗੋਂ ਉਸ ਪਹੁੰਚ ਦੀ ਗੈਰਹਾਜ਼ਰੀ ਦੀ ਹੈ ਜਿਸਨੂੰ ਅਪਣਾ ਬਿਨਾ ਹੀ ਸਮਾਜ ਵਿੱਚ ਮੌਜੂਦ ਗੁੰਝਲਦਾਰ ਸੱਮਸਿਆਵਾਂ ਦਾ ਹੱਲ ਲੱਭਿਆ ਜਾ ਰਿਹਾ ਹੈ। ਚਾਰੇ ਪਾਸੇ ਨਜ਼ਰ ਮਾਰਿਆਂ ਵਿਖਾਈ ਦੇਂਦਾ ਹੈ ਕਿ ਇੱਕ ਅਸ਼ਾਤ ਵਰਗ ਦੂਜੇ ਨੂੰ ਚੀਖ਼ ਪਾੜ ਕੇ ਚੁੱਪ ਹੋਣ ਦੀ ਸਲਾਹ ਦੇ ਰਿਹਾ ਹੈ। ਜੇਕਰ ਇਸ ਸੱਚਾਈ ਨੂੰ ਹੋਰ ਨੇੜੇ ਤੋਂ ਵੇਖਣਾ ਹੈ ਤਾਂ ਨਿੱਤ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਬਾਰੇ ਦਿੱਤੇ ਬਿਆਨ ਅਤੇ ਇਹਨਾਂ ਦੇ ਪ੍ਰਤੀਕਰਮ ਵਜੋਂ ਨੌਰਥ ਕੋਰੀਆਈ ਕਿਮ ਜੌਂਗ ਉਨ (Kim Jong Un) ਦੇ ਟਰੰਪ ਨੂੰ ਭੇਜੇ ਮੋੜਵੇਂ ਪਰੇਮ ਸੁਨੇਹਿਆਂ ਨੂੰ ਪੜਿਆ ਜਾ ਸਕਦਾ ਹੈ!