ਇਹ ਕੋਈ ਕਹਾਣੀ ਨਹੀਂ ਹੈ

-ਜਸਬੀਰ ਢੰਡ
ਦਰਵਾੜਾ ਖੜਕਿਆ।
ਮੱਥਾ ਤਾਂ ਮੇਰਾ ਉਸੇ ਵੇਲੇ ਹੀ ਠਣਕ ਗਿਆ ਸੀ, ਜਦੋਂ ਪਤਨੀ ਨੇ ਦਰਵਾਜ਼ੇ ਵੱਲ ਵਿੰਹਦਿਆਂ ਮੈਨੂੰ ਹੌਲੀ ਜਿਹੀ ਕਿਹਾ ਸੀ, ‘ਟੋਨੀ ਆਇਆ ਹੈ।’ ਮੈਂ ਸੋਚਿਆ ਕਿ ਸੁਵਖਤੇ ਉਸ ਨੂੰ ਮੇਰੇ ਤਾਈ ਕੀ ਕੰਮ ਹੋ ਸਕਦਾ ਹੈ?
ਉਪਰੋਂ ਸਕੂਲ ਜਾਣ ਵਾਲੀ ਬੱਸ ਨਿਕਲਣ ਦਾ ਡਰ।
ਨੂੰਹ ਨੇ ਨਾਸ਼ਤਾ ਲਾ ਦਿੱਤਾ ਸੀ, ‘ਪਾਪਾ!…।’
ਪੈਂਟ ਦੀ ਬੈਲਟ ਕਸਦਿਆਂ ਮੈਂ ਨੂੰਹ ਨੂੰ ਕਿਹਾ, ‘ਦੋ ਮਿੰਟ ਅਟਕ ਜਾ ਬੇਟੇ!।’
ਅੰਦਰੋਂ ਕੋਲੇ ਵਾਂਗ ਭੁੱਜੇ ਹੋਣ ਦੇ ਬਾਵਜੂਦ ਮੈਂ ਮੁਸਕਰਾ ਕੇ ਟੋਨੀ ਨੂੰ ਅੰਦਰ ਆ ਕੇ ਬੈਠਕ ਵਿੱਚ ਬੈਠਣ ਲਈ ਆਖਿਆ। ਮੇਜ਼ ‘ਤੇ ਪਏ ਅਖਬਾਰਾਂ ਨੂੰ ਐਵੇਂ ਉਲਟ ਪੁਲਟ ਕੇ ਵੇਖਿਆ। ਮੈਂ ਕੁਝ ਨਾ ਬੋਲਿਆ।
ਫਿਰ ਮੇਰਾ ਰੁਖ਼ ਵੇਖ ਕੇ ਉਹ ਛੇਤੀ ਹੀ ਆਪਣੀ ਗੱਲ ‘ਤੇ ਆ ਗਿਆ।
ਜੇਬ ਵਿੱਚੋਂ ਕਿਸੇ ਲੈਬਾਰਟਰੀ ਦਾ ਕਾਰਡ ਜਿਹਾ ਕੱਢ ਕੇ ਵਿਖਾਉਂਦਿਆਂ ਬੋਲਿਆ, ‘ਮਾਸਟਰ ਜੀ! ਮੇਰੀ ਪਤਨੀ ਦਾ ਬਲੱਡ 4.5 ਹੀ ਰਹਿ ਗਿਆ। ਮਹੀਨਾ ਹੋ ਗਿਆ ਬੁਖਾਰ ਚੜ੍ਹਦਿਆਂ। ਪਹਿਲਾਂ ਗੁਲੂਕੋਜ਼ ਲੱਗਦਾ ਸੀ। ਅੱਜ ਡਾਕਟਰ ਕਹਿੰਦਾ ਬਲੱਡ ਚੜ੍ਹੇਗਾ। ਬਲੱਡ ਤਾਂ ਮਿਲ ਜਾਊ, ਪਰ ਡਾਕਟਰ ਆਖਦਾ ਸੀ ਕਿ ਮਹੀਨਾ ਦੋ ਮਹੀਨੇ ਇਸ ਨੂੰ ਦੁੱਧ, ਘਿਓ ਤੇ ਫਲ ਖੁਆਓ। ਮੇਰੀ ਜੇਬ ਵਿੱਚ ਕੁੱਲ ਵੀਹ ਰੁਪਈਏ ਨੇ… ਸਾਰੇ ਪਾਸੇ ਨਿਗ੍ਹਾ ਮਾਰੀ, ਪਰ ਤੁਹਾਡੇ ਬਿਨਾਂ ਕੋਈ ਨਹੀਂ। ਬੱਸ ਅੱਜ ਸੌ ਕੁ ਰੁਪਏ ਦੇ ਦਿਓ… ਸ਼ਾਇਦ ਬਚ ਜਾਏ ਵਿਚਾਰੀ। ਮੈਂ ਪੈਸੇ ਹਫਤੇ ਦਸ ਦਿਨ ‘ਚ ਮੋੜ ਦਿਆਂਗਾ।’
ਕਿੰਨੀ ਦੇਰ ਅਸੀਂ ਦੋਵੇਂ ਚੁੱਪ ਚਾਪ ਬੈਠੇ ਰਹੇ। ਉਹ ਪਲ ਦੋਵਾਂ ਲਈ ਬਹੁਤ ਬੋਝਲ ਸਨ। ਸ਼ਿਕਾਰੀ ਆਪਣਾ ਫੰਦਾ ਲਾ ਕੇ ਸ਼ਿਕਾਰ ਦੇ ਫਸਣ ਦੀ ਉਮੀਦ ਵਿੱਚ ਸੀ ਤੇ ਸ਼ਿਕਾਰ ਆਪਣੇ ਆਪ ਨੂੰ ਫਸਣ ਤੋਂ ਬਚਾਉਣ ਲਈ ਵਿਉਂਤ ਦੇ ਆਹਰ ਵਿੱਚ ਸੋਚੀਂ ਪਿਆ ਹੋਇਆ ਸੀ।
ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ।
ਅਖੀਰ ਮੈਂ ਮਨ ਨੂੰ ਕਰੜਾ ਜਿਹਾ ਕਰ ਲਿਆ; ‘ਵੇਖ ਟੋਨੀ!  ਪੈਸੇ ਤਾਂ ਤੈਨੂੰ ਦੇ ਦਿਆਂ, ਪਰ ਤੇਰਾ ਕੀ ਪਤਾ, ਤੂੰ ਆਪਣੀ ਪਤਨੀ ਲਈ ਦੁੱਧ ਦੀ ਬੋਤਲ ਲਿਆਏਂਗਾ ਜਾਂ ਆਪਣੇ ਲਈ ਅਧੀਆ!Ḕ
‘ਨਾ ਜੀ! ਛੱਡੀ ਨੂੰ ਪੰਦਰਾਂ ਦਿਨ ਹੋ ਗਏ, ਸਹੁੰ ਪਾ ਦਿੱਤੀ ਆਪਾਂ।Ḕ ਉਸ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ।
ਉਹ ਸਾਫ ਝੂਠ ਬੋਲ ਰਿਹਾ ਸੀ। ਅਜੇ ਹਫਤਾ ਵੀ ਨਹੀਂ ਹੋਇਆ ਹੋਣਾ, ਜਦੋਂ ਉਹ ਅਤੇ ਉਸ ਦਾ ਮਿੱਤਰ ਮੇਵਾ ਸਿੰਘ, ਠੀਕਰੀਵਾਲੇ ਚੌਕ ਦੇ ਹਾਤੇ ਦੇ ਬਾਹਰ ਡੱਕੇ ਫਿਰਦੇ ਮਿਲੇ ਸਨ। ਮੈਂ ਘੜੀ ਵੱਲ ਵੇਖਿਆ। ਅਜੇ ਨਾਸ਼ਤਾ ਕਰਨਾ ਸੀ। ਹੁਣ ਇਹਦੇ ਨਾਲ ਕਿਹੜਾ ਮੱਥਾ ਮਾਰੇ! ਉਸ ਦੀ ਹਾਲਤ Ḕਤੇ ਕਦੇ ਤਰਸ ਆਉਂਦਾ, ਕਦੇ ਕ੍ਰੋਧ।
ਉਹ ਸਿਰੇ ਦਾ ਕਾਰੀਗਰ ਸੀ, ਪਰ ਅੰਤਾਂ ਦੀ ਗਰੀਬੀ, ਆਦਤਾਂ ਵਿਗੜੀਆਂ ਹੋਈਆਂ। ਚਾਰ ਪੈਸੇ ਆ ਜਾਂਦੇ ਤਾਂ ਉਸੇ ਦਿਨ ਉਡਾ ਦੇਣੇ। ਪੀਪੇ ਵਿੱਚ ਆਟਾ ਭਾਵੇਂ ਹੋਵੇ ਨਾ ਹੋਵੇ, ਪਰ ਪੈਂਤੀ ਸਾਲਾਂ ਦੀ ਉਮਰ ਤੱਕ ਉਸ ਦੇ ਚਾਰ, ਪਤਾ ਨਹੀਂ ਪੰਜ ਜੁਆਕ ਹੋ ਗਏ ਸਨ। ਉਸ ਦੀ ਪਤਨੀ ਅਕਸਰ ਬਿਮਾਰ ਹੀ ਰਹਿੰਦੀ ਸੀ।
ਪਹਿਲਾਂ ਵੀ ਝੂਠ ਬੋਲ ਕੇ ਉਹ ਕਈ ਵਾਰ ਪੈਸੇ ਲੈ ਗਿਆ ਸੀ। ਉਸ ਦਾ ਇਕ ਹੋਰ ਸਾਥੀ ਮੈਥੋਂ ਦੋ ਸੌ ਰੁਪਏ ਲੈ ਗਿਆ ਸੀ। ਇਉਂ ਹੀ ਕਹਿ ਕੇ ਕਿ ਦੋ ਚਾਰ ਦਿਨਾਂ ਵਿੱਚ ਮੋੜ ਦੋਵੇਗਾ। ਇਕ ਫੋਟੋਗ੍ਰਾਫਰ ਪੰਜ ਸੌ ਇਹ ਕਹਿ ਕੇ ਲੈ ਗਿਆ ਕਿ ਉਸ ਦੀ ਪਤਨੀ ਦਾ ਸ਼ਾਇਦ ਆਪਰੇਸ਼ਨ ਕਰਨਾ ਪਵੇ। ਇਕ ਹੋਰ ਆਪਣੀ ਭੈਣ ਦੇ ਜਣੇਪੇ ਦਾ ਕਹਿ ਕੇ ਮੇਰੇ ਕੋਲੋਂ ਰੁਪਏ ਲੈ ਗਿਆ ਸੀ। ਪੈਸਿਆਂ ਦੀ ਤਾਂ ਖਾਧੀ ਕੜ੍ਹੀ, ਉਹ ਸਾਰੇ ਮੱਥੇ ਲੱਗਣ ਜਾਂ ਬੋਲਣ ਤੋਂ ਵੀ ਗਏ।
ਮੈਂ ਤੰਗ ਆਇਆ ਹੋਇਆ ਸਾਂ। ਨਾਲੇ ਮੇਰੀ ਕਿਹੜਾ ਟਾਟਾ ਬਿਰਲਾ ਨਾਲ ਪਿੱਠ ਲੱਗਦੀ ਸੀ। ਮੈਂ ਵੀ ਸਾਧਾਰਨ ਮੁਲਾਜ਼ਮ ਹਾਂ। ‘ਨਾ ਭਰਾਵਾਂ! ਗੁੱਸੇ ਹੋ ਜਾਂ ਰਾਜ਼ੀææ ਤੂੰ ਕੋਈ ਹੋਰ ਘਰ ਦੇਖ।Ḕ ਮੈਂ ਆਖ ਤਾਂ ਦਿੱਤਾ, ਪਰ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਕੋਈ ਬਹੁਤ ਵੱਡਾ ਗੁਨਾਹ ਕਰ ਲਿਆ ਹੋਵੇ!
‘ਚਲੋ! ਕੋਈ ਗੱਲ ਨ੍ਹੀਂ…!’ ਇਹ ਕਹਿ ਕੇ ਉਹ ਹੱਥ ਮਿਲਾ ਕੇ ਅਣਮੰਨੇ ਜਿਹੇ ਦਿਲ ਨਾਲ ਗਲੀ ਵਿੱਚ ਪੈਰ ਜਿਹੇ ਘਸੀਟਦਾ ਤੁਰ ਗਿਆ।
ਮੇਰੀ ਬੱਸ ਦਾ ਸਮਾਂ ਹੋ ਗਿਆ ਸੀ। ਨੂੰਹ ਨੇ ਫਿਰ ਕਿਹਾ, ‘ਪਾਪਾ, ਨਾਸ਼ਤਾ!’
‘ਬਸ ਬੇਟੇ! ਟਾਈਮ ਨ੍ਹੀਂ ਹੁਣ! ਆਖ ਕੇ ਮੈਂ ਆਪਣਾ ਬੈਗ ਚੁੱਕਿਆ ਤੇ ਤੇਜ਼ੀ ਨਾਲ ਘਰੋਂ ਬਾਹਰ ਹੋ ਗਿਆ। ਅਸਲ ਵਿੱਚ ਮੇਰੀ ਭੁੱਖ ਵੀ ਮਰ ਗਈ ਸੀ।’
ਵਨ-ਵੇਅ ਟਰੈਫਿਕ ਰੋਡ ਤੋਂ ਬੱਸ ਸਟੈਂਡ ਵੱਲ ਜਾਂਦਿਆਂ ਮੈਨੂੰ ਇਕ ਹੀ ਸੋਚ ਲੱਗੀ ਰਹੀ ‘ਜੇ ਉਸ ਦੀ ਪਤਨੀ ਸੱਚ ਮੁੱਚ ਮਰ ਗਈ!’
ਸਕੂਲ ਵਿੱਚ ਸਾਰਾ ਸਮਾਂ ਇਹ ਗੱਲ ਮੇਰੇ ਦਿਲੋ ਦਿਮਾਗ ‘ਤੇ ਛਾਈ ਰਹੀ। ਅਪਰਾਧ ਭਾਵਨਾ ਨੇ ਜਿਵੇਂ ਨਾਗ ਵਲ ਪਾ ਲਿਆ ਸੀ।
ਛੁੱਟੀ ਹੋਣ ‘ਤੇ ਘਰ ਜਾਣ ਦੀ ਥਾਂ ਮੈਂ ਦੋ ਕਿੱਲੋ ਸੇਬ ਅਤੇ ਇਕ ਦਰਜਨ ਸੰਤਰੇ ਲਏ ਤੇ ਟੋਨੀ ਦੇ ਘਰ ਵਾਲੀ ਗਲੀ ਮੁੜ ਗਿਆ। ‘ਮੈਂ ਇਸ ਵਾਰ ਨਕਦ ਪੈਸੇ ਨਹੀਂ ਦਿਆਂਗਾ’, ਮੈਂ ਮਨ ਹੀ ਮਨ ਫੈਸਲਾ ਕਰ ਲਿਆ ਸੀ।
ਟੋਨੀ ਦੇ ਦਰਵਾਜ਼ੇ ‘ਤੇ ਜਿੰਦਰਾ ਵੱਜਾ ਵੇਖ ਕੇ ਮੈਂ ਨਿਰਾਸ਼ ਹੋ ਗਿਆ। ਗੁਆਂਢ ਵਾਲੇ ਘਰ ਮੂੰਹਰੇ ਮੰਜੀ ‘ਤੇ ਬੈਠੀ ਮਾਈ ਨੂੰ ਮੈਂ ਟੋਨੀ ਤੇ ਉਸ ਦੀ ਪਤਨੀ ਬਾਰੇ ਪੁੱਛਿਆ।
‘ਉਸ ਦੀ ਪਤਨੀ ਨੂੰ ਤਾਂ ਵੀਰਾ, ਦੋ ਮਹੀਨੇ ਹੋ ਗਏ ਪੇਕੇ ਗਈ ਨੂੰ। ਪਹਿਲਾਂ ਗੋਦੀ ਵਾਲੇ ਜੁਆਕ ਤੋਂ ਬਿਨਾਂ ਬਾਕੀਆਂ ਨੂੰ ਛੱਡ ਗਈ ਸੀ। ਫਿਰ ਉਨ੍ਹਾਂ ਨੂੰ ਵੀ ਲੈ ਗਈ। ਮਾਂ ਦੀਆਂ ਆਂਦਰਾਂ ਕਿੱਥੇ ਰਹਿੰਦੀਆਂ ਨੇ ਵੀਰਾ!Ḕ
ਮੇਰੇ ਹੱਥ ਵਿੱਚ ਫੜੇ ਸੇਬ ਤੇ ਸੰਤਰੇ ਮਣਾਂ ਮੂੰਹੀਂ ਭਾਰੇ ਹੋ ਗਏ ਸਨ।