ਇਹੀ ਮੇਰੇ ਵਾਰਸ ਨੇ..

-ਸੁਖਪਾਲ ਕੌਰ ਸੁੱਖੀ
ਮੈਂ ਹਾਲੇ ਦਫਤਰ ਦਾ ਦਰਵਾਜ਼ਾ ਖੋਲ੍ਹਿਆ ਹੀ ਸੀ ਕਿ ਦੋ ਛੋਟੀਆਂ ਪਿਆਰੀਆਂ ਬੱਚੀਆਂ ਮੈਲੇ ਕੁਚੈਲੇ ਕੱਪੜਿਆਂ ਨਾਲ ਮੇਰੇ ਕਮਰੇ ਵਿੱਚ ਆ ਗਈਆਂ। ਸੱਠ ਸਾਲ ਦਾ ਬਾਬਾ, ਜਿਸ ਤੋਂ ਚੰਗੀ ਤਰ੍ਹਾਂ ਖੜਿਆ ਨਹੀਂ ਜਾ ਰਿਹਾ ਸੀ, ਉਨ੍ਹਾਂ ਦੇ ਪਿੱਛੇ ਕਮਰੇ ਵਿੱਚ ਆ ਗਿਆ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਨੇ ਮੇਰੇ ਵੱਲ ਬੱਚੀ ਦਾ ਆਧਾਰ ਕਾਰਡ ਕਰ ਦਿੱਤਾ। ਆਧਾਰ ਕਾਰਡ ‘ਤੇ ਬੱਚੀ ਦਾ ਨਾਂ ‘ਸਕੀਨਾ’ ਲਿਖਿਆ ਸੀ। ਮੈਂ ਬਾਬੇ ਨੂੰ ਬੈਠਣ ਲਈ ਕਿਹਾ।
ਦਫਤਰ ਦਾ ਮੇਜ਼ ਠੀਕ ਕਰਕੇ ਮੈਂ ਬਾਬੇ ਨੂੰ ਪੁੱਛਿਆ, ‘ਬਾਬਾ ਜੀ ਕਿਸ ਕੰਮ ਲਈ ਆਏ ਹੋ।’
ਬਾਬੇ ਨੇ ਤਰਲੇ ਭਰੀ ਆਵਾਜ਼ ਨਾਲ ਕਿਹਾ, ‘ਪੁੱਤ ਮੈਂ ਤਾਂ ਤੇਰੇ ਕੋਲ ਬੜੀ ਆਸ ਲੈ ਕੇ ਆਇਆ ਹਾਂ।’ ਬਾਬੇ ਦੀ ਭਾਸ਼ਾ ਵਿੱਚ ਪੋਠੋਹਾਰੀ ਦਾ ਰਲੇਵਾਂ ਸੀ।
ਮੈਂ ਫਿਰ ਪੁੱਛਿਆ ਕਿ ‘ਬਾਬਾ ਕੀ ਬਿਮਾਰੀ ਹੈ ਗੁੜੀਆ ਨੂੰ?’ ਮੈਂ ਇਸ਼ਾਰੇ ਨਾਲ ਬੱਚੀ ਨੂੰ ਆਪਣੇ ਕੋਲ ਸੱਦਿਆ ਤਾਂ ਉਹ ਕੁਝ ਸੰਗ ਗਈ ਤੇ ਆਪਣੀ ਛੋਟੀ ਭੈਣ ਦੇ ਨਾਲ ਲੱਗ ਕੇ ਖੜੋ ਗਈ। ਮੇਰੇ ਇਹ ਕਹਿਣ ‘ਤੇ ਕਿ ਹੁਣ ਸਭ ਠੀਕ ਹੋ ਜਾਵੇਗਾ, ਬਾਬੇ ਨੂੰ ਕੁਝ ਸਕੂਨ ਮਿਲਿਆ।
ਬਾਬੇ ਨੇ ਕੁਰਸੀ ਉਪਰ ਠੀਕ ਹੋ ਕੇ ਬੈਠਦੇ ਹੋਏ ਕਿਹਾ, ‘ਪੁੱਤ, ਮੈਂ ਅਨਪੜ੍ਹ ਹਾਂ, ਪਰ ਇਹ ਕੁੜੀਆਂ ਕੁਝ ਪੜ੍ਹ ਲਿਖ ਜਾਣ ਤਾਂ ਇਨ੍ਹਾਂ ਦਾ ਕੁਝ ਬਣ ਜਾਵੇਗਾ। ਧੀਏ, ਮੈਂ ਸਕੂਲ ਗਿਆ ਸੀ। ਉਨ੍ਹਾਂ ਨੇ ਇਨ੍ਹਾਂ ਨੂੰ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਤੇ ਮੈਨੂੰ ਇਹ ਕਹਿ ਕਿ ਭਜਾ ਦਿੱਤਾ ਕਿ ਇਹ ਨਹੀਂ ਪੜ੍ਹ ਸਕਦੀ, ਇਹਦਾ ਦਿਮਾਗ ਨਹੀਂ। ਪੁੱਤ ਮੇਰੇ ਕੋਲ ਆਹ ਇਸ ਦਾ ਆਧਾਰ ਕਾਰਡ ਹੈ। ਮੇਰੀ ਪੋਤੀ ਜਮਾਂ ਠੀਕ ਹੈ। ਮੈਂ ਦੁਬਾਰਾ ਅੱਜ ਗਿਆ ਸੀ ਤੜਕੇ ਤਾਂ ਉਨ੍ਹਾਂ ਕਿਹਾ ਕਿ ਜਨਮ ਪੱਤਰੀ ਲਿਆ ਇਹਦੀ, ਫੇਰ ਦਾਖਲ ਕਰਾਂਗੇ। ਮੈਂ ਬਹੁਤ ਵਾਰ ਮਿੰਨਤਾਂ ਤਰਲੇ ਕੀਤੇ, ਪਰ ਸਰਕਾਰੀ ਸਕੂਲ ਵਾਲਿਆਂ ਨੇ ਨਾਂਹ ਕਰ ਦਿੱਤੀ।’ ਇੰਨਾ ਕਹਿ ਕੇ ਬਾਬਾ ਰੋਣ ਲੱਗ ਪਿਆ।
ਮੇਰਾ ਵੀ ਮਨ ਭਰ ਆਇਆ ਸੀ। ਮੈਂ ਆਧਾਰ ਕਾਰਡ ਦੇਖਿਆ ਤਾਂ ਬੱਚੀ ਦੀ ਜਨਮ ਤਰੀਕ 21 ਅਕਤੂਬਰ 2009 ਸੀ। ਬੱਚੀ ਦੇਖਣ ਵਿੱਚ ਬਿਲਕੁਲ ਠੀਕ ਸੀ। ਉਸ ਦੀ ਸਕੂਲ ਜਾਣ ਦੀ ਉਮਰ ਸੀ। ਬਾਬੇ ਨੂੰ ਚੁੱਪ ਕਰਾਇਆ ਤੇ ਪੁੱਛਿਆ, ‘ਬਾਬਾ ਜੀ ਤੁਸੀਂ ਇਨ੍ਹਾਂ ਦੇ ਦਾਦਾ ਹੋ?’
ਬਾਬੇ ਨੇ ਆਪਣੀਆਂ ਅੱਖਾਂ ਕੁੜਤੇ ਦੀ ਬਾਂਹ ਨਾਲ ਪੂੰਝਦੇ ਹੋਏ ਕਿਹਾ, ‘ਧੀਏ ਹਾਂ, ਮੈਂ ਇਨ੍ਹਾਂ ਦਾ ਦਾਦਾ ਹਾਂ। ਮੇਰਾ ਮੁੰਡਾ ਤੇ ਨੂੰਹ ਦੋਵੇਂ ਕਣਕ ਵੱਢਣ ਗਏ ਨੇ। ਪੁੱਤ ਸਾਲ ਭਰ ਦੇ ਦਾਣਿਆਂ ਦਾ ਵੀ ਇੰਤਜ਼ਾਮ ਕਰਨਾ ਹੈ। ਮੈਂ ਆਪ ਰਿਕਸ਼ਾ ਚਲਾਉਂਦਾ ਪੁੱਤ।’ ਇੰਨਾ ਕਹਿ ਕੇ ਬਾਬਾ ਜੀ ਚੁੱਪ ਹੋ ਗਏ ਤੇ ਉਸ ਦੇ ਕੋਲ ਖੜੀ ਵੱਡੀ ਪੋਤੀ ਉਸ ਦੀਆਂ ਅੱਖਾਂ ਪੂੰਝਣ ਲੱਗ ਪਈ।
ਮੈਂ ਬਾਬੇ ਦਾ ਪਿੰਡ ਤੇ ਸਕੂਲ ਦਾ ਨਾਂ ਪੁੱਛਿਆ ਅਤੇ ਜ਼ਿਲਾ ਸਿੱਖਿਆ ਅਫਸਰ ਦੇ ਦਫਤਰ ਦੇ ਇਕ ਡੀਲਿੰਗ ਸਹਾਇਕ ਨੂੰ ਫੋਨ ਕੀਤਾ। ਉਨ੍ਹਾਂ ਨੂੰ ਸਾਰੀ ਗੱਲ ਦੱਸ ਕੇ ਕਿਹਾ ਕਿ ਇਨ੍ਹਾਂ ਬੱਚੀਆਂ ਦਾ ਦਾਖਲਾ ਸਕੂਲ ਵਿੱਚ ਕਰਾਇਆ ਜਾਵੇ ਤੇ ਜੇ ਕੋਈ ਪ੍ਰੇਸ਼ਾਨੀ ਹੈ ਤਾਂ ਮੈਨੂੰ ਦੱਸੀ ਜਾਵੇ।
ਉਨ੍ਹਾਂ ਮੈਨੂੰ ਕਿਹਾ, ‘ਬਾਬੇ ਅਤੇ ਬੱਚੀਆਂ ਨੂੰ ਬਲਾਕ ਪ੍ਰਾਇਮਰੀ ਅਫਸਰ ਕੋਲ ਭੇਜੋ, ਮੈਂ ਹੁਣੇ ਫੋਨ ਕਰਦਾ ਹਾਂ। ਦਾਖਲਾ ਹੋ ਜਾਵੇਗਾ। ਜਿਸ ਅਧਿਆਪਕ ਨੇ ਬੱਚੀਆਂ ਦੇ ਦਾਖਲੇ ਤੋਂ ਨਾਂਹ ਕੀਤੀ ਹੈ, ਉਸ ਨੂੰ ਵੀ ਬੁਲਾ ਕੇ ਪੁੱਛਦੇ ਹਾਂ।’
ਮੈਂ ਬਾਬੇ ਨੂੰ ਦਫਤਰ ਦਾ ਪਤਾ, ਆਪਣਾ ਫੋਨ ਨੰਬਰ ਤੇ ਰਸਤੇ ਬਾਰੇ ਦੱਸਿਆ ਤੇ ਕਿਹਾ ਕਿ ਬਾਬਾ ਜੀ ਉਥੇ ਕੁਝ ਨਾ ਬਣਿਆ ਤਾਂ ਮੈਨੂੰ ਮੁੜ ਫੋਨ ਕਰਨਾ।
ਬਾਬੇ ਨੇ ਬੜੇ ਪਿਆਰ ਨਾਲ ਮੇਰਾ ਸਿਰ ਪਲੋਸਿਆ ਤੇ ਅਣਗਿਣਤ ਅਸੀਸਾਂ ਦਿੱਤੀਆਂ। ਮੈਂ ਬਾਬੇ ਨੂੰ ਸੁਭਾਵਿਕ ਹੀ ਪੁੱਛਿਆ, ‘ਬਾਬਾ ਜੀ ਤੁਹਾਡੇ ਪੋਤਾ ਹੈ।’
ਬਾਬੇ ਨੇ ਦੋਵਾਂ ਬੱਚੀਆਂ ਨੂੰ ਆਪਣੇ ਕਲੇਜੇ ਨਾਲ ਲਾਉਂਦਿਆਂ ਕਿਹਾ, ‘ਧੀਏ ਮੇਰੇ ਲਈ ਤਾਂ ਇਹੀ ਮੇਰੇ ਪੋਤੇ ਤੇ ਮੇਰੇ ਵਾਰਸ ਨੇ। ਇਨ੍ਹਾਂ ਦਾ ਕੁਝ ਬਣ ਜਾਵੇ ਤਾਂ ਮੈਂ ਉਸ ਰੱਬ ਨੂੰ ਮੂੰਹ ਦਿਖਾਵਾਂ। ਧੀਏ ਲੋਕ ਬੜੇ ਮਾੜੇ ਨੇ, ਕਹਿੰਦੇ ਕੀ ਕਰੇਂਗਾ ਇਨ੍ਹਾਂ ਨੂੰ ਪੜ੍ਹਾ ਕੇ। ਤੂੰ ਆਪਣੇ ਮੁੰਡੇ ਦਾ ਵਿਆਹ ਹੋਰ ਕਰਵਾ ਲੈ। ਤੁਸੀਂ ਮੁਸਲਮਾਨ ਹੋ, ਕਰਵਾ ਵੀ ਸਕਦੇ ਹੋ, ਪਰ ਪੁੱਤ ਮੇਰੀ ਨੂੰਹ ਦਾ ਕੀ ਕਸੂਰ ਹੈ। ਨਾਲੇ ਮੇਰਾ ਮੁੰਡਾ ਕਿਹੜਾ ਕਲੈਕਟਰ ਲੱਗ ਗਿਆ। ਮੇਰਾ ਘਰ ਵੀ ਮੇਰੀ ਨੂੰਹ ਦੀ ਸਮਝਦਾਰੀ ਨਾਲ ਚੱਲਦਾ। ਚੰਗਾ ਪੁੱਤ ਮੈਂ ਜੇ ਕੁਝ ਨਾ ਬਣਿਆ ਤਾਂ ਤੇਰੇ ਕੋਲ ਫੇਰ ਆਊਂਗਾ।?’
ਇੰਨਾ ਕਹਿ ਬਾਬਾ ਆਪਣੀਆਂ ਦੋਵਾਂ ਬੱਚੀਆਂ ਦੇ ਹੱਥ ਫੜ ਕਮਰੇ ਤੋਂ ਬਾਹਰ ਚਲਾ ਗਿਆ, ਪਰ ਪਿੱਛੇ ਇਕ ਸਵਾਲ ਛੱਡ ਗਿਆ ਸੀ ਕਿ ਅੱਜ ਦੀ ਦੁਨੀਆ ‘ਚ ਜਿਨ੍ਹਾਂ ਕੋਲ ਸਭ ਕੁਝ ਹੈ, ਉਹ ਤਾਂ ਬੇਟੀ ਪੈਦਾ ਕਰਨ ਤੋਂ ਡਰਦੇ ਨੇ ਤੇ ਦੂਜੇ ਪਾਸੇ ਬਾਬੇ ਵਰਗੇ..। ਮੇਰਾ ਦਿਲ ਕੀਤਾ ਕਿ ਬਾਬੇ ਨੂੰ ਖੜੀ ਹੋ ਕੇ ਸਲਾਮ ਕਰਾਂ।