ਇਸ ਹਫਤੇ ਨਾਫਟਾ ਡੀਲ ਸਿਰੇ ਨਾ ਚੜ੍ਹਨ ਉੱਤੇ ਇਸ ਸਬੰਧੀ ਪ੍ਰਕਿਰਿਆ ਹੋ ਜਾਵੇਗੀ ਹੋਰ ਲੰਮੀਂ : ਪਾਲ ਰਿਆਨ


ਵਾਸਿੰ਼ਗਟਨ, 16 ਮਈ (ਪੋਸਟ ਬਿਊਰੋ) : ਅਮਰੀਕਾ ਦੀ ਕਾਂਗਰੈਸ਼ਨਲ ਲੀਡਰਸਿ਼ਪ ਨੇ ਇਹ ਸਾਫ ਸੰਕੇਤ ਦੇ ਦਿੱਤਾ ਹੈ ਕਿ ਜੇ ਇਸ ਹਫਤੇ ਦੇ ਅਖੀਰ ਤੱਕ ਨਾਫਟਾ ਡੀਲ ਸਿਰੇ ਨਾ ਚੜ੍ਹ ਸਕੀ ਤਾਂ ਇਸ ਸਬੰਧੀ ਵੋਟ ਉੱਤੇ ਉਹ ਵਿਚਾਰ ਨਹੀਂ ਕਰ ਸਕਣਗੇ।
ਹਾਊਸ ਆਫ ਰਿਪਰਜ਼ੈਂਟੇਟਿਵਜ਼ ਦੇ ਉੱਘੇ ਮੈਂਬਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਕਿ ਆਉਣ ਵਾਲੇ ਦਿਨ ਇਸ ਡੀਲ ਲਈ ਕਾਫੀ ਕੀਮਤੀ ਹਨ। ਇਸ ਲਈ ਚਾਹੇ ਤਾਂ ਤਿੰਨੇ ਦੇਸ਼ ਹੁਣ ਕੋਈ ਡੀਲ ਸਿਰੇ ਚੜ੍ਹਾ ਲੈਣ ਨਹੀਂ ਤਾਂ ਇਹ ਪ੍ਰਕਿਰਿਆ ਅਗਲੇ ਸਾਲ ਤੱਕ ਖਿੱਚੀ ਜਾਵੇਗੀ। ਅਗਲੇ ਸਾਲ ਤੱਕ ਮੈਕਸਿਕੋ ਵਿੱਚ ਨਵਾਂ ਰਾਸ਼ਟਰਪਤੀ ਚੁਣਿਆ ਜਾਵੇਗਾ, ਅਮਰੀਕੀ ਕਾਂਗਰਸ ਦੇ ਸੀਨੀਅਰ ਮੈਂਬਰ ਰਿਟਾਇਰ ਹੋ ਜਾਣਗੇ, ਮਿੱਡ ਟਰਮ ਚੋਣਾਂ ਹੋਣਗੀਆਂ ਅਤੇ ਅਗਲੀ ਅਮਰੀਕੀ ਕਾਂਗਰਸ ਦੀਆਂ ਆਪਣੀਆਂ ਤਰਜੀਹਾਂ ਹੋਣਗੀਆਂ। ਇਸ ਨਾਲ ਪ੍ਰਕਿਰਿਆ ਹੋਰ ਲਮਕ ਜਾਵੇਗੀ।
ਹਾਊਸ ਸਪੀਕਰ ਪਾਲ ਰਿਆਨ ਨੇ ਦੱਸਿਆ ਕਿ ਦਸੰਬਰ ਵਿੱਚ ਮੌਜੂਦਾ ਕਾਂਗਰਸ ਦਾ ਕਾਰਜਕਾਲ ਪੂਰਾ ਹੋ ਜਾਵੇਗਾ ਤੇ ਇਸ ਲਈ ਹਫਤੇ ਦੇ ਅੰਤ ਤੱਕ ਇਸ ਡੀਲ ਦੇ ਸਬੰਧ ਵਿੱਚ ਸਕਾਰਾਤਮਕ ਖਬਰ ਮਿਲ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਇਹ ਸਾਡੇ ਵੱਲੋਂ ਤੈਅ ਕੀਤੀ ਗਈ ਕੋਈ ਡੈੱਡਲਾਈਨ ਨਹੀਂ ਹੈ। ਸਗੋਂ ਫਾਸਟ ਟਰੈਕ ਟਰੇਡ ਲਾਅ ਇਸੇ ਤਰ੍ਹਾਂ ਹੀ ਕੰਮ ਕਰਦੇ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫਤੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਆਖਿਆ ਸੀ ਕਿ ਨਾਫਟਾ ਡੀਲ ਹੁਣ ਜਲਦ ਹੀ ਸਿਰੇ ਚੜ੍ਹ ਸਕਦੀ ਹੈ ਬਸ਼ਰਤੇ ਅਮਰੀਕਾ ਆਪਣੀਆਂ ਕੁੱਝ ਮੰਗਾਂ ਵਿੱਚ ਨਰਮੀ ਵਰਤੇ। ਆਟੋਸ, ਡੇਅਰੀ, ਕਿਸੇ ਤਰ੍ਹਾਂ ਦੇ ਵਿਵਾਦ ਨੂੰ ਹੱਲ ਕਰਨ ਲਈ ਨਿਯਮਾਂ, ਫਾਰਮਾਸਿਊਟੀਕਲਜ਼ ਆਦਿ ਤੋਂ ਇਲਾਵਾ ਅਮਰੀਕਾ ਵੱਲੋਂ ਪੇਸ਼ ਕੀਤਾ ਗਿਆ ਪੰਜ ਸਾਲਾ ਸਨਸੈੱਟ ਕਲਾਜ਼ ਕੁੱਝ ਕੁ ਅਜਿਹੇ ਮੁੱਦੇ ਹਨ ਜਿਨ੍ਹਾਂ ਕਾਰਨ ਹੁਣ ਤੱਕ ਇਸ ਸਬੰਧੀ ਗੱਲਬਾਤ ਖਿੱਚਦੀ ਰਹੀ ਹੈ। ਇਸ ਕਲਾਜ਼ ਤਹਿਤ ਪੰਜ ਸਾਲ ਬਾਅਦ ਇਹ ਡੀਲ ਆਪਣੇ ਆਪ ਖਤਮ ਹੋ ਜਾਵੇਗੀ ਤੇ ਜਦੋਂ ਤੱਕ ਤਿੰਨੇ ਧਿਰਾਂ ਸਹਿਮਤ ਨਹੀਂ ਹੁੰਦੀਆਂ ਉਦੋਂ ਤੱਕ ਇਹ ਦੁਬਾਰਾ ਨਹੀਂ ਹੋ ਸਕੇਗੀ।ਇਸ ਸਨਸੈੱਟ ਕਲਾਜ਼ ਦਾ ਵਿਰੋਧ ਤਾਂ ਬੁੱਧਵਾਰ ਨੂੰ ਇੱਕ ਰਿਪਬਲਿਕਨ, ਇੱਕ ਡੈਮੋਕ੍ਰੇਟ ਤੇ ਦੋ ਕੈਨੇਡੀਅਨ ਆਗੂਆਂ ਵੱਲੋਂ ਵੀ ਕੀਤਾ ਗਿਆ।