ਇਸ ਸਾਵਣ ਨਾ ਆਈਂ

-ਅਰਤਿੰਦਰ ਸੰਧੂ

ਇਸ ਸਾਵਣ ਨਾ ਆਈਂ ਮੇਰੇ ਸਾਹਿਬਾ
ਇਹ ਸਾਵਣ ਖੁਦ ਪਿਆਸਾ
ਲੂਸ ਰਿਹਾ ਏ, ਸੀਨੇ ਇਸ ਦੇ
ਹਰ ਸੁਪਨਾ ਇਕਵਾਸਾ।

ਇਸ ਸਾਵਣ ਤਾਂ ਰੁੱਸੀ ਜਿੰਦੜੀ
ਮੌਤ ਨੂੰ ਕਰੇ ਇਸ਼ਾਰੇ
ਦੁੱਖ ਦੇ ਗਹਿਰੇ ਬੱਦਲਾਂ ਪੂੰਝੇ
ਆਸਾਂ ਦੇ ਸਭ ਤਾਰੇ
ਸਾਡੀ ਮਿੱਟੀ ਦੇ ਅੰਦਰ ਹੀ
ਮਰ ਜਾਂਦਾ ਹਰ ਹਾਸਾ..
ਇਸ ਸਾਵਣ..

ਚਾਨਣ ਵਿੱਚ ਨਾ ਘੁਲਦੀਆਂ ਕਿਧਰੇ
ਛਹਿਬਰ ਦੀਆਂ ਫੁਹਾਰਾਂ
ਖੁਸ਼ਕ ਹਨੇਰੇ ਦੀ ਬੁੱਕਲ ਵਿੱਚ
ਕੁਸਦੇ ਰੰਗ ਹਜ਼ਾਰਾਂ
ਬੱਸ ਨ੍ਹੇਰਾ ਹੀ ਖੇਡੇ ਸੁੱਟ ਕੇ
ਹਰ ਦਮ ਆਪਣਾ ਪਾਸਾ..
ਇਸ ਸਾਵਣ..

ਇਸ ਸਾਵਣ ਹਰਿਆਲੀ ਸਾਰੀ
ਫਿਕਰਾਂ ਲੋਆਂ ਸਾੜੀ
ਇਹ ਬੇਦਰਦਾ ਮੌਸਮ ਜਾਵੇ
ਜੀਣ ਦੀ ਫਸਲ ਉਜਾੜੀ
ਰਿਮ ਝਿਮ ਮੰਗਦੀ ਜ਼ਿੰਦਗੀ ਦਾ
ਤੇਹਾਂ ਦੇ ਘਰ ਵਿੱਚ ਵਾਸਾ..
ਇਸ ਸਾਵਣ..

ਸਾਡੇ ਹਿੱਸੇ ਆਈਆਂ ਧਰਤੀ
ਅੰਬਰ ਦੀਆਂ ਰੁਸਵਾਈਆਂ
ਵੇਲੇ ਦੇ ਲਾਰੇ ਦੀਆਂ ਰਮਜ਼ਾਂ
ਸਾਨੂੰ ਸਮਝ ਨਾ ਆਈਆਂ
ਸਾਡੇ ਲੇਖਾਂ ਦਾ ਤਾਂ ਖਬਰੇ
ਕਿਹੜੇ ਮੰਡਲ ਵਾਸਾ..
ਇਸ ਸਾਵਣ..

ਇਸ ਸਾਵਣ ਦੇ ਵਿਹੜੇ ਸੱਜਣਾ
ਰੋਂਦੀਆਂ ਫਿਰਨ ਬਹਾਰਾਂ
ਖਬਰੇ ਉਹ ਸਾਵਣ ਕਦ ਆਵੇ
ਜਿਸ ਨੂੰ ਵਾਜਾਂ ਮਾਰਾਂ
ਏਸੇ ਸਾਵਣ ਆ ਜਾ ਸਾਹਿਬਾ
ਕੱਲ੍ਹ ਦਾ ਕੀ ਭਰਵਾਸਾ..
ਇਸ ਸਾਵਣ..