ਇਸ ਤਰ੍ਹਾਂ ਘੁਲ ਚੱਲਿਆ

-ਪ੍ਰੀਤ ਭਾਗੀਕੇ

ਇਸ ਤਰ੍ਹਾਂ ਘੁਲ ਚੱਲਿਆ ਅੱਜ ਕੱਲ੍ਹ ਜ਼ਹਿਰ ਹਵਾਵਾਂ ਅੰਦਰ
ਮੌਤ ਧੜਕਦੀ ਰਹਿੰਦੀ ਏ ਹੁਣ ਹਰ ਪਲ ਸਾਹਵਾਂ ਅੰਦਰ।

ਹੁੰਦਾ ਪੁੱਤ ਜਵਾਨ ਵੇਖ ਕੇ ਲੋਰ ਜਿਹੀ ਵੀ ਚੜ੍ਹਦੀ
ਨਸ਼ਿਆਂ ਨੇ ਪਰ ਪਾ ਰੱਖਿਆ ਏ ਡਰ ਜਿਹਾ ਮਾਵਾਂ ਅੰਦਰ।

ਵਤਨੋਂ ਦੂਰ ਗਿਆ ਜੋ ..ਸ਼ਾਲਾ! ਰਹੇ ਹਮੇਸ਼ਾ ਹਸਦਾ
ਤੁਰਿਆ ਸੀ ਜੋ ਰੋ-ਰੋ ਕੇ, ਮੈਨੂੰ ਲੈ-ਲੈ ਬਾਹਵਾਂ ਅੰਦਰ।

ਚੱਪਾ-ਚੱਪਾ ਓਸ ਜਗ੍ਹਾ ਦਾ ‘ਵਾਜ਼ਾਂ ਮਾਰ ਬੁਲਾਵੇ
ਲੰਘਿਆ ਮੇਰਾ ਰੰਗਲਾ ਬਚਪਨ ਜਿਹੜੀਆਂ ਥਾਵਾਂ ਅੰਦਰ।

ਕਾਹਦੀਆਂ ਉਹ ਜ਼ਮੀਨਾਂ ਲੋਕੋ, ਕਾਹਦੀਆਂ ਉਹ ਜਾਇਦਾਦਾਂ
ਸਦਾ ਲਈ ਜੋ ਖਤਮ ਕਰਦੀਆਂ ਪਿਆਰ ਭਰਾਵਾਂ ਅੰਦਰ।

ਜਾਨੋਂ ਪਿਆਰਿਆ ਜਾਨ-ਜਾਨ ਤੂੰ ਕਹਿੰਦਾ ਚੰਗਾ ਲੱਗਦਾ
ਇਸ ਤਰ੍ਹਾਂ ਦੇ ਰਿਸ਼ਤਿਆਂ ਲਈ ਕੀ ਰੱਖਿਆ ਨਾਂਵਾਂ ਅੰਦਰ।

ਅੱਖਰ-ਅੱਖਰ, ਵਰਕਾ-ਵਰਕਾ, ਹਿਰਦਿਆਂ ਵਿੱਚੋਂ ਲੰਘੇ
ਪ੍ਰੀਤ ਭਾਗੀਕੇ ਏਦਾਂ ਦਾ ਕੁਝ ਲਿਖ ਕਵਿਤਾਵਾਂ ਅੰਦਰ।