ਇਸ਼ਕ ਦੇ ਖੁਲਾਸੇ ਮਗਰੋਂ ਉੱਪ ਪ੍ਰਧਾਨ ਮੰਤਰੀ ਨੇ ਮੁਆਫੀ ਮੰਗੀ


ਸਿਡਨੀ, 13 ਫਰਵਰੀ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਤੇ ਉਨ੍ਹਾਂ ਦੀ ਇਕ ਸਾਬਕਾ ਕਰਮਚਾਰੀ ਦੇ ਪ੍ਰੇਮ ਸੰਬੰਧਾਂ ਦੇ ਖੁਲਾਸੇ ਨਾਲ ਉਠਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਪਾਰਲੀਮੈਂਟ ਵਿਚ ਮੰਤਰੀ ਪੱਧਰ ਦੇ ਨਿਯਮਾਂ ਦਾ ਉਲੰਘਣ ਦਾ ਮੁੱਦਾ ਉਠਣ ਨਾਲ ਜੌਇਸ ਉੱਤੇ ਦਬਾਅ ਵਧ ਗਿਆ ਹੈ।
ਸਿਡਨੀ ਦੀ ਇਕ ਅਖਬਾਰ ਨੇ ਪਿਛਲੇ ਹਫਤੇ ਜੌਇਸ ਦੀ ਪ੍ਰੇਮਿਕਾ ਦੀ ਤਸਵੀਰ ਮੁੱਖ ਪੰਨੇ ਉੱਤੇ ਛਾਪ ਕੇ ਉਨ੍ਹਾਂ ਦੇ ਸੰਬੰਧਾਂ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਦੀ ਇਹ ਪ੍ਰੇਮਿਕਾ ਗਰਭਵਤੀ ਹੈ। ਇਸ ਖਬਰ ਪਿੱਛੋਂ ਜੌਇਸ ਦੀ ਪਤਨੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀਆਂ 4 ਧੀਆਂ ਹੈਰਾਨ ਹਨ। ਇਸ ਕੇਸ ਬਾਰੇ ਜੌਇਸ ਨੇ ਮੰਗਲਵਾਰ ਨੂੰ ਜਨਤਕ ਤੌਰ ਉੱਤੇ ਮੁਆਫ਼ੀ ਵੀ ਮੰਗੀ, ਪਰ ਇਸ ਮੁਆਫ਼ੀ ਦਾ ਖਾਸ ਲਾਭ ਨਹੀਂ ਹੋ ਸਕਿਆ। ਜੌਇਸ ਨੇ ਕਿਹਾ ਕਿ ਮੈਂ ਆਪਣੀ ਪਤਨੀ ਅਤੇ ਧੀਆਂ ਤੋਂ ਮੁਆਫ਼ੀ ਮੰਗਦਾ ਹੈ। ਮੇਰੇ ਪ੍ਰੇਮ ਸੰਬੰਧਾਂ ਕਾਰਨ ਉਹ ਦੁਖੀ ਹੋਏ, ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਜੌਇਸ ਨੇ ਇਸ ਤੋਂ ਪਹਿਲਾਂ ਵੀ ਲਿਖਤੀ ਬਿਆਨ ਵਿੱਚ ਕਿਹਾ ਸੀ ਕਿ ਮੈਨੂੰ ਡੂੰਘਾ ਦੁੱਖ ਹੈ ਕਿ ਮੈਂ 24 ਸਾਲ ਦੇ ਵਿਆਹ ਦੇ ਰਿਸ਼ਤੇ ਨੂੰ ਨਹੀਂ ਨਿਭਾ ਸਕਿਆ, ਜਿਸ ਕਾਰਨ ਆਪਣੀ ਪਤਨੀ ਅਤੇ ਧੀਆਂ ਨੂੰ ਦੁੱਖ ਪਹੁੰਚਾਇਆ ਹੈ।
ਵਰਨਣ ਯੋਗ ਹੈ ਕਿ ਮੰਤਰੀ ਪੱਧਰ ਦੇ ਨਿਯਮਾਂ ਮੁਤਾਬਕ ਮੰਤਰੀਆਂ ਦੇ ਸਾਥੀਆਂ ਨੂੰ ਪ੍ਰਧਾਨ ਮੰਤਰੀ ਦੀ ਆਗਿਆ ਦੇ ਬਿਨਾਂ ਮੰਤਰੀ ਦਫਤਰਾਂ ਵਿਚ ਨੌਕਰੀ ਨਹੀਂ ਦਿੱਤੀ ਜਾ ਸਕਦੀ। ਜੌਇਸ ਨੇ ਕਿਹਾ, ‘ਮੈਂ ਚੋਣ ਜ਼ਾਬਤੇ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਸਾਫ ਹੈ ਕਿ ਪਤਨੀ ਵਿੱਕੀ ਕੈਂਪੀਅਨ ਹੁਣ ਮੇਰੀ ਸਾਥੀ ਹੈ, ਪਰ ਜਦੋਂ ਉਹ ਮੇਰੇ ਦਫਤਰ ਵਿਚ ਕੰਮ ਕਰ ਰਹੀ ਸੀ, ਉਦੋਂ ਉਹ ਮੇਰੀ ਸਾਥੀ ਨਹੀਂ ਸੀ। ਵਿੱਕੀ ਪਿਛਲੇ ਸਾਲ ਤੋਂ ਮੇਰੇ ਲਈ ਕੰਮ ਨਹੀਂ ਕਰ ਰਹੀ।’