ਇਸਲਾਮੋਫੋਬੀਆ ਉੱਤੇ ਐਮਪੀਜ਼ ਨੇ ਕੀਤੀ ਬਹਿਸ

imageਓਟਵਾ, 16 ਫਰਵਰੀ (ਪੋਸਟ ਬਿਊਰੋ) : ਲਿਬਰਲ ਐਮਪੀ ਇਕਰਾ ਖਾਲਿਦ ਦਾ ਕਹਿਣਾ ਹੈ ਕਿ ਉਹ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਵਿਤਕਰੇ ਵਿਰੋਧੀ ਮਤੇ ਦੇ ਪੱਖ ਵਿੱਚ ਵੋਟ ਨਹੀਂ ਕਰੇਗੀ। ਖਾਲਿਦ ਨੇ ਆਖਿਆ ਕਿ ਅਜਿਹਾ ਇਸ ਲਈ ਕਿਉਂਕਿ ਇਹ ਮਤਾ ਉਸ ਦੇ ਮਤੇ 103 ਨੂੰ ਹੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਕੈਨੇਡੀਅਨ ਹੈਰੀਟੇਜ ਮੰਤਰੀ ਮਿਲੇਨੀ ਜੌਲੀ ਨੇ ਆਖਿਆ ਕਿ ਸਰਕਾਰ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਮਤੇ ਦੇ ਖਿਲਾਫ ਵੋਟ ਕਰੇਗੀ। ਬਾਅਦ ਵਿੱਚ ਖਾਲਿਦ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ। ਬੁੱਧਵਾਰ ਰਾਤ ਨੂੰ ਖਾਲਿਦ ਦੇ ਮਤੇ 103 ਉੱਤੇ ਇੱਕ ਘੰਟੇ ਤੱਕ ਬਹਿਸ ਚੱਲੀ ਪਰ ਉਨ੍ਹਾਂ ਵੱਲੋਂ ਇਸ ਦੀ ਸਖ਼ਤ ਨੁਕਤਾਚੀਨੀ ਕੀਤੀ ਗਈ ਜਿਨ੍ਹਾਂ ਨੂੰ ਲੱਗਦਾ ਸੀ ਕਿ ਇਸ ਨਾਲ ਇਸਲਾਮ ਖਿਲਾਫ ਅਜ਼ਾਦਾਨਾ ਢੰਗ ਨਾਲ ਬੋਲਣ ਦੀ ਉਨ੍ਹਾਂ ਦੀ ਸਮਰੱਥਾ ਘੱਟ ਜਾਵੇਗੀ।
ਕੰਜ਼ਰਵੇਟਿਵ ਐਮਪੀ ਡੇਵਿਡ ਐਂਡਰਸਨ ਨੇ ਇਸ ਦੇ ਨਾਲ ਹੀ ਮੇਲ ਖਾਂਦਾ ਮਤਾ ਪੇਸ਼ ਕੀਤਾ ਪਰ ਉਨ੍ਹਾਂ ਇਸਲਾਮੋਫੋਬੀਆ ਸ਼ਬਦ ਵਰਤਣ ਦੀ ਥਾਂ ਮੁਸਲਮਾਨਾਂ ਖਿਲਾਫ ਫੈਲੀ ਨਫਰਤ ਦੀ ਨਿਖੇਧੀ ਕਰਨ ਲਈ ਆਖਿਆ। ਹਾਊਸ ਵਿੱਚ ਗੱਲ ਕਰਦਿਆਂ ਖਾਲਿਦ ਨੇ ਆਖਿਆ ਕਿ ਉਸ ਦੇ ਪਰਿਵਾਰ, ਦੋਸਤਾਂ, ਗੁਆਂਢੀਆਂ ਤੇ ਹੋਰਨਾਂ ਨੂੰ ਇਸਲਾਮੋਫੋਬੀਆ ਦਾ ਸਾਹਮਣਾ ਕਰਨਾ ਪਿਆ ਹੈ। ਇਹ ਸੱਚੀਆਂ ਕਹਾਣੀਆਂ ਹਨ ਤੇ ਇਨ੍ਹਾਂ ਨਾਲ ਸੱਚੀਂ ਮੁੱਚੀਂ ਲੋਕਾਂ ਨੂੰ ਫਰਕ ਪੈਂਦਾ ਹੈ। ਇਹ ਅੰਕੜੇ ਕੋਈ ਕਾਲਪਨਿਕ ਨਹੀਂ ਹਨ।
ਉਸ ਨੇ ਇਹ ਵੀ ਆਖਿਆ ਕਿ ਉਸ ਨੂੰ ਇਹ ਡਰ ਲੱਗ ਰਿਹਾ ਹੈ ਕਿ ਪਾਰਟੀ ਵਿਰੋਧੀਆਂ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਕੁੱਝ ਕੈਨੇਡੀਅਨ ਖੁਦ ਨੂੰ ਕਮਜੋ਼ਰ ਮਹਿਸੂਸ ਕਰਦੇ ਹਨ ਤੇ ਇਸਲਾਮੋਫੋਬੀਆ ਨੂੰ ਇਸ ਮਤੇ ਵਿੱਚੋਂ ਕੱਢਣ ਲਈ ਜੋ਼ਰ ਲਾ ਰਹੇ ਹਨ। ਮਾਂਟਰੀਅਲ ਦੇ ਲਿਬਰਲ ਐਮਪੀ ਫਰਾਂਸਿਸ ਸਕਾਰਪੇਲੈਗੀਆ ਨੇ ਇਸ ਗੱਲ ਉੱਤੇ ਕਿੰਤੂ ਕੀਤਾ ਕਿ ਕੰਜ਼ਰਵੇਟਿਵਾਂ ਵੱਲੋਂ ਖਾਲਿਦ ਦੇ ਮਤੇ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪਿਛਲੇ ਸਾਲ ਦੇ ਅੰਤ ਵਿੱਚ ਹਾਊਸ ਵੱਲੋਂ ਇਸਲਾਮੋਫੋਬੀਆ ਦੀ ਨਿਖੇਧੀ ਕਰਨ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ। ਕੰਜ਼ਰਵੇਟਿਵਾਂ ਸਮੇਤ ਸਾਰੇ ਐਮਪੀਜ਼ ਨੇ ਇਸ ਦੇ ਪੱਖ ਵਿੱਚ ਵੋਟ ਕੀਤਾ ਸੀ।ਉਨ੍ਹਾਂ ਆਖਿਆ ਕਿ ਹੁਣ ਅਚਾਨਕ ਅਜਿਹਾ ਕੀ ਹੋ ਗਿਆ ਕਿ ਇਸਲਾਮੋਫੋਬੀਆ ਨੂੰ ਕਿਸੇ ਮਤੇ ਵਿੱਚ ਲਿਆ ਕੇ ਹਾਊਸ ਵਿੱਚ ਪੇਸ਼ ਕੀਤਾ ਜਾਣਾ ਸਹੀ ਨਹੀਂ ਰਿਹਾ?
ਐਨਡੀਪੀ ਆਗੂ ਟੌਮ ਮਲਕੇਅਰ ਨੇ ਖਾਲਿਦ ਦੇ ਮਤੇ 103 ਦੀ ਤਰਜ਼ ਉੱਤੇ ਹਾਊਸ ਵਿੱਚ ਮਤਾ ਪੇਸ਼ ਕੀਤਾ। ਇਹ ਮਤਾ 26 ਅਕਤੂਬਰ ਨੂੰ ਪਾਸ ਹੋਇਆ ਸੀ ਤੇ ਇਸ ਵਿੱਚ ਇਸਲਾਮੋਫੋਬੀਆ ਦੀ ਹਰ ਕਿਸਮ ਦੀ ਨਿਖੇਧੀ ਲਈ ਹਾਊਸ ਆਫ ਕਾਮਨਜ਼ ਦੀ ਪਟੀਸ਼ਨ ਈ-411 ਲਈ 69,742 ਕੈਨੇਡੀਅਨ ਸਮਰਥਕਾਂ ਨੇ ਵੀ ਦਸਤਖ਼ਤ ਕੀਤੇ ਸਨ।