ਇਸਰਾਈਲ ਦੇ ਪ੍ਰਧਾਨ ਮੰਤਰੀ ਉੱਤੇ ਅਦਾਲਤ ਵਿੱਚ ਦੋਸ਼ ਲੱਗੇ

benjamin
ਯੇਰੂਸ਼ਲਮ, 11 ਅਗਸਤ (ਪੋਸਟ ਬਿਊਰੋ)- ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਖੱਬੇ ਪੱਖੀ ਵਿਰੋਧੀਆਂ ਅਤੇ ਦੇਸ਼ ਦੇ ਮੀਡੀਆ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਲੋਕ ਜਾਂਚ ਕਰਤਾਵਾਂ ਉੱਤੇ ਦਬਾਅ ਪਾ ਕੇ ਮੈਨੂੰ ਕਿਸੇ ਵੀ ਕੀਮਤ ਉੱਤੇ ਸਜ਼ਾ ਦਿਵਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਨੇਤਨਯਾਹੂ ਉੱਤੇ ਇਸਰਾਈਲੀ ਮੀਡੀਆ ਅਤੇ ਲੈਫਟ ਪਾਰਟੀ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਰਹੀ ਹੈ।
ਵਰਨਣ ਯੋਗ ਹੈ ਕਿ ਨੇਤਨਯਾਹੂ (67) ਉੱਤੇ ਇਸਰਾਈਲ ਪੁਲਸ ਦੋ ਕੇਸਾਂ ਨੂੰ ਲੈ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ‘ਕੇਸ 1000’ ਮੁਤਾਬਕ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੋ ਵਪਾਰੀਆਂ ਨਾਲ ਗਿਫਟ ਦੀ ਸੌਦੇਬਾਜੀ ਕੀਤੀ ਹੈ ਅਤੇ ‘ਕੇਸ 2000’ ਨੇਤਨਯਾਹੂ ਦੀ ਇਕ ਨਿਊਜ਼ ਪ੍ਰਕਾਸ਼ਕ ਨਾਲ ਕੀਤੀ ਗੱਲਬਾਤ ਨਾਲ ਸੰਬੰਧਿਤ ਹੈ। ਇਸ ਨੂੰ ਲੈ ਕੇ ਪੁਲਸ ਨੇ ਨੇਤਨਯਾਹੂ ਦੀ ਪਤਨੀ ਸਾਰਾ ਤੋਂ ਵੀ ਪੁੱਛ-ਗਿੱਛ ਕੀਤੀ ਹੈ, ਜਿਸ ਉੱਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਲੱਗਾ ਹੈ। ਬੇਂਜਾਮਿਨ ਨੇਤਨਯਾਹੂ ਨੇ ਰਾਈਟ ਵਿੰਗ ਦੀ ਇਕ ਪਾਰਟੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿਰੁੱਧ ‘ਮੀਡੀਆ ਅਤੇ ਲੈਫਟ, ਜੋ ਕੁਝ ਵੀ ਕਰ ਰਿਹਾ ਹੈ, ਉਹ ਬਹੁਤ ਸਾਰੇ ਘਪਲਿਆਂ, ਅਣਗਿਣਤ ਰਿਪੋਰਟਸ ਤੇ ਬੇਅੰਤ ਹੈੱਡਲਾਈਨਸ ਲਈ ਕਰ ਰਿਹਾ ਹੈ ਤੇ ਅਜਿਹਾ ਕਰਨ ਨਾਲ ਸ਼ਾਇਦ ਉਨ੍ਹਾਂ ਨੂੰ ਕੁਝ ਮਿਲ ਜਾਵੇ।’
ਇਸਰਾਈਲੀ ਮੀਡੀਆ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੋ ਵਪਾਰੀਆਂ ਤੋਂ ਲਗਾਤਾਰ ਤੋਹਫੇ ਲਏ ਹਨ, ਜਿਸ ਵਿਚ ਸਿਗਾਰ ਅਤੇ ਸ਼ੈਂਪੇਨ ਸ਼ਾਮਲ ਹੈ। ਦੂਜੇ ਕੇਸ ਵਿਚ ਨੇਤਨਯਾਹੂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਬਿਹਤਰ ਕਵਰੇਜ ਲਈ ਇਸਰਾਈਲ ਦੇ ਇਕ ਵੱਡੇ ਅਖਬਾਰ ਨਾਲ ਗੱਲਬਾਤ ਕੀਤੀ ਹੈ। ਨੇਤਨਯਾਹੂ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ।