ਇਸਰਾਈਲੀ ਕੰਪਨੀ ਨਾਲ ਜਹਾਜ਼ ਸੌਦਾ ਭਾਰਤ ਵੱਲੋਂ ਅਚਾਨਕ ਰੱਦ


ਯੇਰੂਸ਼ਲਮ, 3 ਜਨਵਰੀ, (ਪੋਸਟ ਬਿਊਰੋ)- ਇਸਰਾਈਲ ਦੀ ਸਰਕਾਰੀ ਹਥਿਆਰ ਕੰਪਨੀ ਰਾਫੇਲ ਵੱਲੋਂ ਦੱਸਣ ਮੁਤਾਬਕ ਭਾਰਤ ਨੇ ਉਨ੍ਹਾਂ ਨਾਲ 50 ਕਰੋੜ ਡਾਲਰ ਦਾ ਜਿਹੜਾ ਰੱਖਿਆ ਸੌਦਾ ਕੀਤਾ ਸੀ, ਉਹ ਅਚਾਨਕ ਰੱਦ ਕਰ ਦਿੱਤਾ ਹੈ। ਇਸ ਸੌਦੇ ਵਿੱਚ ਟੈਂਕ ਨਸ਼ਟ ਕਰਨ ਵਾਲੀ ਅਤਿ-ਆਧੁਨਿਕ ਮਿਜ਼ਾਈਲ ‘ਸਪਾਈਕ’ ਬਣਾਈ ਜਾਣੀ ਸੀ।
ਰਾਫੇਲ ਐਡਵਾਂਸ ਡਿਫੈਂਸ ਸਿਸਟਮ ਦੇ ਬੁਲਾਰੇ ਇਸ਼ਾਈ ਡੇਵਿਡ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵਲੋਂ ਅਧਿਕਾਰਤ ਤੌਰ ਉੱਤੇ ਉਨ੍ਹਾਂ ਦੀ ਕੰਪਨੀ ਨੂੰ ਸਪਾਈਕ ਸੌਦਾ ਰੱਦ ਕਰਨ ਦੀ ਸੂਚਨਾ ਮਿਲੀ ਹੈ। ਭਾਰਤ ਨੇ ਡਿਫੈਂਸ ਖਰੀਦ ਨਿਯਮਾਂ ਦੀ ਪਾਲਣਾ ਕਰਦਿਆਂ ਲੰਬੀ ਪ੍ਰਕਿਰਿਆ ਤੋਂ ਬਾਅਦ ਇਹ ਸੌਦਾ ਕੀਤਾ ਸੀ। ਸੌਦਾ ਰੱਦ ਹੋਣ ਉੱਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਰਾਫੇਲ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਭਾਰਤ ਦੀਆਂ ਸਭ ਸ਼ਰਤਾਂ ਤੇ ਮੰਗਾਂ ਨੂੰ ਮਨਜ਼ੂਰ ਕਰਨ ਤੋਂ ਬਾਅਦ ਇਹ ਸੌਦਾ ਕੀਤਾ ਸੀ, ਪਰ ਸੌਦਾ ਰੱਦ ਹੋਣ ਦੇ ਬਾਵਜੂਦ ਕੰਪਨੀ ਭਾਰਤ ਨਾਲ ਸਹਿਯੋਗ ਜਾਰੀ ਰੱਖੇਗੀ।
ਵਰਨਣ ਯੋਗ ਹੈ ਕਿ ਭਾਰਤ ਨੇ ਅਜੇ ਇਸ ਸੌਦੇ ਨੂੰ ਰੱਦ ਕਰਨ ਦਾ ਕਾਰਨ ਨਹੀਂ ਦੱਸਿਆ। ਭਾਰਤ ਨੇ ਇਹ ਸੌਦਾ ਓਦੋਂ ਰੱਦ ਕੀਤਾ ਹੈ, ਜਦੋਂ ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ 14 ਜਨਵਰੀ ਨੂੰ ਭਾਰਤ ਦੀ 4 ਦਿਨਾਂ ਯਾਤਰਾ ਲਈ ਆ ਰਹੇ ਹਨ ਅਤੇ ਰਾਫੇਲ ਕੰਪਨੀ ਦੇ ਸੀ ਈ ਓ ਉਨ੍ਹਾਂ ਦੇ ਨਾਲ ਹੋਣਗੇ।