ਇਲਿਆਨਾ ਬਣਾਏਗੀ ਉਜ਼ਮਾ ਅਹਿਮਦ


ਇਲਿਆਨਾ ਦਾ ਜਨਮ ਮਾਹਿਮ (ਮੁੰਬਈ) ਵਿੱਚ ਹੋਇਆ ਸੀ, ਪਰ ਉਸ ਦਾ ਪਾਲਣ ਪੋਸ਼ਣ ਗੋਆ ਵਿੱਚ ਹੋਇਆ। ਉਸ ਦੀ ਮਾਂ ਬੋਲੀ ਕੋਂਕਣੀ ਹੈ। ਜਦੋਂ ਉਹ ਆਪਣੀ ਅੱਲ੍ਹੜ ਉਮਰ ਵਿੱਚ ਸੀ ਤਾਂ ਉਸ ਦੀ ਮਾਂ ਇੱਕ ਹੋਟਲ ਕੰਮ ਕਰਦੀ ਸੀ। ਉਸ ਹੋਟਲ ਦੇ ਮੈਨੇਜਰ ਨੇ ਕਿਹਾ ਸੀ ਇਲਿਆਨਾ ਦੀ ਮੁਸਕਾਨ ਬਹੁਤ ਸ਼ਾਨਦਾਰ ਹੈ, ਉਸ ਨੂੰ ਮਾਡਲਿੰਗ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਸ ਨੇ ਮਾਰਕ ਰੋਬਿਨਸਨ ਨਾਲ ਇਲਿਆਨਾ ਦੀ ਮੀਟਿੰਗ ਕਰਵਾਈ। ਉਸ ਪਿੱਛੋਂ ਇਲਿਆਨਾ ਨੇ ਫੋਟੋਸ਼ੂਟ ਤੇ ਰੈਂਪ ਸ਼ੋਅ ਸ਼ੁਰੂ ਕੀਤੇ, ਜਿਸ ਨਾਲ ਉਸ ਨੂੰ ਕਾਫੀ ਨੋਟਿਸ ਕੀਤਾ ਗਿਆ। ਰਾਕੇਸ਼ ਰੋਸ਼ਨ ਦੇ ਨਿਰਦੇਸ਼ਨ ਵਿੱਚ ਇਲਿਆਨਾ ਨੇ ਇੱਕ ਮਸ਼ਹੂਰ ਬਿਊਟੀ ਪ੍ਰੋਡਕਟ ਲਈ ਮਾਡਲਿੰਗ ਕੀਤੀ ਤੇ ਰਾਕੇਸ਼ ਹੀ ਉਸ ਨੂੰ ਅੱਗੇ ਚੱਲ ਕੇ ਫਿਲਮਾਂ ਵਿੱਚ ਲੈ ਕੇ ਆਏ। ਉਹ ਹੁਣ ਤੱਕ ਹਿੰਦੀ ਤੋਂ ਇਲਾਵਾ ਤਮਿਲ, ਤੇਲਗੂ, ਕੰਨੜ ਆਦਿ ਭਾਸ਼ਾਵਾਂ ਵਿੱਚ ਫਿਲਮਾਂ ਕਰ ਚੁੱਕੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸਾਲ 2014 ਵਿੱਚ ਇਲਿਆਨਾ ਨੇ ਪੁਰਤਗਾਲ ਦੀ ਨਾਗਰਿਕਤਾ ਲੈ ਲਈ ਸੀ।
ਕੁਝ ਮਹੀਨਿਆਂ ਤੋਂ ਉਜ਼ਮਾ ਅਹਿਮਦ ਦੀ ਜ਼ਿੰਦਗੀ ‘ਤੇ ਇੱਕ ਬਾਇਓਪਿਕ ਬਣਾਉਣ ਦੀ ਯੋਜਨਾ ਚੱਲ ਰਹੀ ਹੈ। ‘ਨਾਮ ਸ਼ਬਾਨਾ’ ਦੇ ਨਿਰਦੇਸ਼ਕ ਸ਼ਿਵਮ ਨਾਇਰ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਤੇ ਉਜ਼ਮਾ ਨੇ ਇਸ ਉਤੇ ਆਪਣੀ ਸਹਿਮਤੀ ਦੇ ਦਿੱਤੀ ਹੈ। ਫਿਲਮ ‘ਪਿੰਕ’ ਦੇ ਲੇਖਕ ਰਿਤੇਸ਼ ਸ਼ਾਹ ਇਹ ਫਿਲਮ ਲਿਖ ਰਹੇ ਹਨ। ਪਹਿਲਾਂ ਅਜਿਹੀਆਂ ਖਬਰਾਂ ਸਨ ਕਿ ਪਰਿਣੀਤੀ ਚੋਪੜਾ ਨੂੰ ਇਸ ਫਿਲਮ ਦਾ ਆਫਰ ਮਿਲਿਆ ਹੈ, ਪਰ ਹੁਣ ਇਹ ਗੱਲ ਪੱਕੀ ਹੈ ਕਿ ਇਸ ਕਿਰਦਾਰ ਲਈ ਉਸ ਤੱਕ ਪਹੁੰਚ ਨਹੀਂ ਕੀਤੀ ਗਈ। ਨਿਰਮਾਤਾ ਇਸ ਬਾਇਓਪਿਕ ਲਈ ਹੋਰ ਹੀਰੋਇਨ ਦੀ ਤਲਾਸ਼ ਕਰ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ‘ਸ਼ਿਵਮ ਨਾਇਰ ਉਜ਼ਮਾ ਦੇ ਕਿਰਦਾਰ ਲਈ ਇਲਿਆਨਾ ਡਿਕਰੂਜ਼ ਨਾਲ ਗੱਲਬਾਤ ਕਰ ਰਹੇ ਹਨ। ਸ਼ਿਵਮ ਹੁਣੇ ਜਿਹੇ ਇਲਿਆਨਾ ਨੂੰ ਮਿਲੇ ਸਨ ਤੇ ਉਸ ਨੂੰ ਇਸ ਫਿਲਮ ਦਾ ਆਈਡੀਆ ਬਹੁਤ ਪਸੰਦ ਆਇਆ ਸੀ। ਉਸ ਨੂੰ ਉਜ਼ਮਾ ਬਾਰੇ ਪਤਾ ਹੈ ਤੇ ਉਹ ਉਸ ਦਾ ਕਿਰਦਾਰ ਨਿਭਾਉਣ ਸੰਬੰਧੀ ਬਹੁਤ ਉਤਸ਼ਾਹਤ ਹੈ। ਫਿਲਹਾਲ ਇਸ ਵਿਸ਼ੇ ‘ਤੇ ਗੱਲਬਾਤ ਨੂੰ ਆਖਰੀ ਰੂਪ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ।’
ਨਾਇਰ ਇਸ ਖਬਰ ਬਾਰੇ ਕਹਿੰਦੇ ਹਨ, ‘‘ਹਾਂ, ਮੈਂ ਚਾਹੁੰਦਾ ਹਾਂ ਕਿ ਮੇਰੀ ਫਿਲਮ ‘ਚ ਇਲਿਆਨਾ ਹੋਵੇ। ਮੈਂ ਉਸ ਨੂੰ ਮਿਲਿਆ ਸੀ ਤੇ ਉਸ ਨੂੰ ਇਹ ਆਈਡੀਆ ਬਹੁਤ ਪਸੰਦ ਆਇਆ ਸੀ। ਅਸੀਂ ਮਟੀਰੀਅਲ ਇਕੱਠਾ ਕੀਤਾ ਹੈ, ਉਜ਼ਮਾ ਨੂੰ ਮਿਲੇ ਤੇ ਰਿਸਰਚ ਕੀਤੀ। ਉਸ ਤੋਂ ਬਾਅਦ ਕੰਮ ਅੱਗੇ ਚੱਲ ਰਿਹਾ ਹੈ। ਫਿਲਹਾਲ ਅਸੀਂ ਸਕ੍ਰਿਪਟ ‘ਤੇ ਕੰਮ ਕਰ ਰਹੇ ਹਾਂ। ਜਿਵੇਂ ਹੀ ਇਹ ਤਿਆਰ ਹੋ ਜਾਵੇਗੀ ਤਾਂ ਅਸੀਂ ਇਸ ਨੂੰ ਇਲਿਆਨਾ ਨੂੰ ਸੁਣਾ ਦੇਵਾਂਗੇ। ਅਗਲੇ ਕੁਝ ਦਿਨਾਂ ਵਿੱਚ ਸਕ੍ਰਿਪਟ ਪੂਰੀ ਤਿਆਰ ਹੋ ਜਾਵੇਗੀ। ਮੇਰੀ ਨਜ਼ਰ ‘ਚ ਇਲਿਆਨਾ ਇਸ ਕਿਰਦਾਰ ਲਈ ਬਿਲਕੁਲ ਸਹੀ ਹੈ। ਉਸ ਵਿੱਚ ਮਾਸੂਮੀਅਤ ਤੇ ਕਾਨਫੀਡੈਂਸ ਦਾ ਅਦਭੁੱਤ ਮਿਸ਼ਰਣ ਹੈ। ਸਾਨੂੰ ਉਜ਼ਮਾ ਦੇ ਕਿਰਦਾਰ ਲਈ ਇਹੀ ਦੋ ਗੁਣ ਚਾਹੀਦੇ ਸਨ।”
ਉਜ਼ਮਾ ਅਹਿਮਦ ਇੱਕ ਭਾਰਤੀ ਲੜਕੀ ਹੈ, ਜੋ ਪਾਕਿਸਤਾਨੀ ਨਾਗਰਿਕ ਨਾਲ ਪਿਆਰ ਕਰਨ ਲੱਗੀ ਸੀ। ਉਹ ਉਸ ਲੜਕੇ ਨੂੰ ਮਲੇਸ਼ੀਆ ਵਿੱਚ ਮਿਲੀ ਤੇ ਉਸ ਤੋਂ ਬਾਅਦ ਉਸ ਨੂੰ ਮਿਲਣ ਲਈ ਪਾਕਿਸਤਾਨ ਗਈ। ਉਥੇ ਜਦੋਂ ਉਸ ਲੜਕੇ ਨੂੰ ਮਿਲੀ ਤਾਂ ਉਸ ਨੂੰ ਪਤਾ ਲੱਗਾ ਕਿ ਲੜਕਾ ਪਹਿਲਾਂ ਤੋਂ ਵਿਆਹਿਆ ਅਤੇ ਚਾਰ ਬੱਚਿਆਂ ਦਾ ਬਾਪ ਹੈ। ਇਸ ਤੋਂ ਬਾਅਦ ਉਜ਼ਮਾ ਦਾ ਬੰਦੂਕ ਦੀ ਨੋਕ ‘ਤੇ ਜ਼ਬਰਦਸਤੀ ਵਿਆਹ ਕਰ ਦਿੱਤਾ ਤੇ ਉਸ ਦਾ ਯੌਨ ਸ਼ੋਸ਼ਣ ਕੀਤਾ ਗਿਆ। ਉਹ ਕਿਸੇ ਤਰ੍ਹਾਂ ਬਚ ਕੇ ਭਾਰਤੀ ਹਾਈ ਕਮਿਸ਼ਨ ਪਹੁੰਚ ਗਈ ਤੇ ਫਿਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਉਸ ਦੀ ਮੁਲਾਕਾਤ ਹੋਈ। ਖਬਰ ਸੁਣ ਕੇ ਸੁਸ਼ਮਾ ਸਵਰਾਜ ਨੇ ਇਹ ਯਕੀਨੀ ਬਣਾਇਆ ਕਿ ਉਜ਼ਮਾ ਸੁਰੱਖਿਅਤ ਢੰਗ ਨਾਲ ਘਰ ਪਰਤ ਸਕੇ।