ਇਲਾਜ ਅਤੇ ਇਨਸਾਨੀਅਤ

-ਦਰਸ਼ਨ ਸਿੰਘ
ਕਰੀਬ ਤੀਹ ਸਾਲ ਪਹਿਲਾਂ ਦੀ ਗੱਲ ਹੈ। ਮੇਰੇ ਡੇਢ ਕੁ ਸਾਲ ਦੇ ਬੱਚੇ ਨੂੰ ਇਕ ਦਿਨ ਅਚਾਨਕ ਤੇਜ਼ ਬੁਖਾਰ ਚੜ੍ਹ ਗਿਆ। ਸ੍ਰੀਮਤੀ ਜੀ ਨੇ ਦਵਾਈ ਲੈਣ ਲਈ ਦਫਤਰੋਂ ਛੁੱਟੀ ਲੈ ਲਈ ਤੇ ਮੈਂ ਨਿਸ਼ਚਿੰਤ ਹੋ ਕੇ ਆਪਣੇ ਦਫਤਰ ਕੰਮ ਉਪਰ ਚਲਾ ਗਿਆ। ਉਸ ਸਮੇਂ ਫੋਨ ਨਹੀਂ ਹੁੰਦੇ ਸਨ, ਜਿਸ ਕਰਕੇ ਮੈਂ ਸ੍ਰੀਮਤੀ ਕੋਲੋਂ ਬੱਚੇ ਦੀ ਸਿਹਤ ਬਾਰੇ ਪੁੱਛ ਨਹੀਂ ਸਕਿਆ। ਸ਼ਾਮੀਂ ਦਫਤਰੋਂ ਘਰ ਪਰਤਿਆ ਤਾਂ ਬੱਚੇ ਦਾ ਹਲਦੀ ਰੰਗਾ ਚਿਹਰਾ ਦੇਖ ਕੇ ਸੁੰਨ ਹੋ ਗਿਆ। ਉਸ ਦੀ ਐਨੀ ਮਾੜੀ ਸਿਹਤ ਸਵੇਰ ਵੇਲੇ ਨਹੀਂ ਸੀ। ਮੈਂ ਬਿਨਾਂ ਦੇਰੀ ਕੀਤੇ ਉਸ ਨੂੰ ਮੋਢੇ ਲਾਇਆ, ਪਿੱਠ ਥੱਪਥਪਾਈ ਅਤੇ ਡਾਕਟਰ ਨੂੰ ਦਿਖਾਉਣ ਲਈ ਚੱਲ ਪਿਆ। ਪਤਨੀ ਵੀ ਮੇਰੇ ਨਾਲ ਸੀ। ਦਸ ਕੁ ਮਿੰਟ ਵਿੱਚ ਅਸੀਂ ਡਾਕਟਰ ਕੋਲ ਪੁੱਜ ਗਏ। ਚੈਕਅਪ ਪਿੱਛੋਂ ਪਤਾ ਲੱਗਾ ਕਿ ਬੱਚੇ ਦੇ ਖੂਨ ਦੇ ਲਾਲ ਸੈੱਲ ਤੇਜ਼ੀ ਨਾਲ ਟੁੱਟ ਰਹੇ ਸਨ ਅਤੇ ਉਸ ਨੂੰ ਦਿੱਤੀ ਦਵਾਈ ਦਾ ਸਰੀਰ ਅੰਦਰ ‘ਰੀਐਕਸ਼ਨ’ ਹੋ ਰਿਹਾ ਸੀ। ਡਾਕਟਰ ਨੇ ਬੱਚੇ ਨੂੰ ਪੀ ਜੀ ਆਈ ਲਈ ਰੈਫਰ ਕਰ ਦਿੱਤਾ ਅਤੇ ਜਲਦੀ ਤੋਂ ਜਲਦੀ ਉਥੇ ਪਹੁੰਚਣ ਲਈ ਕਿਹਾ। ਮਨ ਦੀ ਘਬਰਾਹਟ ਨੂੰ ਸੰਭਾਲਣਾ ਹੁਣ ਹੋਰ ਵੀ ਔਖਾ ਹੋ ਗਿਆ ਸੀ।
ਬੇਸੁਰਤੀ ਵੱਲ ਵਧ ਰਹੇ ਬੱਚੇ ਦੀ ਗੰਭੀਰ ਹਾਲਤ ਸਾਡੇ ਹੌਸਲੇ ਲਈ ਪ੍ਰੀਖਿਆ ਦੀ ਘੜੀ ਸੀ। ਸੋਚਿਆ ਕਿ ਇਕ ਹੋਰ ਡਾਕਟਰ ਦੀ ਸਲਾਹ ਲੈ ਕੇ ਘੱਟੋ-ਘੱਟ ਮੁੱਢਲੀ ਡਾਕਟਰੀ ਸਹਾਇਤਾ ਹੀ ਬੱਚੇ ਨੂੰ ਦਿਵਾਈ ਜਾਵੇ। ਇਸ ਖਾਤਰ ਨੱਠ ਭੱਜ ਕਰਦਿਆਂ ਮਾਨਸਿਕ ਪ੍ਰੇਸ਼ਾਨੀ ਹੋਰ ਵਧ ਗਈ। ਓਦੋਂ ਘਬਰਾਹਟ ਵਿੱਚ ਹੋਰ ਵਾਧਾ ਹੋ ਗਿਆ ਜਦੋਂ ਦੂਸਰੇ ਡਾਕਟਰ ਦੀ ਰਿਪੋਰਟ ਵੀ ਤਿਆਰ ਹੋ ਕੇ ਆ ਗਈ ਅਤੇ ਇਹ ਹੋਰ ਵੱਧ ਡਰਾਉਣੀ ਸੀ। ਇਸ ਡਾਕਟਰ ਦੇ ਕਹਿਣ ਅਨੁਸਾਰ ਚੰਡੀਗੜ੍ਹ ਜਾਣ ਜੋਗਾ ਵੀ ਸਮਾਂ ਨਹੀਂ ਸੀ। ਐਮਰਜੈਂਸੀ ਲਈ ਅੰਬਾਲਾ ਸ਼ਹਿਰ ਦੇ ਇਕ ਹਸਪਤਾਲ ਵਿੱਚ ਪੁੱਜਣ ਲਈ ਕਿਹਾ ਗਿਆ ਸੀ। ਉਸ ਹਸਪਤਾਲ ਦੇ ਇਕ ਡਾਕਟਰ ਦੇ ਨਾਂ ਉਨ੍ਹਾਂ ਨੇ ਖਤ ਵੀ ਲਿਖ ਦਿੱਤਾ, ਜਿਸ ਵਿੱਚ ਇਲਾਜ ਫੌਰੀ ਸ਼ੁਰੂ ਕਰਨ ਦੀ ਤਾਕੀਦ ਕੀਤੀ ਹੋਈ ਸੀ।
ਭਾਵੇਂ ਜਲਦੀ ਅਸੀਂ ਬਹੁਤ ਕੀਤੀ, ਪਰ ਸਮਾਂ ਫਿਰ ਵੀ ਲੱਗਣਾ ਸੀ। ਹਸਪਤਾਲ ਤੱਕ ਪਹੁੰਚਣ ਵਿੱਚ ਕਰੀਬ ਪੌਣਾ ਘੰਟਾ ਲੱਗ ਗਿਆ। ਮਾਂ ਦੀ ਗੋਦੀ ਵਿੱਚ ਪਿਆ ਬੇਚੈਨ ਅਤੇ ਨਿਢਾਲ ਹੋਇਆ ਬੱਚਾ ਹੁਣ ਅੱਖ ਵੀ ਬੜੀ ਔਖ ਨਾਲ ਖੋਲ੍ਹਦਾ ਸੀ। ਚਿਹਰੇ ਤੋਂ ਸਾਨੂੰ ਉਸ ਡਾਕਟਰ ਦੀ ਪਛਾਣ ਨਹੀਂ ਸੀ, ਜਿਸ ਨੂੰ ਮਿਲ ਕੇ ਅਸੀਂ ਖਤ ਦੇਣਾ ਸੀ। ਉਨ੍ਹਾਂ ਦੇ ਨਾਂ ਲਿਖਿਆ ਖਤ ਅਸੀਂ ਸਬੰਧਤ ਕਮਰੇ ਵਿੱਚ ਬੈਠੇ ਡਾਕਟਰ ਨੂੰ ਜਾ ਸੌਂਪਿਆ। ਪਲ ਛਿਣ ਵਿੱਚ ਹੀ ਬੱਚੇ ਨੂੰ ਐਮਰਜੈਂਸੀ ਵਿੱਚ ਦਾਖਲ ਕਰਵਾ ਦਿੱਤਾ ਗਿਆ। ਘੰਟਿਆਂ ਬੱਧੀ ਹੋਈ ਪ੍ਰੇਸ਼ਾਨੀ, ਦੁਬਿਧਾ, ਫਿਕਰ ਦੇ ਥਪੇੜੇ ਝੱਲਣ ਪਿੱਛੋਂ ਸਾਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ। ਐਮਰਜੈਂਸੀ ਵਾਲੇ ਕਮਰੇ ਵਿੱਚ ਨਵੇਂ ਸਿਰਿਉਂ ਟੈਸਟ ਹੋਏ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਬੇਟੇ ਦੇ ਖੂਨ ਚੜ੍ਹਾਉਣਾ ਸ਼ੁਰੂ ਕੀਤਾ ਗਿਆ। ਚਾਰ ਪੰਜ ਦਿਨ ਇਲਾਜ ਜਾਰੀ ਰਹਿਣ ਪਿੱਛੋਂ ਬੱਚੇ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਉਹ ਫਿਰ ਪਹਿਲਾਂ ਵਾਂਗ ਹੱਸਣ ਖੇਡਣ ਲੱਗ ਪਿਆ। ਉਸ ਦੇ ਚਿਹਰੇ ‘ਤੇ ਮੁਸਕਾਨ ਪਰਤਣ ਨਾਲ ਸਾਡੇ ਚਿਹਰਿਆਂ ਉਪਰ ਵੀ ਰੌਣਕ ਪਰਤ ਆਈ, ਭਾਵੇਂ ਪੀ ਜੀ ਆਈ ਤੋਂ ਇਕ ਹੋਰ ਟੈਸਟ ਕਰਵਾਉਣਾ ਬਾਕੀ ਸੀ। ਹਫਤੇ ਕੁ ਵਿੱਚ ਇਹ ਟੈਸਟ ਵੀ ਕਰਵਾ ਲਿਆ ਗਿਆ, ਜਿਸ ਰਾਹੀਂ ਇਹ ਪਤਾ ਲੱਗ ਗਿਆ ਕਿ ਬੱਚੇ ਨੂੰ ਦਵਾਈ ਦਾ ‘ਰੀਐਕਸ਼ਨ’ ਕਿਉਂ ਹੋਇਆ ਸੀ।
ਪੀ ਜੀ ਆਈ ਦੀ ਰਿਪੋਰਟ ਲੈ ਕੇ ਜਦੋਂ ਅਸੀਂ ਡਾਕਟਰ ਨੂੰ ਦਿਖਾਉਣ ਅੰਬਾਲਾ ਵਾਪਸ ਆਏ ਤਾਂ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਰਿਪੋਰਟ ਪੜ੍ਹਨ ਪਿੱਛੋਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ, ‘ਹਰ ਕਿਸੇ ਦਾ ਕਿਸੇ ਡਾਕਟਰ ਵਿੱਚ ਖਾਸ ਵਿਸ਼ਵਾਸ ਹੁੰਦਾ ਹੈ। ਇਹੋ ਵਿਸ਼ਵਾਸ ਸਭ ਤੋਂ ਵੱਡੀ ਆਸ ਵੀ ਹੁੰਦਾ ਹੈ, ਜੋ ਮਰੀਜ਼ ਨੂੰ ਠੀਕ ਕਰਨ ਵਿੱਚ ਬਹੁਤ ਸਹਾਈ ਹੁੰਦਾ ਹੈ। ਤੁਹਾਡਾ ਵਿਸ਼ਵਾਸ ਜਿਸ ਡਾਕਟਰ ਵਿੱਚ ਸੀ, ਓਦੋਂ ਉਹ ਵਿਦੇਸ਼ ਗਏ ਹੋਏ ਸਨ। ਇਸੇ ਵਿਸ਼ਵਾਸ ਨੂੰ ਬਣਾਈ ਰੱਖਣ ਅਤੇ ਤੁਹਾਡੀ ਮਾਨਸਿਕ ਹਾਲਤ ਨੂੰ ਸਥਿਰ ਕਰਨ ਲਈ ਮੈਂ ਕਹਿ ਦਿੱਤਾ ਸੀ ਕਿ ਮੈਂ ਹੀ ਉਹ ਡਾਕਟਰ ਹਾਂ, ਜਦੋਂ ਕਿ ਮੈਂ ਉਨ੍ਹਾਂ ਦਾ ਕੁਲੀਗ ਸੀ। ਮੇਰਾ ਅਜਿਹਾ ਕਹਿਣਾ ਸਮੇਂ ਦੀ ਲੋੜ ਤੇ ਫਰਜ਼ ਵੀ ਸੀ।’
ਇਹ ਸੁਣਨ ਕੇ ਮੈਂ ਇਕ ਵਾਰ ਹੱਕਾ ਬੱਕਾ ਹੋ ਗਿਆ, ਪਰ ਕ੍ਰਿਤੱਗਤਾ ਵੱਸ ਉਨ੍ਹਾਂ ਦੇ ਪੈਰੀਂ ਹੱਥ ਲਾਇਆ। ਉਨ੍ਹਾਂ ਨੇ ਮੈਨੂੰ ਤੇ ਬੱਚੇ ਨੂੰ ਅਸੀਸ ਦਿੱਤੀ। ਅੱਜ ਵੀ ਮੈਂ ਜਦੋਂ ਡਾਕਟਰਾਂ ਦੀਆਂ ਬੇਈਮਾਨੀਆਂ ਦੀਆਂ ਗੱਲਾਂ ਸੁਣਦਾ ਹਾਂ ਤਾਂ ਮੈਨੂੰ ਉਹ ਡਾਕਟਰ ਸਾਹਿਬ ਯਾਦ ਆ ਜਾਂਦੇ ਹਨ ਤੇ ਇਹ ਕਹਿਣ ਨੂੰ ਦਿਲ ਕਰਦਾ ਹੈ ਕਿ ਸਾਰੇ ਡਾਕਟਰ ਇਕੋ ਜਿਹੇ ਨਹੀਂ ਹੁੰਦੇ।