ਇਰਾਨ ਵਿੱਚ ਹਿਜਾਬ ਦੇ ਵਿਰੋਧ ਵਿੱਚ ਅੰਦੋਲਨ ਹੋਰ ਤੇਜ਼ ਹੋਇਆ


ਤਹਿਰਾਨ, 9 ਫਰਵਰੀ (ਪੋਸਟ ਬਿਊਰੋ)- ਈਰਾਨ ‘ਤੇ ਹਿਜਾਬ ਪਹਿਨਣ ਨੂੰ ਜ਼ਰੂਰੀ ਕਰਨ ਦੇ ਕਾਨੂੰਨ ਦੇ ਵਿਰੋਧ ਵਿੱਚ ਔਰਤਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ। ਉਨ੍ਹਾਂ ਦੇ ਇਸ ਵੱਧਦੇ ਵਿਰੋਧ ਨੇ ਹਿਜਾਬ ਦੇ ਮੁੱਦੇ ‘ਤੇ ਦੇਸ਼ ‘ਚ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਅੰਦੋਲਨ ਵਿੱਚ ਸ਼ਾਮਲ ਔਰਤ ਡੈਂਟਿਸਟ ਡਾ. ਸਮਰ ਕਹਿੰਦੀ ਹੈ, ‘ਹਰ ਕਿਸੇ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਕਿ ਉਹ ਕੀ ਪਹਿਨੇ ਅਤੇ ਕੀ ਨਹੀਂ? ਮੈਨੂੰ ਨਹੀਂ ਲੱਗਦਾ ਕਿ ਸਿਰ ਦੇ ਖੁੱਲ੍ਹੇ ਵਾਲ ਕਿਸੇ ਨੂੰ ਉਤੇਜਿਤ ਕਰ ਸਕਦੇ ਹਨ।’ ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਲੋਕਾਂ ਵੱਲ ਸੀ, ਜਿਹੜੇ ਇਹ ਕਹਿੰਦੇ ਹਨ ਕਿ ਔਰਤਾਂ ਦੇ ਖੁੱਲ੍ਹੇ ਵਾਲ ਜਿਨਸੀ ਦੁਰ-ਵਿਹਾਰ ਨੂੰ ਬੜ੍ਹਾਵਾ ਦਿੰਦੇ ਹਨ।
ਦੱਖਣੀ ਤਹਿਰਾਨ ਦੇ ਹੰਮ ਵਿੱਚ ਹਿਜਾਬ ਦੀ ਤੁਲਨਾ ਸਿੱਪੀ ਨਾਲ ਕੀਤੀ ਗਈ ਤੇ ਕਿਹਾ ਗਿਆ ਹੈ ਕਿ ਜਿਵੇਂ ਸਿੱਪੀ ਆਪਣੇ ਮੋਤੀ ਨੂੰ ਸੁਰੱਖਿਅਤ ਰੱਖਦੀ ਹੈ, ਓਸੇ ਤਰ੍ਹਾਂ ਹੀ ਹਿਜਾਬ ਔਰਤਾਂ ਨੂੰ ਮੁਸੀਬਤ ਤੋਂ ਬਚਾਉਂਦਾ ਹੈ। ਦੇਸ਼ ਦੀ ਮਸ਼ਹੂਰ ਪੱਤਰਕਾਰ ਹਿਨਾ ਕਹਿੰਦੀ ਹੈ, ‘ਸਾਡੇ ਦੇਸ਼ ਵਿੱਚ ਮਰਦਾਂ ਨੇ ਇਹ ਵਿਚਾਰ ਦਿੱਤਾ ਹੈ ਕਿ ਔਰਤਾਂ ਨੂੰ ਹਿਜਾਬ ‘ਚ ਹੀ ਨਜ਼ਰ ਆਉਣਾ ਚਾਹੀਦਾ ਹੈ। ਮੈਂ ਜਦੋਂ ਤੱਕ ਜਿਉਂਦੀ ਹਾਂ, ਉਦੋਂ ਤੱਕ ਆਪਣੇ ਸਿਰ ਤੋਂ ਹਿਜਾਬ ਨਹੀਂ ਹਟਾਵਾਂਗੀ।’ ਬੀਤੇ ਦਿਨਾਂ ‘ਚ ਇਹ ਮੁੱਦਾ ਦੇਸ਼ ਵਿਦੇਸ਼ ਵਿੱਚ ਉਦੋਂ ਸੁਰਖੀਆਂ ਬਣਿਆ, ਜਦੋਂ ਕੁਝ ਔਰਤਾਂ ਨੇ ਜਨਤਕ ਸਥਾਨਾਂ ਉੱਤੇ ਆਪਣੇ ਸਿਰ ਤੋਂ ਹਿਜਾਬ ਉਤਾਰ ਕੇ ਹਵਾ ‘ਚ ਲਹਿਰਾਇਆ ਸੀ। ਏਸੇ ਦੋਸ਼ ‘ਚ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 29 ਔਰਤਾਂ ਨੂੰ ਗ੍ਰਿਫਤਾਰ ਕੀਤਾ ਸੀ। ਈਰਾਨ ਦੁਨੀਆ ਦਾ ਇਕੱਲਾ ਦੇਸ਼ ਹੈ, ਜਿਥੇ ਮੁਸਲਿਮ ਤੇ ਗੈਰ ਮੁਸਲਿਮ ਔਰਤਾਂ ਨੂੰ ਹਿਜਾਬ ਪਾਉਣਾ ਲਾਜ਼ਮੀ ਹੈ। ਜੋ ਔਰਤ ਇਸ ਕਾਨੂੰਨ ਦੀ ਉਲੰਘਣਾ ਕਰੇਗੀ, ਉਸ ਨੂੰ ਭਾਰੀ ਜੁਰਮਾਨੇ ਨਾਲ ਜੇਲ੍ਹ ਵੀ ਹੋ ਸਕਦੀ ਹੈ। ਈਰਾਨੀ ਔਰਤਾਂ ਸੋਸ਼ਲ ਮੀਡੀਆ ‘ਤੇ ਵੀ ਹਿਜਾਬ ਦੇ ਵਿਰੋਧ ‘ਚ ਹੈਸ਼ਟੈਗ ਵ੍ਹਾਈਟ ਵੈਡਨੇਸਡੇ ਨਾਂ ਤੋਂ ਮੁਹਿੰਮ ਚਲਾ ਰਹੀਆਂ ਹਨ।