ਇਰਾਨ ਵਿੱਚ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਚੌਥੇ ਦਿਨ ਵੀ ਜਾਰੀ, ਮੌਤਾਂ ਦੀ ਗਿਣਤੀ 21 ਹੋਈ


ਤਹਿਰਾਨ, 2 ਜਨਵਰੀ, (ਪੋਸਟ ਬਿਊਰੋ)- ਦੇਸ਼ ਦੇ ਮਾੜੇ ਆਰਥਿਕ ਹਾਲਾਤ ਦੇ ਖ਼ਿਲਾਫ਼ ਇਰਾਨ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਦੌਰਾਨ ਕੱਲ੍ਹ ਰਾਤ ਨੌਂ ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਹੁਣ ਤੱਕ ਪ੍ਰਦਰਸ਼ਨਾਂ ਵਿੱਚ ਮੋਤੀਾਂ ਦੀ ਗਿਣਤੀ 21 ਹੋ ਗਈ ਹੈ। ਇਨ੍ਹਾਂ ਵਿੱਚੋਂ ਛੇ ਜਣੇ ਪੁਲੀਸ ਉੱਤੇ ਕੀਤੇ ਹਮਲੇ ਦੌਰਾਨ ਮਾਰੇ ਗਏ ਹਨ।
ਇਰਾਨ ਦੇ ਸਰਕਾਰੀ ਟੈਲੀਵੀਜ਼ਨ ਦੀ ਇੱਕ ਰਿਪੋਰਟ ਮੁਤਾਬਕ ਇਸਫ਼ਾਹਾਨ ਵਾਲੇ ਕੇਂਦਰੀ ਸੂਬੇ ਦੇ ਕਾਦਰੀਜਾਨ ਕਸਬੇ ਵਿੱਚ ਪ੍ਰਦਰਸ਼ਨ ਕਰਦੇ ਲੋਕਾਂ ਵੱਲੋਂ ਪੁਲੀਸ ਸਟੇਸ਼ਨ ਉੱਤੇ ਕੀਤੇ ਗਏ ਹਮਲੇ ਨਾਲ ਹਿੰਸਾ ਭੜਕ ਗਈ, ਜਿਸ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ। ਇਸਫ਼ਾਹਾਨ ਸੂਬੇ ਦਾ ਸਭਿਆਚਾਰਕ ਹੱਬ ਕਹੇ ਜਾਂਦੇ ਨੇੜਲੇ ਕਸਬੇ ਵਿੱਚ ਰੈਵੋਲਿਊਸ਼ਨਰੀ ਗਾਰਡ ਦਾ ਇਕ ਨੌਜਵਾਨ ਮੈਂਬਰ ਅਤੇ ਉਥੋਂ ਲੰਘਦਾ ਇਕ ਰਾਹਗੀਰ ਵੀ ਮਾਰੇ ਗਏ। ਟੈਲੀਵੀਜ਼ਨ ਨੇ ਨੇੜਲੇ ਨਜਫ਼ਾਬਾਦ ਵਿੱਚ ਇਕ ਪੁਲੀਸ ਮੁਲਾਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਦੇ ਨਾਲ ਤਾਜ਼ਾ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਕੁੱਲ ਮਿਲਾ ਕੇ 21 ਹੋ ਗਈ ਦੱਸੀ ਜਾਂਦੀ ਹੈ।
ਇਸ ਦੌਰਾਨ ਇਰਾਨ ਦੀ ਸਭ ਤੋਂ ਵੱਡੀ ਨੈਸ਼ਨਲ ਸਕਿਓਰਟੀ ਕੌਂਸਲ ਦੇ ਸਕੱਤਰ ਅਲੀ ਸ਼ਾਮਖਾਨੀ ਨੇ ਲੋਕਾਂ ਵਿੱਚ ਇਸ ਬੇਚੈਨੀ ਨੂੰ ਸਾਲ 2009 ਤੋਂ ਬਾਅਦ ਇਸਲਾਮਿਕ ਹਕੂਮਤ ਦੇ ਖ਼ਿਲਾਫ਼ ਹੁਣ ਤਕ ਦੀ ਸਭ ਤੋਂ ਵੱਡੀ ਚੁਣੌਤੀ ਦੱਸਿਆ ਹੈ। ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾ ਨੇ ਕਿਹਾ, ‘ਇਰਾਨ ਦੇ ਹਾਲਾਤ ਵਾਸਤੇ ਸੁਨੇਹੇ ਅਮਰੀਕਾ, ਬ੍ਰਿਟੇਨ ਤੇ ਸਾਊਦੀ ਅਰਬ ਤੋਂ ਆ ਰਹੇ ਹਨ।’ ਦੂਸਰੇ ਪਾਸੇ ਇਰਾਨ ਦੇ ਇੰਟੈਲੀਜੈਂਸ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਰੋਸ ਮੁਜ਼ਾਹਰੇ ਭੜਕਾਉਣ ਵਾਲਿਆਂ ਦੀ ਪਛਾਣ ਹੋ ਗਈ ਹੈ ਤੇ ਜਲਦੀ ਹੀ ਉਨ੍ਹਾਂ ਨਾਲ ਗੰਭੀਰਤਾ ਨਾਲ ਨਜਿੱਠਿਆ ਜਾਵੇਗਾ। ਵਰਨਣ ਯੋਗ ਹੈ ਕਿ ਇਰਾਨ ਵਿੱਚ ਪ੍ਰਦਰਸ਼ਨਾਂ ਬਾਰੇ ਰਿਪੋਰਟਿੰਗ ਕਰਨ ਉੱਤੇ ਪਾਬੰਦੀ ਲਾਗੂ ਹੈ, ਪਰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਉੱਤੇ ਆ ਰਹੀਆਂ ਹਨ।