ਇਰਾਨ ਬਾਰੇ ਟਰੰਪ ਦੇ ਫੈਸਲੇ ਦੀ ਹਾਰਪਰ ਵੱਲੋਂ ਤਸਦੀਕ ਦੇ ਕੋਈ ਮਾਇਨੇ ਨਹੀਂ : ਸੱਜਣ

ਓਟਵਾ, 10 ਮਈ (ਪੋਸਟ ਬਿਊਰੋ) : ਇਰਾਨ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਲੀਡਰਸਿ਼ਪ ਨੂੰ ਜਾਇਜ਼ ਦੱਸਣ ਲਈ ਦ ਨਿਊ ਯੌਰਕ ਟਾਈਮਜ਼ ਦੇ ਬੁੱਧਵਾਰ ਵਾਲੇ ਅਡੀਸ਼ਨ ਵਿੱਚ ਪੂਰੇ ਪੰਨੇ ਦੇ ਇਸ਼ਤਿਹਾਰ ਉੱਤੇ ਸਹੀ ਪਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਉੱਤੇ ਰੱਖਿਆ ਮੰਤਰੀ ਹਰਜੀਤ ਸੱਜਣ ਕਾਫੀ ਖਫਾ ਹੋਏ।
ਇੱਕ ਇੰਟਰਵਿਊ ਵਿੱਚ ਉਨ੍ਹਾਂ ਆਖਿਆ ਕਿ ਅਜਿਹਾ ਕਰਨਾ ਕਿਸੇ ਕੰਮ ਨਹੀਂ ਆਉਣ ਵਾਲਾ। ਉਨ੍ਹਾਂ ਆਖਿਆ ਕਿ ਦੇਸ਼ ਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ ਤੇ ਕੈਨੇਡੀਅਨਾਂ ਨੇ ਉਨ੍ਹਾਂ ਦੇ ਪੱਖ ਉੱਤੇ ਬੋਲਣ ਲਈ ਇੱਕ ਸਰਕਾਰ ਚੁਣੀ ਹੋਈ ਹੈ। ਸੱਜਣ ਨੇ ਇਹ ਵੀ ਆਖਿਆ ਕਿ ਜੋ ਕੁੱਝ ਹਾਰਪਰ ਕਰ ਰਹੇ ਹਨ ਉਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਪਰ ਇਸ ਵਿੱਚ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਹਾਰਪਰ ਸਰਕਾਰ ਪਹਿਲਾਂ ਵੀ ਅਜਿਹਾ ਕਰ ਚੁੱਕੀ ਹੈ।
ਹਾਰਪਰ ਕਈ ਸਾਬਕਾ ਕੌਮਾਂਤਰੀ ਆਗੂਆਂ ਤੇ ਡਿਪਲੋਮੈਟਸ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਪੂਰੇ ਪੇਜ ਦੇ ਇਸ ਇਸ਼ਤਿਹਾਰ ਉੱਤੇ ਦਸਤਖ਼ਤ ਕੀਤੇ। ਇਸ ਇਸ਼ਤਿਹਾਰ ਵਿੱਚ ਲਿਖਿਆ ਗਿਆ ਹੈ ਕਿ ਮਿਸਟਰ ਪ੍ਰੈਜ਼ੀਡੈਂਟ, ਇਰਾਨ ਬਾਰੇ ਤੁਸੀਂ ਬਿਲਕੁਲ ਸਹੀ ਹੋਂ। ਫਿਰ ਉਸ ਤੋਂ ਥੱਲੇ ਕਈ ਹੋਰ ਪੈਰਾਗ੍ਰਾਫ ਵੀ ਹਨ। ਇਸ ਉੱਤੇ ਹਾਰਪਰ, ਸਾਬਕਾ ਕੈਨੇਡੀਅਨ ਵਿਦੇਸ਼ ਮੰਤਰੀ ਜੌਹਨ ਬੇਅਰਡ, ਸਾਬਕਾ ਆਸਟਰੇਲੀਆਈ ਪ੍ਰਧਾਨ ਮੰਤਰੀ ਜੌਹਨ ਹੌਵਰਡ, ਤੇ ਕੁੱਝ ਹੋਰ ਸਾਬਕਾ ਵਿਦੇਸ਼ ਮੰਤਰੀਆਂ ਦੇ ਨਾਲ ਨਾਲ ਫੌਜੀ ਹਸਤੀਆਂ ਨੇ ਵੀ ਦਸਤਖ਼ਤ ਕਰਕੇ ਇਹ ਜਤਾਇਆ ਹੈ ਕਿ ਉਹ ਅਮਰੀਕਾ ਵੱਲੋਂ 2015 ਵਿੱਚ ਹੋਏ ਜੁਆਇੰਟ ਕਾਂਪਰੀਹੈਂਸਿਵ ਪਲੈਨ ਆਫ ਐਕਸ਼ਨ (ਸੀਜੇਪੀਓਏ) ਤੋਂ ਪਾਸੇ ਹੋਣ ਦੇ ਫੈਸਲੇ ਦਾ ਸਮਰਥਨ ਕਰਦੇ ਹਨ। ਇਸ ਸਮਝੌਤੇ ਨੂੰ ਇਰਾਨ ਪ੍ਰਮਾਣੂ ਡੀਲ ਵਜੋਂ ਵੀ ਜਾਣਿਆ ਜਾਂਦਾ ਹੈ।