ਇਰਾਨ ਨੂੰ ਕਿਸੇ ਕੀਮਤ ਐਟਮੀ ਹਥਿਆਰ ਨਹੀਂ ਬਣਾਉਣ ਦੇਵਾਂਗਾ: ਟਰੰਪ

trump
ਵਾਸ਼ਿੰਗਟਨ, 17 ਫਰਵਰੀ (ਪੋਸਟ ਬਿਊਰੋ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨਯਾਹੂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਸ਼ਚਿਤ ਕੀਤਾ ਹੈ ਕਿ ਉਹ ਕਦੇ ਵੀ ਇਰਾਨ ਨੂੰ ਐਟਮੀ ਹਥਿਆਰ ਵਿਕਸਿਤ ਨਹੀਂ ਕਰਨ ਦੇਵੇਗਾ। ਉਨ੍ਹਾ ਕਿਹਾ ਕਿ ਸੰਸਾਰ ਸ਼ਕਤੀਆਂ ਦੇ ਨਾਲ ਤੇਹਰਾਨ ਦਾ ਐਟਮੀ ਸਮਝੌਤਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਦੇਖਿਆ ਗਿਆ ਸਭ ਤੋਂ ਬੇਕਾਰ ਸਮਝੌਤਾ ਹੈ।
ਆਪਣੀ ਚੋਣ ਮੁਹਿੰਮ ਤੇ ਉਸ ਦੇ ਬਾਅਦ ਵੱਖ-ਵੱਖ ਮੌਕਿਆਂ ‘ਤੇ ਟਰੰਪ ਨੇ 2015 ਵਿੱਚ ਅਮਰੀਕਾ, ਬ੍ਰਿਟੇਨ, ਰੂਸ, ਫਰਾਂਸ, ਚੀਨ, ਜਰਮਨੀ ਤੇ ਇਰਾਨ ਦੇ ਵਿਚਾਲੇ ਹੋਏ ਸਮਝੌਤੇ ਦੀ ਨਿੰਦਾ ਕੀਤੀ ਹੈ, ਜੋ ਇਸਲਾਮੀ ਗਣਤੰਤਰ ਇਰਾਨ ਦੀ ਐਟਮੀ ਤਾਕਤ ਨੂੰ ਸੀਮਿਤ ਕਰਦਾ ਹੈ। ਇਸ ਸਮਝੌਤੇ ‘ਤੇ ਦਸਤਖਤ ਦੇ ਕਾਰਨ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਰਿਸ਼ਤਿਆਂ ਦੇ ਨਾਲ ਹੀ ਓਬਾਮਾ ਅਤੇ ਨੇਤਾਨਯਾਹੂ ਦੇ ਰਿਸ਼ਤੇ ਵੀ ਤਣਾਅ ਪੂਰਨ ਹੋ ਗਏ ਸਨ। 20 ਜਨਵਰੀ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਬਾਅਦ ਟਰੰਪ ਦੇ ਨਾਲ ਨੇਤਾਨਯਾਹੂ ਦੀ ਪਹਿਲੀ ਗੱਲਬਾਤ ਮੌਕੇ ਟਰੰਪ ਨੇ ਇਜ਼ਰਾਈਲ ਨੂੰ ਇਹ ਭਰੋਸਾ ਤੇ ਕਿਹਾ ਸੀ ਕਿ ਇਜ਼ਰਾਈਲ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਉਹ ਪੂਰਾ ਕੰਮ ਕਰਨਗੇ ਅਤੇ ਐਟਮੀ ਸਮਝੌਤੇ ਦਾ ਉਲੰਘਣ ਕਰਨ ਨੂੰ ਲੈ ਕੇ ਬੈਲਿਸਿਟਕ ਮਿਜ਼ਾਈਲ ਦਾ ਨਿਰੀਖਣ ਕਰਨ ਲਈ ਇਰਾਨ ਉਤੇ ਅਮਰੀਕਾ ਪਾਬੰਦੀ ਲਾਏਗਾ।