ਇਰਾਕ ਵਿੱਚ ਮਾਰੇ ਗਏ 38 ਭਾਰਤੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪੀਆਂ ਗਈਆਂ


ਅੰਮ੍ਰਿਤਸਰ, 2 ਅਪਰੈਲ, (ਪੋਸਟ ਬਿਊਰੋ)- ਚਾਰ ਸਾਲ ਪਹਿਲਾਂ ਇਰਾਕ ਵਿਚ ਅਗਵਾ ਕਰ ਕੇ ਮਾਰ ਦਿੱਤੇ ਗਏ 39 ਭਾਰਤੀ ਲੋਕਾਂ ਵਿਚੋਂ 38 ਦੀਆਂ ਅਸਥੀਆਂ (ਲਾਸ਼ਾਂ ਦੇ ਬਚੇ ਖੁਚੇ ਅੰਗ) ਵਾਲੇ ਤਾਬੂਤ ਲੈ ਕੇ ਵਿਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਅੱਜ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਇਥੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਉੱਤੇ ਪੁਜੇ ਅਤੇ ਇਹ ਅਸਥੀਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ। ਇਨ੍ਹਾਂ ਵਿਚ 27 ਅਸਥੀਆਂ ਪੰਜਾਬੀਆਂ ਦੀਆਂ, ਚਾਰ ਹਿਮਾਚਲ ਪ੍ਰਦੇਸ਼ ਅਤੇ ਸੱਤ ਪੱਛਮੀ ਬੰਗਾਲ ਤੇ ਬਿਹਾਰ ਨਾਲ ਸਬੰਧਤ ਲੋਕਾਂ ਦੀਆਂ ਸਨ।
ਪੰਜਾਬ ਭਰ ਵਿੱਚੋਂ ਵੱਖ-ਵੱਖ ਥਾਵਾਂ ਤੋਂ ਅਸਥੀਆਂ ਲੈਣ ਨੂੰ ਮ੍ਰਿਤਕਾਂ ਦੇ ਵਾਰਸ ਹਵਾਈ ਅੱਡੇ ਉੱਤੇ ਪੁੱਜੇ ਹੋਏ ਸਨ ਤੇ ਬੜਾ ਗ਼ਮਗੀਨ ਮਾਹੌਲ ਬਣਿਆ ਪਿਆ ਸੀ। ਇਸ ਮੌਕੇ 27 ਪੰਜਾਬੀਆਂ ਦੀਆਂ ਦੇਹਾਂ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਾਪਤ ਕੀਤੀਆਂ ਤੇ ਹਿਮਾਚਲ ਦੇ ਚਾਰ ਮ੍ਰਿਤਕਾਂ ਦੀਆਂ ਅਸਥੀਆਂ ਉਥੋਂ ਆਏ ਖੁਰਾਕ ਸਪਲਾਈ ਮੰਤਰੀ ਕਿਸ਼ਨ ਕਪੂਰ ਨੇ ਲਈਆਂ। ਪੱਛਮੀ ਬੰਗਾਲ ਤੇ ਬਿਹਾਰ ਦੇ ਸੱਤ ਜਣਿਆਂ ਦੀਆਂ ਅਸਥੀਆਂ ਇਥੋਂ ਇਕ ਹਵਾਈ ਜਹਾਜ਼ ਰਾਹੀਂ ਲੈ ਕੇ ਕੇਂਦਰੀ ਮੰਤਰੀ ਵੀ ਕੇ ਸਿੰਘ ਕੋਲਕਾਤਾ ਚਲੇ ਗਏ। ਪੰਜਾਬੀਆਂ ਦੀਆਂ ਅਸਥੀਆਂ ਰਾਜ ਸਰਕਾਰ ਨੇ ਵਿਸ਼ੇਸ਼ ਐਂਬੂਲੈਂਸਾਂ ਵਿੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਬੰਧਤ ਥਾਂਵਾਂ ਨੂੰ ਭੇਜੀਆਂ।
ਇਸ ਮੌਕੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਹਰ ਮ੍ਰਿਤਕ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪਏ ਨਕਦ ਅਤੇ ਘਰ ਦੇ ਇਕ-ਇਕ ਜੀਅ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਵੀ ਇਨ੍ਹਾਂ ਪਰਿਵਾਰਾਂ ਨੂੰ ਬੀਤੇ ਤਿੰਨ ਸਾਲਾਂ ਤੋਂ ਲਗਪਗ 20 ਹਜ਼ਾਰ ਰੁਪਏ ਮਾਸਕ ਮਦਦ ਦੇਂਦੀ ਰਹੀ ਹੈ। ਕੇਂਦਰੀ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਨੇ ਪੀੜਤ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ, ਪਰ ਕੇਂਦਰ ਸਰਕਾਰ ਵਲੋਂ ਪੀੜਤਾਂ ਦੀ ਮਦਦ ਦਾ ਕੋਈ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੀੜਤ ਪਰਿਵਾਰਾਂ ਦੇ ਜੀਆਂ ਦੇ ਵੇਰਵੇ ਮੰਗੇ ਹਨ ਤੇ ਯੋਗਤਾ ਦੇ ਆਧਾਰ ਉੱਤੇ ਮਦਦ ਕੀਤੀ ਜਾਵੇਗੀ। ਪੀੜਤ ਪਰਿਵਾਰਾਂ ਵਲੋਂ ਆਪਣੇ ਵਿਛੜੇ ਜੀਆਂ ਦੀਆਂ ਅਸਥੀਆਂ ਨੂੰ ਆਖਰੀ ਵਾਰ ਦੇਖਣ ਦੀ ਮੰਗ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਡੀ ਐਨ ਏ ਟੈਸਟ ਕਰਨ ਵਾਲੀ ਇਰਾਕ ਦੀ ਮੌਰਟਲ ਫਾਊਂਡੇਸ਼ਨ ਨੇ ਸਲਾਹ ਦਿੱਤੀ ਹੈ ਕਿ ਤਾਬੂਤ ਨਾ ਖੋਲ੍ਹੇ ਜਾਣ, ਕਿਉਂਕਿ ਟੈਸਟ ਕਰਨ ਸਮੇਂ ਕਈ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ, ਜੋ ਹਾਨੀ ਕਾਰਕ ਹੋ ਸਕਦੇ ਹਨ। ਪੀੜਤਾਂ ਦੇ ਪਰਿਵਾਰਾਂ ਨੇ ਇਸ ਮੰਗ ਨੂੰ ਲੈ ਕੇ ਹਵਾਈ ਅੱਡੇ ਵਿਖੇ ਧਰਨਾ ਵੀ ਦਿਤਾ।
ਇਸ ਦੌਰਾਨ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਚਾਰ ਜਣਿਆਂ ਦੀਆਂ ਅਸਥੀਆਂ ਅੱਜ ਅੰਮ੍ਰਿਤਸਰ ਤੋਂ ਜ਼ਿਲ੍ਹਾ ਕਾਂਗੜਾ ਵਿੱਚ ਲਿਜਾਈਆਂ ਗਈਆਂ। ਅੰਮ੍ਰਿਤਸਰ ਹਵਾਈ ਅੱਡੇ ਤੋਂ ਹਿਮਾਚਲ ਪ੍ਰਦੇਸ਼ ਦੇ ਖ਼ੁਰਾਕ ਸਪਲਾਈ ਮੰਤਰੀ ਕਿਸ਼ਨ ਕਪੂਰ ਅਤੇ ਕਾਂਗੜਾ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਤਾਬੂਤ ਵਿੱਚ ਬੰਦ ਅਸਥੀਆਂ ਪ੍ਰਾਪਤ ਕੀਤੀਆਂ ਅਤੇ ਇਨ੍ਹਾਂ ਨੂੰ ਲੈ ਕੇ ਜਸੂਰ ਪੰਹੁਚੇ। ਉਥੇ ਲੋੜੀਂਦੀ ਕਾਰਵਾਈ ਪਿੱਛੋਂ ਇਨ੍ਹਾਂ ਨੂੰ ਵਿਸ਼ੇਸ਼ ਐਂਬੂਲੈਂਸ ਰਾਹੀਂ ਕਾਂਗੜਾ ਲਿਆਇਆ ਗਿਆ।
ਇਰਾਕ ਤੋਂ ਪੁੱਜੀਆਂ 38 ਦੇਹਾਂ ਵਿੱਚੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਦੇਹਾਂ ਦਾ ਪਰਿਵਾਰਾਂ ਵਲੋਂ ਅੱਜ ਸ਼ਾਮ ਹੀ ਅੰਤਮ ਸਸਕਾਰ ਕਰ ਦਿੱਤਾ ਗਿਆ। ਅੰਮ੍ਰਿਤਸਰ ਸ਼ਹਿਰ ਵਿਚ ਹਰੀਸ਼ ਕੁਮਾਰ ਤੇ ਮਲਕੀਤ ਸਿੰਘ ਦਾ ਇਥੇ ਦੁਰਗਿਆਣਾ ਮੰਦਿਰ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ ਹੈ। ਅਜਨਾਲਾ ਨੇੜਲੇ ਪਿੰਡ ਸੰਗੂਆਣਾ ਦੇ ਨਿਸ਼ਾਨ ਸਿੰਘ ਦਾ ਸਸਕਾਰ ਉਸ ਦੇ ਪਿੰਡ ਸੰਗੂਆਣਾ ਵਿੱਚ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਮਨ੍ਹਾਂ ਕਰਨ ਦੇ ਬਾਵਜੂਦ ਪਰਿਵਾਰਕ ਮੈਂਬਰ ਉਸ ਦਾ ਸੰਸਕਾਰ ਕਰਨ ਤੋਂ ਪਹਿਲਾਂ ਜ਼ਿੱਦ ਕਰ ਕੇ ਉਸ ਦੀ ਦੇਹ ਘਰ ਵੀ ਲੈ ਗਏ।
ਮਾਛੀਵਾੜਾ ਇਲਾਕੇ ਦੇ ਪਿੰਡ ਸੇਲਕਿਆਣਾ ਦੇ ਬਲਵੀਰ ਚੰਦ ਦੀ ਲਾਸ਼ ਅੱਜ ਪਿੰਡ ਪੁੱਜੀ। ਸਵੇਰੇ ਅਧਿਕਾਰੀਆਂ ਦੇ ਨਾਲ ਮ੍ਰਿਤਕ ਦੇ ਭਰਾ ਦਲਵੀਰ ਚੰਦ ਅਤੇ ਸਰਪੰਚ ਗੁਰਦੀਪ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਗਏ ਸਨ। ਦੇਰ ਰਾਤ ਜਦੋਂ ਬਲਵੀਰ ਚੰਦ ਦੀ ਦੇਹ ਪਿੰਡ ਪੁੱਜੀ ਤਾਂ ਮਾਹੌਲ ਗ਼ਮਗੀਨ ਹੋ ਗਿਆ। ਮ੍ਰਿਤਕ ਦੀ ਪਤਨੀ ਬਬਲੀ, ਤਿੰਨ ਧੀਆਂ ਕਮਲਜੀਤ ਕੌਰ, ਅਮਨਦੀਪ ਕੌਰ ਤੇ ਪਰਮਜੀਤ ਕੌਰ ਤੇ ਪੁੱਤਰ ਹੰਸ ਰਾਜ ਦਾ ਬੁਰਾ ਹਾਲ ਸੀ। ਸਿਰਫ਼ ਦਸ ਮਿੰਟ ਤਾਬੂਤ ਘਰ ਰੱਖ ਕੇ ਕੁਝ ਰਸਮਾਂ ਕਰਨ ਪਿੱਛੋਂ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦਾ ਤਾਬੂਤ ਘਰ ਪੁੱਜਣ ਉੱਤੇ ਪਰਿਵਾਰ ਨੇ ਦਰਸ਼ਨ ਦੀ ਜ਼ਿੱਦ ਕੀਤੀ, ਪਰ ਅਧਿਕਾਰੀਆਂ ਵੱਲੋਂ ਸਮਝਾਉਣ ਤੋਂ ਬਾਅਦ ਦੇਹ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਜ਼ਿਲ੍ਹਾ ਕਪੂਰਥਲਾ ਦੇ ਨਡਾਲਾ ਨੇੜਲੇ ਪਿੰਡ ਮੁਰਾਰ ਦੇ ਗੋਬਿੰਦਰ ਸਿੰਘ ਦਾ ਅੱਜ ਸ਼ਾਮ ਸਸਕਾਰ ਕਰ ਦਿੱਤਾ ਗਿਆ। ਉਸ ਦੀ ਚਿਖਾ ਨੂੰ ਅਗਨੀ ਉਸ ਦੇ ਪੁੱਤਰ ਅਮਨਦੀਪ ਸਿੰਘ ਨੇ ਵਿਖਾਈ। ਗੋਬਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜੁਲਾਈ 2013 ਨੂੰ ਰੋਜ਼ੀ ਖ਼ਾਤਰ ਗਿਆ ਸੀ, ਪਰ ਅਣਹੋਣੀ ਦਾ ਸ਼ਿਕਾਰ ਹੋ ਗਿਆ।
ਰਈਆ ਨੇੜਲੇ ਪਿੰਡ ਭੋਏਵਾਲ ਵਿੱਚ ਅੱਜ ਸ਼ਾਮ ਮਨਜਿੰਦਰ ਸਿੰਘ ਦਾ ਵੀ ਸਸਕਾਰ ਕਰ ਦਿੱਤਾ ਗਿਆ। ਉਸ ਦਾ ਤਾਬੂਤ ਪਿੰਡ ਵਿੱਚ ਪੁੱਜਣ ਮੌਕੇ ਮਾਹੌਲ ਕਾਫ਼ੀ ਗ਼ਮਗੀਨ ਸੀ। ਦੇਹ ਕੁਝ ਸਮਾਂ ਘਰ ਰੱਖਣ ਪਿੱਛੋਂ ਸ਼ਮਸ਼ਾਨ ਘਾਟ ਲਿਜਾ ਕੇ ਸੰਸਕਾਰ ਕਰ ਦਿੱਤਾ ਗਿਆ। ਨੇੜਲੇ ਪਿੰਡ ਜਲਾਲਉਸਮਾ ਵਿੱਚ ਗੁਰਚਰਨ ਸਿੰਘ ਪੁੱਤਰ ਸਰਦਾਰਾ ਸਿੰਘ ਦੀਆਂ ਅਸਥੀਆਂ ਦਾ ਤਾਬੂਤ ਅੱਜ ਸ਼ਾਮ ਪੁੱਜਾ ਤਾਂ ਪਹਿਲਾਂ ਘਰ ਲਿਆਂਦਾ ਗਿਆ ਤੇ ਕੁਝ ਦੇਰ ਬਾਅਦ ਸ਼ਮਸ਼ਾਨ ਘਾਟ ਜਾ ਕੇ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਨੇ ਅਸਥੀਆਂ ਦੇ ਦਰਸ਼ਨਾਂ ਦੀ ਜ਼ਿੱਦ ਕੀਤੀ ਤਾਂ ਅਧਿਕਾਰੀਆਂ ਨੂੰ ਇਹ ਇਜਾਜ਼ਤ ਦੇਣੀ ਪਈ, ਜਿਸ ਉਪਰੰਤ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।
ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਦੇ ਹਰਸਿਮਰਨਜੀਤ ਸਿੰਘ, ਸਿਆਲਕਾ ਦੇ ਜਤਿੰਦਰ ਸਿੰਘ ਤੇ ਚਵਿੰਡਾ ਦੇਵੀ ਦੇ ਸੋਨੂੰ ਦੀਆਂ ਅਸਥੀਆਂ ਉਕਤ ਪਿੰਡਾਂ ਵਿੱਚ ਪਹੁੰਚਣ ਉਪਰੰਤ ਉਨ੍ਹਾ ਦਾ ਸਸਕਾਰ ਕਰ ਦਿੱਤਾ ਗਿਆ। ਪਿੰਡ ਬਾਬੋਵਾਲ ਦਾ ਹਰਸਿਮਰਨਜੀਤ ਸਿੰਘ ਦੋ ਭੈਣਾਂ ਦਾ ਇੱਕਲੌਤਾ ਭਰਾ ਸੀ। ਉਸ ਦੇ ਪਿਤਾ ਤਰਸੇਮ ਸਿੰਘ ਤੇ ਮਾਤਾ ਹਰਭਜਨ ਕੌਰ ਦਾ ਇਸ ਦੁਨੀਆ ਉੱਤੇ ਕੋਈ ਸਹਾਰਾ ਨਹੀਂ ਰਿਹਾ। ਪਿੰਡ ਸਿਆਲਕਾ ਦੇ ਜਤਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ ਬਲੱਡ ਕੈਂਸਰ ਤੋਂ ਪੀੜਤ ਹਨ। ਪਿੰਡ ਚਵਿੰਡਾ ਦੇਵੀ ਦਾ ਸੋਨੂੰ ਆਪਣੇ ਪਿੱਛੇ ਆਪਣੇ ਮਾਤਾ-ਪਿਤਾ, ਪਤਨੀ ਸੀਮਾ ਅਤੇ ਦੋ ਛੋਟੇ-ਛੋਟੇ ਪੁੱਤਰ ਛੱਡ ਗਿਆ ਹੈ। ਉਸ ਦੇ ਪਰਿਵਾਰ ਦੀ ਰੋਜ਼ੀ ਰੋਟੀ ਦਾ ਵੀ ਹੁਣ ਕੋਈ ਸਹਾਰਾ ਨਹੀਂ ਰਹਿ ਗਿਆ।
ਬਟਾਲਾ ਨੇੜਲੇ ਪਿੰਡ ਰੂਪੋਵਾਲੀ ਵਿੱਚ ਕੰਵਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਦੀ ਮ੍ਰਿਤਕ ਦੇਹ ਪਹੁੰਚਣ ਉੱਤੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕਾਦੀਆਂ ਦੇ ਮਦਨ ਲਾਲ ਦੇ ਬੇਟੇ ਰਾਕੇਸ਼ ਕੁਮਾਰ ਦੀ ਮ੍ਰਿਤਕ ਦੇਹ ਅੱਜ ਕਾਦੀਆਂ ਪਹੁੰਚਣ ਉੱਤੇ ਪਰਿਵਾਰ ਵਲੋਂ ਈਸਾਈ ਕਬਰਿਸਤਾਨ ਵਿੱਚ ਦਫਨਾ ਦਿੱਤੀ ਗਈ। ਮਦਨ ਲਾਲ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਲੜਕੇ ਦਾ ਸਰੀਰ ਸਰਕਾਰ ਨੇ ਬੰਦ ਬਕਸੇ ਵਿਚ ਉਨ੍ਹਾਂ ਦੇ ਹਵਾਲੇ ਕੀਤਾ ਹੈ ਪਰ ਉਨ੍ਹਾਂ ਦੇ ਬੇਟੇ ਦੀ ਨਿਸ਼ਾਨੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ, ਜਿਸ ਤੋਂ ਸਾਬਤ ਹੁੰਦਾ ਕਿ ਇਹ ਉਨ੍ਹਾਂ ਦੇ ਲੜਕੇ ਦਾ ਸਰੀਰ ਹੀ ਹੈ।