ਇਰਾਕ ਪੀੜਤ 39 ਭਾਰਤੀ ਪਰਵਾਰਾਂ ਲਈ 10-10 ਲੱਖ ਦੀ ਕੇਂਦਰੀ ਗ੍ਰਾਂਟ ਦਾ ਐਲਾਨ


ਨਵੀਂ ਦਿੱਲੀ, 3 ਅਪਰੈਲ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਕ ਵਿੱਚ ਮਾਰੇ ਗਏ 39 ਭਾਰਤੀ ਲੋਕਾਂ, ਜਿਨ੍ਹਾਂ ਵਿੱਚੋਂ 27 ਪੰਜਾਬ ਦੇ ਸਨ, ਦੇ ਵਾਰਸਾਂ ਨੂੰ 10-10 ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਤਿੰਨ ਪਾਰਲੀਮੈਂਟ ਮੈਂਬਰਾਂ ਨੇ ਅੱਜ ਲੋਕ ਸਭਾ ਦੀ ਛੱਤ ਉੱਤੇ ਚੜ੍ਹ ਕੇ ਇਰਾਕ ਵਿੱਚ ਮਾਰੇ ਗਏ ਭਾਰਤੀਆਂ ਲਈ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਵਰਨਣ ਯੋਗ ਹੈ ਕਿ ਇਰਾਕ ਵਿੱਚ 39 ਭਾਰਤੀਆਂ ਨੂੰ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਅਗਵਾ ਕਰਨ ਪਿੱਛੋਂ ਇਰਾਕ ਦੇ ਮੌਸੂਲ ਸ਼ਹਿਰ ਨੇੜੇ ਮਾਰ ਦਿੱਤਾ ਸੀ। ਇਨ੍ਹਾਂ ਦੀਆਂ ਲਾਸ਼ਾਂ ਸੋਮਵਾਰ ਨੂੰ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਪਹਿਲਾਂ ਅੰਮ੍ਰਿਤਸਰ ਤੇ ਦੂਜੇ ਰਾਜਾਂ ਵਿੱਚ ਵਿਸ਼ੇਸ਼ ਪ੍ਰਬੰਧ ਹੇਠ ਪੁਚਾਈਆਂ ਗਈਆਂ ਸਨ। ਪੰਜਾਬ ਸਰਕਾਰ ਨੇ ਇਸ ਰਾਜ ਨਾਲ ਸਬੰਧਤ 27 ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਾ ਐਲਾਨ ਕੀਤਾ ਸੀ। 39 ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਐਕਸਗ੍ਰੇਸ਼ੀਆ ਦੇਣ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤੇ ਜਾਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਤਿੰਨ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ਼ ਸਿੰਘ, ਸੁਨੀਲ ਜਾਖੜ ਤੇ ਰਵਨੀਤ ਸਿੰਘ ਬਿੱਟੂ ਲੋਕ ਸਭਾ ਦੀ ਛੱਤ ਉਤੇ ਚੜ੍ਹ ਗਏ ਤੇ ਉਨ੍ਹਾਂ ਕੇਂਦਰ ਸਰਕਾਰ ਤੋਂ ਇਰਾਕ ਵਿੱਚ ਮਾਰੇ ਗਏ 30 ਭਾਰਤੀਆਂ ਲਈ ਆਰਥਿਕ ਮਦਦ ਦੀ ਮੰਗ ਕੀਤੀ। ਤਿੰਨੇ ਐੱਮ ਪੀ ਕੰਪਿਊਟਰ ਪ੍ਰਿੰਟ ਲੈ ਕੇ ਪਾਰਲੀਮੈਂਟ ਭਵਨ ਦੀ ਛੱਤ ਉਤੇ ਜਾ ਚੜ੍ਹੇ ਅਤੇ ਤਖ਼ਤੀਆਂ ਲਹਿਰਾਈਆਂ, ਜਿਨ੍ਹਾਂ ਉਤੇ ‘ਮੋਦੀ ਸਰਕਾਰ ਇਰਾਕ ਪੀੜਤਾਂ ਦੀ ਮਦਦ ਕਰੇ’, ‘ਮੋਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ’ ਲਿਖਿਆ ਹੋਇਆ ਸੀ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਮਜਬੂਰੀ ਵੱਸ ਪਾਰਲੀਮੈਂਟ ਭਵਨ ਦੀ ਛੱਤ ਉਤੇ ਚੜ੍ਹਨਾ ਪਿਆ ਕਿਉਂਕਿ ਸਦਨ ਚੱਲਣ ਨਹੀਂ ਦਿੱਤਾ ਜਾ ਰਿਹਾ। ਭਾਜਪਾ ਦੀ ਭਾਈਵਾਲ ਅੰਨਾ ਡੀ ਐਮ ਕੇ ਦੇ ਮੈਂਬਰ ਸਦਨ ਵਿੱਚ ਆ ਜਾਂਦੇ ਤੇ ਕੰਮ ਰੋਕ ਦਿੱਤਾ ਜਾਂਦਾ ਹੈ ਤਾਂ ਜੋ ਇਰਾਕ, ਐੱਸ ਸੀ/ ਐੱਸ ਟੀ ਐਕਟ ਵਿੱਚ ਤਬਦੀਲੀ ਅਤੇ ਲੋਕਾਂ ਦੇ ਮੁੱਦੇ ਨਾ ਵਿਚਾਰੇ ਜਾ ਸਕਣ।