ਇਰਾਕ-ਈਰਾਨ ਸਰਹੱਦ ਉੱਤੇ ਭੂਚਾਲ ਨਾਲ ਮੌਤਾਂ ਦੀ ਗਿਣਤੀ 400 ਨੂੰ ਟੱਪੀ, 2500 ਤੋਂ ਵੱਧ ਜ਼ਖ਼ਮੀ


ਸੁਲੇਮਾਨੀਆ, 14 ਨਵੰਬਰ, (ਪੋਸਟ ਬਿਊਰੋ)- ਇਰਾਕ-ਈਰਾਨ ਸਰਹੱਦ ਉੱਤੇ ਕੱਲ੍ਹ ਰਾਤ ਆਏ ਭੂਚਾਲ ਕਾਰਨ ਦੋਵਾਂ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ 400 ਤੋਂ ਟੱਪ ਗਈ ਤੇ 2500 ਤੋਂ ਵੱਧ ਜ਼ਖ਼ਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਹੇਠਾਂ ਕਈ ਲੋਕਾਂ ਦੇ ਦਬੇ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।
ਭੂਚਾਲ ਕਾਰਨ ਸੱਭ ਤੋਂ ਵੱਧ ਨੁਕਸਾਨ ਈਰਾਨ ਦੇ ਸ਼ਹਿਰਾਂ ਵਿਚ ਹੋਇਆ ਹੈ। ਈਰਾਨ ਦੇ ਸਰਪੋਲ-ਏ-ਜਹਾਬ ਨਾਂਅ ਦੇ ਕਸਬੇ ਦਾ ਮੁੱਖ ਹਸਪਤਾਲ ਇਸ ਭੂਚਾਲ ਕਾਰਨ ਢਹਿ-ਢੇਰੀ ਹੋ ਗਿਆ ਅਤੇ ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਦੀ ਬਿਜਲੀ ਠੱਪ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭੂਚਾਲ ਕਾਰਨ ਈਰਾਨ ਦੇ 20 ਤੋਂ ਵੱਧ ਪਿੰਡ ਤਬਾਹ ਹੋ ਗਏ ਹਨ। ਲਗਭਗ ਪੰਜ ਸਾਲ ਪਹਿਲਾਂ ਵੀ ਇਰਾਕ-ਈਰਾਨ ਵਿਚ ਦੋ ਵੱਡੇ ਭੂਚਾਲਾਂ ਵਿੱਚ ਕਈ ਲੋਕ ਮਾਰੇ ਗਏ ਸਨ। ਟਵਿਟਰ ਉੱਤੇ ਪਾਈ ਹੋਈ ਫ਼ੋਟੋ ਵਿਚ ਘਬਰਾਏ ਹੋਏ ਲੋਕ ਉੱਤਰੀ ਇਰਾਕ ਵਿਚ ਸੁਲੇਮਾਨੀਆ ਦੀਆਂ ਇਮਾਰਤਾਂ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਸਨ। ਨੇੜਲੇ ਦਰਬੰਦੀਖ਼ਾਨ ਵਿਚ ਕਈ ਕੰਧਾਂ ਅਤੇ ਕੰਕਰੀਟ ਦੇ ਢਾਂਚੇ ਦੇ ਢਹਿ ਗਏ। ਜਿਸ ਇਲਾਕੇ ਵਿਚ ਭੂਚਾਲ ਆਇਆ, ਉਹ ਅਰਬ ਅਤੇ ਯੁਰੇਸ਼ੀਆਈ ਟੈਕਟੋਨਿਕ ਪਲੇਟ ਦੀ 1500 ਕਿਲੋਮੀਟਰ ਫ਼ਾਲਟ ਲਾਈਨ ਦੇ ਦਾਇਰੇ ਵਿਚ ਹੈ। ਇਹ ਬੈਲਟ ਪਛਮੀ ਇਰਾਨ ਤੋਂ ਉੱਤਰ ਪੂਰਬੀ ਇਰਾਕ ਤਕ ਹੈ। ਇਸ ਕਾਰਨ ਇਹ ਖੇਤਰ ਭੂਚਾਲ ਪੱਖੋਂ ਕਾਫ਼ੀ ਸੰਵੇਦਨਸ਼ੀਲ ਹੈ। ਇਸ ਤੋਂ ਪਹਿਲਾਂ 2003 ਵਿਚ ਇਰਾਨ ਵਿਚ ਆਏ ਭਿਆਨਕ ਭੂਚਾਲ ਕਾਰਨ ਇਹ ਸ਼ਹਿਰ ਤਬਾਹ ਹੋ ਗਿਆ ਸੀ ਅਤੇ 31 ਹਜ਼ਾਰ ਲੋਕਾਂ ਦੀਆਂ ਮੌਤਾਂ ਹੋਈਆਂ ਸਨ।