ਇਰਾਕੀ ਫੌਜ ਨੇ ਕੁਰਦਿਸ਼ ਲੜਾਕਿਆਂ ਨੂੰ ਖਦੇੜਿਆ

iraq miilitary kirkus
ਬਗਦਾਦ, 16 ਅਕਤੂਬਰ (ਪੋਸਟ ਬਿਊਰੋ)- ਇਰਾਕੀ ਫੌਜ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਕਿਰਕੁਕ ਸ਼ਹਿਰ ਨੇੜੇ ਕੁਰਦਿਸ਼ ਲੜਾਕਿਆਂ ਨੂੰ ਖਦੇੜ ਕੇ ਸੜਕਾਂ ਅਤੇ ਹੋਰ ਥਾਵਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ। ਆਜ਼ਾਦੀ ਲਈ ਹੋਏ ਵਿਵਾਦਤ ਰੈਫਰੰਡਮ ਤੋਂ ਬਾਅਦ ਤਣਾਅ ਵਧ ਗਿਆ ਹੈ।
ਇਸ ਦੌਰਾਨ ਇਰਾਕ ਦੇ ਜੁਆਇੰਟ ਆਪ੍ਰੇਸ਼ਨਸ ਕਮਾਂਡ ਨੇ ਕਿਹਾ ਕਿ ਕਿਰਕੁਕ ਵਿੱਚ ਸੁਰੱਖਿਆ ਬਹਾਲ ਕਰਨ ਦੀ ਉਸ ਦੀ ਮੁਹਿੰਮ ਵਧੀਆ ਚੱਲ ਰਹੀ ਹੈ। ਇਸ ਕਮਾਨ ਵਿੱਚ ਸਰਕਾਰੀ ਪੱਖ ਦੇ ਸਾਰੇ ਅਮਲੇ ਸ਼ਾਮਲ ਹਨ। ਇਰਾਕੀ ਫੋਰਸਾਂ ਦਾ ਟੀਚਾ ਫੌਜੀ ਟਿਕਾਣਿਆਂ ਅਤੇ ਤੇਲ ਖੇਤਰਾਂ ਉੱਤੇ ਕਬਜ਼ਾ ਕਰਨ ਦਾ ਹੈ ਜਿਨ੍ਹਾਂ ਉੁੱਤੇ ਇਸਲਾਮਿਕ ਸਟੇਟ ਗਰੁੱਪ ਦੇ ਖਿਲਾਫ ਲੜਾਈ ਵੇਲੇ ਕੁਰਦਿਸ਼ ਪੇਸ਼ਮਰਗਾ (ਕੁਰਦਾਂ ਦੇ ਰਾਸ਼ਟਰਵਾਦੀ ਸੰਗਠਨ ਦੇ ਛਾਪਾਮਾਰ ਮੈਂਬਰਾਂ) ਨੇ ਕਬਜ਼ਾ ਕਰ ਲਿਆ ਸੀ। ਜੇ ਓ ਸੀ ਨੇ ਕਿਹਾ ਕਿ ਸਰਕਾਰੀ ਅਮਲਿਆਂ ਨੇ ਕਿਰਕੁਕ ਦੇ ਦੱਖਣ ਪੱਛਮ ਦੇ ਦੋ ਪੁਲਾਂ, ਦੋ ਸੜਕਾਂ, ਇਕ ਉਦਯੋਗਿਕ ਖੇਤਰ, ਇਕ ਗੈਸ ਸਟੇਸ਼ਨ, ਇਕ ਊਰਜਾ ਸਟੇਸ਼ਨ, ਰਿਫਾਇਨਰੀ ਅਤੇ ਇਕ ਥਾਣੇ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ। ਸਰਕਾਰੀ ਫੋਰਸਾਂ ਵਲੋਂ ਤੇਲ ਭਰਪੂਰ ਸੂਬੇ ਵਿੱਚ ਵੱਡੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਸੋਮਵਾਰ ਤੜਕੇ ਇਰਾਕੀ ਅਤੇ ਕੁਰਦਿਸ਼ ਫੋਰਸਾਂ ਵਿਚਾਲੇ ਗੋਲੀਬਾਰੀ ਹੋਈ ਸੀ। ਇਹ ਹਮਲਾ 25 ਸਤੰਬਰ ਨੂੰ ਉੱਤਰੀ ਇਰਾਕ ਤੋਂ ਕੁਰਦਿਸ਼ ਖੁਦ ਮੁਖਤਿਆਰੀ ਖੇਤਰ ਨੂੰ ਵੱਖ ਕਰਨ ਲਈ ਹੋਏ ਰੈਫਰੰਡਮ ਤੋਂ ਬਾਅਦ ਇਰਾਕੀ ਫੌਜ ਅਤੇ ਕੁਰਦਿਸ਼ ਫੋਰਸਾਂ ਵਿਚਾਲੇ ਤਣਾਅ ਤੋਂ ਬਾਅਦ ਹੋਇਆ ਹੈ। ਇਸ ਰੈਫਰੰਡਮ ਵਿੱਚ ਕੁਰਦਿਸ਼ ਖੇਤਰ ਨੂੰ ਆਜ਼ਾਦ ਕਰਨ ਦੇ ਪੱਖ ਦੀ ਵੋਟਿੰਗ ਹੋਈ ਸੀ। ਇਰਾਕ ਨੇ ਕੌਮਾਂਤਰੀ ਵਿਰੋਧ ਦੇ ਬਾਵਜੂਦ ਹੋਏ ਰੈਫਰੰਡਮ ਨੂੰ ਨਾਜਾਇਜ਼ ਐਲਾਨ ਕੀਤਾ ਹੈ।