ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਅਮਰੀਕਾ ਦੀ ਪਹੁੰਚ ਕੈਨੇਡਾ ਵਰਗੀ ਹੋਣੀ ਚਾਹੀਦੀ ਹੈ : ਸੈਸ਼ਨਜ਼


ਵਾਸਿ਼ੰਗਟਨ, 18 ਜਨਵਰੀ (ਪੋਸਟ ਬਿਊਰੋ) : ਅਮਰੀਕਾ ਦੇ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਹੁੰਚ ਕੈਨੇਡਾ ਵਰਗੀ ਹੋਣੀ ਚਾਹੀਦੀ ਹੈ। ਸੈਸ਼ਨਜ਼ ਨੇ ਆਖਿਆ ਕਿ ਵੱਖ ਵੱਖ ਮੁਲਕਾਂ ਦੇ ਲੋਕਾਂ ਨੂੰ ਵੀਜ਼ਾ ਦੇਣ ਲਈ ਲਾਟਰੀ ਪ੍ਰੋਗਰਾਮ ਨਹੀਂ ਸਗੋਂ ਹੁਨਰਮੰਦ ਕਾਮਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਬੁੱਧਵਾਰ ਨੂੰ ਇੱਕ ਇੰਟਰਵਿਊ ਵਿੱਚ ਉਨ੍ਹਾਂ ਆਖਿਆ ਕਿ ਅਮਰੀਕਾ ਵਿੱਚ ਲੋਕਾਂ ਨੂੰ ਸਵੀਕਾਰ ਕਰਨ ਲਈ ਸਾਨੂੰ ਕੈਨੇਡਾ ਵਰਗੀ ਸੋਚ ਅਪਨਾਉਣੀ ਚਾਹੀਦੀ ਹੈ। ਸਾਨੂੰ ਲੋਕਾਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਤੇ ਫਿਰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਨਗੇ। ਉਹ ਸਾਡੇ ਲਈ ਕੋਈ ਖਤਰਾ ਨਹੀਂ ਹਨ। ਉਨ੍ਹਾਂ ਕੋਲ ਅਮਰੀਕਾ ਵਿੱਚ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਸਿੱਖਿਆ ਤੇ ਹੁਨਰ ਹੋਣਾ ਜ਼ਰੂਰੀ ਹੈ।
ਸੈਸ਼ਨਜ਼ ਨੇ ਸਵਾਲ ਕਰਦਿਆਂ ਆਖਿਆ ਕਿ ਘੱਟ ਹੁਨਰਮੰਦ, ਅਨਪੜ੍ਹ ਇਮੀਗ੍ਰੈਂਟਸ ਨੂੰ ਇੱਧਰ ਲਿਆਉਣ ਦਾ ਕੀ ਫਾਇਦਾ। ਚੰਗੇ ਦੇਸ਼ਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਉੱਤਰੀ ਕੋਰੀਆ ਤੇ ਛੇ ਹੋਰ ਮੁਸਲਮਾਨ ਮੁਲਕਾਂ ਤੋਂ ਆਉਣ ਵਾਲੇ ਵਿਜ਼ੀਟਰਜ਼ ਉੱਤੇ ਅਮਰੀਕਾ ਵੱਲੋਂ ਪਾਬੰਦੀ ਲਾਏ ਜਾਣ ਦੇ ਮਾਮਲੇ ਵਿੱਚ ਸਮਰਥਨ ਵੀ ਕੀਤਾ। ਉਨ੍ਹਾਂ ਅੱਗੇ ਆਖਿਆ ਕਿ ਦੁਨੀਆਂ ਦੇ ਖਤਰਨਾਕ ਇਲਾਕਿਆਂ ਤੋਂ ਲੋਕਾਂ ਨੂੰ ਆਪਣੇ ਮੁਲਕ ਵਿੱਚ ਦਾਖਲਾ ਦੇਣ ਦੀ ਸਾਨੂੰ ਕੋਈ ਲੋੜ ਨਹੀਂ ਹੈ। ਇਹੋ ਜਿਹੀ ਇਮੀਗ੍ਰੇਸ਼ਨ ਲਈ ਸਾਨੂੰ ਵਧੇਰੇ ਚੌਕਸ ਹੋਣਾ ਚਾਹੀਦਾ ਹੈ ਤੇ ਸਗੋਂ ਇਸ ਨੂੰ ਸੀਮਤ ਕਰਨਾ ਚਾਹੀਦਾ ਹੈ।
ਇਸ ਸਮੇਂ ਅਮਰੀਕਾ ਵਿੱਚ ਇਰਾਨ, ਸੀਰੀਆ, ਚੈਡ, ਸੋਮਾਲੀਆ, ਲਿਬੀਆ ਤੇ ਯਮਨ ਆਦਿ ਮੁਲਕਾਂ ਦੇ ਨਾਗਰਿਕਾਂ ਦੇ ਦਾਖਲੇ ਉੱਤੇ ਪਾਬੰਦੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਅਕਸਰ ਇਮੀਗ੍ਰੇਸ਼ਨ ਨੀਤੀ ਦੇ ਮਾਮਲੇ ਵਿੱਚ ਕੈਨੇਡਾ ਨੂੰ ਆਪਣੀ ਪ੍ਰੇਰਣਾ ਮੰਨਿਆ ਜਾਂਦਾ ਹੈ। ਇਸ ਸਮੇਂ ਦੋਵਾਂ ਮੁਲਕਾਂ ਵਿੱਚ ਇਸ ਮਾਮਲੇ ਵਿੱਚ ਜਿਹੜੀ ਸਮਾਨਤਾ ਹੈ ਉਹ ਅੰਕਾਂ ਉੱਤੇ ਅਧਾਰਿਤ ਸਿਸਟਮ ਹੈ,ਜਿਸ ਨੂੰ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ ਲਈ ਬਿਨੈਕਾਰਾਂ ਦਾ ਮੁਲਾਂਕਣ ਕਰਨ ਲਈ ਵਰਤਿਆ ਜਾਂਦਾ ਹੈ।