ਇਮੀਗ੍ਰੇਸ਼ਨ ਡਿਟੈਨਸ਼ਨ ਵਿੱਚ ਹੋਈ 50 ਸਾਲਾ ਔਰਤ ਦੀ ਮੌਤ


ਮਿਲਟਨ, 2 ਨਵੰਬਰ (ਪੋਸਟ ਬਿਊਰੋ) : ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਮਿਲਟਨ ਦੀ ਮੈਕਸੀਮਮ ਸਕਿਊਰਿਟੀ ਜੇਲ੍ਹ ਵਿੱਚ ਨਜ਼ਰਬੰਦ ਕਰਕੇ ਰੱਖੀ ਗਈ 50 ਸਾਲਾ ਔਰਤ ਦੀ ਸੋਮਵਾਰ ਨੂੰ ਮੌਤ ਹੋ ਗਈ। ਇਹ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਦਿੱਤੀ ਗਈ।
ਗੈਰ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਸਮਰੱਥਾ ਰੱਖਣ ਵਾਲੀ ਏਜੰਸੀ ਵੱਲੋਂ ਮਹਿਲਾ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ ਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਉਹ ਕਿਸ ਦੇਸ਼ ਨਾਲ ਸਬੰਧਤ ਸੀ ਤੇ ਜਾਂ ਫਿਰ ਉਸ ਦੀ ਮੌਤ ਦਾ ਕਾਰਨ ਕੀ ਸੀ। ਪਿਛਲੇ ਪੰਜ ਸਾਲਾਂ ਵਿੱਚ ਇਮੀਗ੍ਰੇਸ਼ਨ ਡਿਟੈਨਸ਼ਨ ਵਿੱਚ ਮਰਨ ਵਾਲੀ ਦਸਵੀਂ ਸ਼ਖਸ ਬਣ ਗਈ ਹੈ ਤੇ ਸਾਲ 2000 ਤੋਂ ਲੈ ਕੇ ਹੁਣ ਤੱਕ ਇੱਥੇ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਉਹ ਸੋਲਵੇਂ ਨੰਬਰ ਉੱਤੇ ਆਉਂਦੀ ਹੈ।
ਇਮੀਗ੍ਰੇਸ਼ਨ ਡਿਟੇਨੀਜ਼ ਨੂੰ ਮੁਜਰਮਾਨਾਂ ਤੌਰ ਉੱਤੇ ਨਜ਼ਰਬੰਦ ਨਹੀਂ ਕੀਤਾ ਜਾਂਦਾ ਪਰ ਉਨ੍ਹਾਂ ਨੂੰ ਕਈ ਹੋਰਨਾਂ ਕਾਰਨਾਂ ਕਾਰਨ ਨਜ਼ਰਬੰਦ ਕੀਤਾ ਜਾ ਸਕਦਾ ਹੈ, ਫਿਰ ਭਾਵੇਂ ਉਹ ਜਨਤਾ ਲਈ ਖਤਰਾ ਹੋਣ, ਡੀਪੋਰਟ ਕੀਤੇ ਜਾਣ ਤੋਂ ਬਾਅਦ ਡੀਪੋਰਟੇਸ਼ਨ ਲਈ ਨਾ ਪਹੁੰਚਣ ਜਾਂ ਫਿਰ ਉਨ੍ਹਾਂ ਦੀ ਪਛਾਣ ਉੱਤੇ ਕੋਈ ਸੱ਼ਕ ਹੋਵੇ। ਪਿਛਲੇ ਸਾਲ ਨਜ਼ਰਬੰਦ ਕੀਤੇ ਜਾਣ ਦੀ ਔਸਤ ਲੰਬਾਈ 19.5 ਦਿਨ ਸੀ ਪਰ ਇਸ ਦੀ ਕੋਈ ਸਮਾਂ ਸੀਮਾ ਨਹੀਂ ਹੈ ਕਿ ਕੋਈ ਕਿੰਨਾ ਚਿਰ ਡਿਟੈਨਸ਼ਨ ਵਿੱਚ ਰਹਿੰਦਾ ਹੈ। ਕਈ ਮਾਮਲਿਆਂ ਵਿੱਚ ਤਾਂ ਲੋਕਾਂ ਨੂੰ ਕਈ ਮਹੀਨਿਆਂ ਜਾਂ ਕਈ ਸਾਲਾਂ ਤੱਕ ਇੱਥੇ ਰੱਖਿਆ ਜਾਂਦਾ ਹੈ।
ਓਨਟਾਰੀਓ ਵਿੱਚ ਇਮੀਗ੍ਰੇਸ਼ਨ ਡਿਟੇਨੀਜ਼ ਨੂੰ ਜਾਂ ਤਾਂ ਇਮੀਗ੍ਰੇਸ਼ਨ ਹੋਲਡਿੰਗ ਸੈਂਟਰ ਵਿੱਚ ਰੱਖਿਆ ਜਾਂਦਾ ਹੈ ਤੇ ਜਾਂ ਫਿਰ ਇਟੋਬੀਕੋ ਦੀ ਘੱਟ ਤੋਂ ਘੱਟ ਸੁਰੱਖਿਆ ਵਾਲੀ ਫੈਸਿਲੀਟੀ ਉੱਤੇ ਰੱਖਿਆ ਜਾਂਦਾ ਹੈ ਜਾਂ ਫਿਰ ਵੱਧ ਤੋਂ ਵੱਧ ਸਕਿਊਰਿਟੀ ਵਾਲੀਆਂ ਪ੍ਰੋਵਿੰਸ਼ੀਅਲ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਉਨ੍ਹਾਂ ਨਾਲ ਸਜ਼ਾਯਾਫਤਾ ਤੇ ਜਾਂ ਫਿਰ ਆਪਣੀ ਸੁਣਵਾਈ ਦੀ ਉਡੀਕ ਕਰ ਰਹੇ ਮੁਜਰਮਾਂ ਵਾਂਗ ਹੀ ਵਿਵਹਾਰ ਕੀਤਾ ਜਾਂਦਾ ਹੈ।
ਸੋਮਵਾਰ ਨੂੰ ਜਿਸ ਔਰਤ ਦੀ ਮੌਤ ਹੋਈ ਉਸ ਨੂੰ ਵੇਨੀਅਰ ਸੈਂਟਰ ਫੌਰ ਵੁਮਨ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ। ਉਸ ਨੂੰ ਕੋਈ ਮੈਡੀਕਲ ਦਿੱਕਤ ਪੇਸ਼ ਆਈ ਤੇ ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਉਸ ਦੀ ਮੌਤ ਹੋ ਗਈ।