ਇਮਰਾਨ ਦੀ ਪਾਰਟੀ ਛੱਡ ਚੁੱਕੀ ਆਇਸ਼ਾ ਗੁਲਾਲਈ ਉੱਤੇ ਟਮਾਟਰ ਤੇ ਆਂਡੇ ਸੁੱਟੇ ਗਏ


ਇਸਲਾਮਾਬਾਦ, 18 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਸਿਆਸੀ ਆਗੂਆਂ ਉੱਤੇ ਜੁੱਤੀਆਂ ਸੁੱਟਣ ਦਾ ਇੱਕ ਨਵਾਂ ਦੌਰ ਚੱਲ ਪਿਆ ਦਿਖਾਈ ਦੇਣ ਲੱਗ ਪਿਆ ਹੈ। ਇਸ ਵਾਰ ਇਸ ਦਾ ਸਿ਼ਕਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਪਾਰਟੀ ਦਾ ਸਾਥ ਛੱਡ ਚੁੱਕੀ ਸਾਬਕਾ ਨੇਤਾ ਆਇਸ਼ਾ ਗੁਲਾਲਈ ਬਣੀ ਹੈ, ਜਿਸ ਉੱਤੇ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਉਨ੍ਹਾਂ ਦੇ ਹੋਟਲ ਦੇ ਬਾਹਰ ਕੁਝ ਔਰਤਾਂ ਨੇ ਆਂਡੇ ਅਤੇ ਟਮਾਟਰ ਸੁੱਟੇ ਹਨ।
ਮਿਲੀ ਜਾਣਕਾਰੀ ਅਨੁਸਾਰ ਜਾਮੀਆ ਨਿਊਮੈਆ ਹਾਈ ਸਕੂਲ ਦੇ ਦੌਰੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਉਪਰ ਜੁੱਤੀ ਸੁੱਟਣ ਦੀ ਘਟਨਾ ਪਿੱਛੋਂ ਪਾਕਿਸਤਾਨ ਦੇ ਮੁਸਲਿਮ ਲੀਗ ਨਵਾਜ਼ (ਪੀ ਐੱਮ ਐੱਲ-ਐੱਨ) ਦੇ ਇੱਕ ਸਮਾਗਮ ਵਿੱਚ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਉਤੇ ਸਿਆਹੀ ਸੁੱਟੀ ਗਈ ਸੀ। ਫਿਰ ਨਰੋਵਾਲ ਵਿੱਚ ਗ੍ਰਹਿ ਮੰਤਰੀ ਅਹਿਸਾਨ ਕਿਬਾਲ ਅਤੇ ਪੀ ਟੀ ਆਈ ਨੇਤਾ ਇਮਰਾਨ ਖਾਨ ਉਪਰ ਜੁੱਤੀ ਸੁੱਟੀ ਗਈ। ਹੁਣ ਜੀਓ ਟੀ ਵੀ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਛੱਡਣ ਦੇ ਬਾਅਦ ਇਮਰਾਨ ਖਾਨ ਦੇ ਵਿਰੁੱਧ ਭਿ੍ਰਸ਼ਟਾਚਾਰ ਦੇ ਦੋਸ਼ ਲਾਉਣ ਵਾਲੀ ਆਇਸ਼ਾ ਗੁਲਾਲਈ ਜਦੋਂ ਬਹਾਵਲਪੁਰ ਬਹਹਿਲੀ ਤਹਿਰੀਕ (ਐੱਸ ਬੀ ਬੀ ਟੀ) ਦੇ ਇੱਕ ਸਮਾਰੋਹ ਵਿੱਚ ਹਿੱਸਾ ਲੈਣ ਲਈ ਸ਼ਹਿਰ ਵਿੱਚ ਆਈ ਤਾਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗੁਲਾਲਈ ਨੇ ਇਸ ਘਟਨਾ ਬਾਰੇ ਕਿਹਾ ਕਿ ਜਿਨ੍ਹਾਂ ਪੀ ਟੀ ਆਈ ਵਰਕਰਾਂ ਨੇ ਉਨ੍ਹਾਂ ਵਿਰੁੱਧ ਨਾਅਰੇ ਲਾਏ ਹਨ, ਉਨ੍ਹਾਂ ਦੀ ਗਲਤੀ ਨਹੀਂ, ਪੀ ਟੀ ਆਈ ਦੀਆਂ ਇਹ ਮਹਿਲਾ ਵਰਕਰਾਂ ਉਨ੍ਹਾਂ ਦੀਆਂ ਭੈਣਾਂ ਵਾਂਗ ਹਨ। ਵਰਨਣ ਯੋਗ ਹੈ ਕਿ ਅਕਤੂਬਰ 2013 ਵਿੱਚ ਇਮਰਾਨ ਖਾਨ ਉੱਤੇ ਇਤਰਾਜ਼ ਯੋਗ ਸੰਦੇਸ਼ ਮੋਬਾਈਲ ਫੋਨ ਉੱਤੇ ਭੇਜਣ ਦਾ ਦੋਸ਼ ਲਾ ਕੇ ਆਇਸ਼ਾ ਗੁਲਾਲਈ ਨੇ ਅਗਸਤ 2017 ਵਿੱਚ ਪੀ ਟੀ ਆਈ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਇਹ ਪਾਰਟੀ ਔਰਤਾਂ ਨੂੰ ਸਨਮਾਨ ਦੇਣ ਤੋਂ ਨਾਕਾਮ ਰਹੀ ਹੈ।