ਇਮਰਾਨ ਦੀ ਪਹਿਲੀ ਸਾਬਕਾ ਪਤਨੀ ਵੱਲੋਂ ਦੂਸਰੀ ਸਾਬਕਾ ਪਤਨੀ ਨੂੰ ਮਾਣਹਾਨੀ ਕੇਸ ਦੀ ਧਮਕੀ


ਇਸਲਾਮਬਾਦ, 7 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੀ ਪਹਿਲੀ ਸਾਬਕਾ ਪਤਨੀ ਜੇਮੀਮਾ ਗੋਲਡਸਮਿਥ ਨੇ ਧਮਕੀ ਦਿੱਤੀ ਹੈ ਕਿ ਜੇ ਇਮਰਾਨ ਖਾਨ ਦੀ ਦੂਸਰੀ ਸਾਬਕਾ ਪਤਨੀ ਤੇ ਪੱਤਰਕਾਰ ਰੇਹਾਮ ਖ਼ਾਨ ਦੀ ਕਿਤਾਬ ਬ੍ਰਿਟੇਨ ਵਿੱਚ ਛਪੀ ਤਾਂ ਉਹ ਉਨ੍ਹਾਂ ਖ਼ਿਲਾਫ਼ ਮਾਣਹਾਨੀ ਕੇਸ ਕਰੇਗੀ।
ਵਰਨਣ ਯੋਗ ਹੈ ਕਿ ਰੇਹਾਮ ਖਾਨ ਸਾਬਕਾ ਕ੍ਰਿਕਟ ਖਿਡਾਰੀ ਅਤੇ ਤਹਿਰੀਕੇ ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੀ ਦੂਸਰੀ ਪਤਨੀ ਰਹਿ ਚੁੱਕੀ ਹੈ। ਰੇਹਾਮ ਨੇ ਮਾਂ, ਪਤਨੀ ਅਤੇ ਪੱਤਰਕਾਰ ਦੇ ਤੌਰ ਉੱਤੇ ਆਪਣੇ ਨਿੱਜੀ ਤਜਰਬਿਆਂ ਬਾਰੇ ਇਹ ਕਿਤਾਬ ਲਿਖੀ ਹੈ, ਜਿਹੜੀ ਅਜੇ ਛਪੀ ਨਹੀਂ ਹੈ, ਪਰ ਇਸ ਦੀ ਮੂਲ ਕਾਪੀ ਦੇ ਆਨਲਾਈਨ ਲੀਕ ਹੋਣ ਨਾਲ ਪਾਕਿਸਤਾਨ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ ਹੈ। ਉਸ ਨੇ ਇਸ ਕਿਤਾਬ ਵਿੱਚ ਕਈ ਸਨਸਨੀਖੇਜ ਦੋਸ਼ ਲਾਏ ਹਨ, ਜਿਸ ਦੇ ਬਾਅਦ ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਗੁੱਸੇ ਵਿੱਚ ਹਨ। ਰੇਹਾਮ ਖਾਨ ਦਾ ਸਾਲ 2015 ਵਿੱਚ ਇਮਰਾਨ ਖਾਨ ਨਾਲ ਵਿਆਹ ਹੋਇਆ ਸੀ, ਪਰ ਸਿਰਫ਼ ਦਸ ਮਹੀਨੇ ਬਾਅਦ ਇਹ ਵਿਆਹ ਟੁੱਟ ਗਿਆ ਸੀ।
ਇਮਰਾਨ ਖਾਨ ਦੀ ਪਹਿਲੀ ਪਤਨੀ ਜੇਮੀਮਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਰੇਹਾਮ ਦੀ ਕਿਤਾਬ ਨਿਰਾ ਝੂਠ ਦਾ ਪੁਲਿੰਦਾ ਹੈ ਤੇ ਇਹ ਕਿਤਾਬ ਜੇ ਰਿਲੀਜ਼ ਹੋਈ ਤਾਂ ਉਹ ਆਪਣੇ 16 ਸਾਲਾ ਬੇਟੇ ਵੱਲੋਂ ਮਾਣਹਾਨੀ ਅਤੇ ਨਿੱਜਤਾ ਦੀ ਉਲੰਘਣਾ ਦਾ ਕੇਸ ਕਰੇਗੀ। ਅਸਲ ਵਿੱਚ ਇਮਰਾਨ ਖਾਨ ਦਾ ਪਹਿਲਾ ਵਿਆਹ ਬ੍ਰਿਟਿਸ਼ ਅਰਬਪਤੀ ਦੀ ਧੀ ਜੇਮੀਮਾ ਨਾਲ 1995 ਵਿੱਚ ਹੋਇਆ ਸੀ। ਦੋਵੇਂ ਨੌਂ ਸਾਲ ਬਾਅਦ ਵੱਖ ਹੋ ਗਏ ਸਨ। ਇਸ ਵਿਆਹ ਤੋਂ ਇਮਰਾਨ ਖਾਨ ਦੇ ਦੋ ਪੁੱਤਰ ਹਨ। ਇਮਰਾਨ ਨੇ ਫਿਰ ਦੂਸਰਾ ਵਿਆਹ ਰੇਹਾਮ ਖਾਨ ਨਾਲ ਕੀਤਾ ਸੀ ਤੇ ਦਸ ਮਹੀਨੇ ਬਾਅਦ ਤਲਾਕ ਹੋਣ ਦੇ ਬਾਅਦ ਇਸ ਸਾਲ 19 ਫਰਵਰੀ ਨੂੰ ਉਸ ਨੇ ਬੁਸ਼ਰਾ ਨਾਂਅ ਦੀ ਔਰਤ ਨਾਲ ਤੀਸਰਾ ਵਿਆਹ ਕੀਤਾ ਸੀ।