ਇਫਸਾ 2018 ਵਿੱਚ ਪੇਸ਼ ਕੀਤੀਆਂ ਜਾਣਗੀਆਂ ਬਿਹਤਰੀਨ ਫਿਲਮਾਂ


ਟੋਰਾਂਟੋ, 15 ਅਪਰੈਲ (ਪੋਸਟ ਬਿਊਰੋ) : ਮਸ਼ਹੂਰ ਡਾਇਰੈਕਟਰ ਤੇ ਲੇਖਕ ਅਨੂਪ ਸਿੰਘ ਵੱਲੋਂ ਲਿਖੀ ਦ ਸੌਂਗ ਆਫ ਸਕੌਰਪੀਅਨਜ਼ ਨਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ (ਇਫਸਾ) ਟੋਰਾਂਟੋ 2018 ਦਾ ਆਗਾਜ਼ ਹੋਵੇਗਾ। ਇਸ ਫਿਲਮ ਵਿੱਚ ਇਰਫਾਨ ਖਾਨ, ਗੋਲਸਿਫਤੇਹ ਫਰਹਾਨੀ ਤੇ ਵਹੀਦਾ ਰਹਿਮਾਨ ਵੱਲੋਂ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਹਨ। ਇਹ ਫਿਲਮ ਬਹੁਤ ਹੀ ਕਾਵਮਈ ਤੇ ਸਮਕਾਲੀ ਸਿਨੇਮਾ ਦੀ ਮੂੰਹ ਬੋਲਦੀ ਤਸਵੀਰ ਵਜੋਂ ਨਿਖਰ ਕੇ ਸਾਹਮਣੇ ਆਈ ਹੈ।
ਇਸ ਫਿਲਮ ਵਿੱਚ ਪਿਆਰ, ਬਦਲੇ ਤੇ ਹੈਰਾਨੀ ਵਾਲੇ ਮਨੁੱਖੀ ਵਿਵਹਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਨਿਰਮਾਤਾ ਸ਼ਾਹਾਫ ਪੈਲੇਡ ਦੇ ਨਾਲ ਅਨੂਪ ਸਿੰਘ ਇਸ ਦੇ ਨੌਰਥ ਅਮੈਰੀਕਨ ਪ੍ਰੀਮੀਅਰ ਦਾ ਹਿੱਸਾ ਬਣਨਗੇ। ਇਸ ਸਬੰਧ ਵਿੱਚ ਲਿਵਿੰਗ ਆਰਟਸ ਸੈਂਟਰ, ਮਿਸੀਸਾਗਾ ਵਿੱਚ ਇਫਸਾ ਸਬੰਧੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ 10 ਮਈ ਤੋਂ 21 ਮਈ ਤੱਕ 12 ਦਿਨਾਂ ਦੌਰਾਨ 150 ਫਿਲਮਾਂ ਤੇ 50 ਹੋਰ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਕੈਨੇਡਾ ਵਿੱਚ ਦੱਖਣੀ ਏਸ਼ੀਆਈ ਸਿਨੇਮਾ ਦੀ ਆਵਾਜ ਵਜੋਂ ਪਛਾਣੇ ਜਾਂਦੇ ਇਫਸਾ 2018 ਪ੍ਰੋਗਰਾਮ ਤਹਿਤ ਸਾਊਥ ਏਸ਼ੀਅਨ ਸਿਨੇਮਾ ਦੀ ਵੰਨ-ਸੁਵੰਨਤਾ ਦਾ ਝਲਕਾਰਾ ਵੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਸਾਊਥ ਏਸ਼ੀਅਨ ਫਿਲਮਮੇਕਿੰਗ ਦੇ ਭਵਿੱਖ ਦੇ ਵੀ ਦਰਸ਼ਣ ਹੋਣਗੇ। ਇੱਥੇ ਮੰਨੇ ਪ੍ਰਮੰਨੇ ਫਿਲਮਮੇਕਰਜ਼ ਆਪਣੀਆਂ ਫਿਲਮਾਂ ਪੇਸ਼ ਕਰਨਗੇ।
ਸਨਲ ਕੁਮਾਰ ਦੀ 2017 ਵਿੱਚ ਹਿਵੌਸ ਟਾਈਗਰ ਐਵਾਰਡ ਜੇਤੂ ਸੈਕਸੀ ਦੁਰਗਾ ਦਾ ਡਾਊਨਟਾਊਨ ਟੋਰਾਂਟੋ ਵਿੱਚ ਸਪੈਸ਼ਲ ਪ੍ਰੀਮੀਅਰ ਹੋਵੇਗਾ। ਇਹ ਫਿਲਮ ਮਰਦਾਂ ਦੇ ਔਰਤਾਂ ਪ੍ਰਤੀ ਜੁ਼ਲਮ ਨੂੰ ਦਰਸਾਉਣ ਵਾਲੀ ਕਮਾਲ ਦੀ ਫਿਲਮ ਹੈ। ਰੋਇਆ ਸਾਦਤ ਦੀ ਅਫਗਾਨੀ ਡਰਾਮਾ ਅਧਾਰਤ ਅ ਲੈਟਰ ਟੂ ਦ ਪ੍ਰੈਜ਼ੀਡੈਂਟ ਵਿੱਚ ਸਮਾਜਕ ਤੰਤਰ ਅੰਦਰ ਔਰਤਾਂ ਨਾਲ ਨਫਰਤ ਨੂੰ ਦਰਸਾਇਆ ਗਿਆ ਹੈ। ਇਸ ਫਿਲਮ ਨੂੰ ਬਿਹਤਰੀਨ ਫੌਰੇਨ ਲੈਂਗੁਏਜ ਫਿਲਮ ਵਜੋਂ 90ਵੇਂ ਅਕੈਡਮੀ ਐਵਾਰਡਜ਼ ਦੌਰਾਨ ਅਫਗਾਨ ਐਂਟਰੀ ਵਜੋਂ ਸ਼ਾਮਲ ਕੀਤਾ ਗਿਆ ਸੀ।
ਦੇਵਾਸ਼ੀਸ਼ ਮਖੀਜਾ ਦੀ ਅੱਜੀ ਵਿੱਚ ਔਰਤਾਂ ਖਿਲਾਫ ਲਗਾਤਾਰ ਚੱਲਦੀ ਆ ਰਹੀ ਹਿੰਸਾ, ਅਸਮਾਨਤਾ ਆਦਿ ਨੂੰ ਪੇਸ਼ ਕੀਤਾ ਗਿਆ ਹੈ। ਹੰਸਲ ਮਹਿਤਾ ਦੀ ਕ੍ਰਾਈਮ ਥ੍ਰਿਲਰ ਓਮੇਰਤਾ ਵਿੱਚ ਰਾਜਕੁਮਾਰ ਰਾਓ, ਬੌਰਨਿਲਾ ਚੈਟਰਜੀ ਨੇ ਕੰਮ ਕੀਤਾ ਹੈ, ਦ ਹੰਗਰੀ ਵਿੱਚ ਨਸੀਰੂਦੀਨ ਸ਼ਾਹ ਤੇ ਦਿਪੇਸ਼ ਜੈਨ ਦੀ ਇਨ ਦਾ ਸ਼ੇਡੋਅਜ਼ ਵਿੱਚ ਮਨੋਜ ਵਾਜਪਈ ਨਜ਼ਰ ਆਉਣਗੇ। ਇਹ ਸਾਰੀਆਂ ਫਿਲਮਾਂ ਦੇ ਪ੍ਰੀਮੀਅਰ ਵੀ ਇਸ ਦੌਰਾਨ ਹੀ ਹੋਣਗੇ। ਐਰੇ ਗੌਡਾ ਦੀ ਬਾਲੇਕੇਂਪਾ, ਜੋ ਕਿ ਗੁਪਤ ਇੱਛਾਵਾਂ ਦੀ ਗਾਥਾ ਹੈ, ਪਹਿਲਾਂ ਹੀ ਦੁਨੀਆ ਭਰ ਵਿੱਚ ਚਰਚਿਤ ਹੋ ਚੁੱਕੀ ਹੈ। ਇਸ ਨੂੰ 2018 ਵਿੱਚ ਆਈਐਫਐਫਆਰ ਵਿੱਚ ਫਿਪਰੇਸਕੀ ਐਵਾਰਡ ਹਾਸਲ ਹੋ ਚੁੱਕਿਆ ਹੈ। ਮੁਸਤਫਾ ਸਰਵਰ ਫਾਰੂਕੀ ਦੀ ਬੰਗਾਲੀ ਫਿਲਮ ਦੂਬ-ਨੋ ਬੈੱਡ ਆਫ ਰੋਜਿ਼ਜ਼ ਇਰਫਾਨ ਖਾਨ ਦੀ ਦੂਜੀ ਫਿਲਮ ਹੈ ਜਿਸਦਾ ਪ੍ਰੀਮੀਅਰ ਇਸ ਫੈਸਟੀਵਲ ਵਿੱਚ ਹੋਵੇਗਾ।