ਇਨਫੋਸਿਸ ਦੇ ਨਾਰਾਇਣ ਮੂਰਤੀ ਦਾ ਜਵਾਈ ਥੈਰੇਸਾ ਮੇਅ ਦੀ ਸਰਕਾਰ ਵਿੱਚ ਸ਼ਾਮਲ


ਲੰਡਨ, 11 ਜਨਵਰੀ (ਪੋਸਟ ਬਿਊਰੋ)- ਸਾਫਟਵੇਅਰ ਕੰਪਨੀ ਇੰਫੋਸਿਸ ਦੇ ਮੁਖੀ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਾਕ ਨੂੰ ਬ੍ਰਿਟੇਨ ਦੀ ਥੈਰੇਸਾ ਮੇਅ ਸਰਕਾਰ ਵਿੱਚ ਥਾਂ ਦਿੱਤੀ ਗਈ ਹੈ। ਉਨ੍ਹਾਂ ਤੋਂ ਇਲਾਵਾ ਭਾਰਤੀ ਮੂਲ ਦੇ ਇਕ ਹੋਰ ਪਾਰਲੀਮੈਂਟ ਮੈਂਬਰ ਸੁਏਲਾ ਫਰਨਾਂਡੀਜ਼ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਗਿਆ ਹੈ।
37 ਸਾਲਾਂ ਦੇ ਰਿਸ਼ੀ ਸੁਨਾਕ ਨੂੰ ਸਰਕਾਰ ਦੇ ਹਾਊਸਿੰਗ, ਕਮਿਊਨਿਟ ਤੇ ਲੋਕਲ ਐਡਮਨਿਸਟਰੇਸ਼ਨ ਦੇ ਮੰਤਰਾਲੇ ਵਿੱਚ ਪਾਰਲੀਮੈਂਟਰੀ ਅੰਡਰ ਸੈਕਟਰੀ ਆਫ ਸਟੇਟ ਬਣਾਇਆ ਗਿਆ ਹੈ। ਰਿਚਮੋਂਡ (ਯਾਰਕਸ਼ਾਇਰ) ਤੋਂ ਕੰਜਰਵੇਟਿਵ ਪਾਰਟੀ ਦੇ ਪਾਰਲੀਮੈਂਟ ਮੈਂਬਰ ਅਤੇ ਬ੍ਰਿਟੇਨ ਵਿੱਚ ਜਨਮੇ ਹੋਏ ਰਿਸ਼ੀ ਸੁਨਾਕ ਦਾ ਵਿਆਹ ਨਾਰਾਇਣ ਮੂਰਤੀ ਦੀ ਬੇਟੀ ਅਕਸ਼ਤਾ ਮੂਰਤੀ ਨਾਲ ਹੋਇਆ ਹੈ। ਆਕਸਫੋਰਡ ਯੂਨੀਵਰਸਿਟੀ ਅਤੇ ਸਟੈਨਫੋਰਡ ਤੋਂ ਐਮ ਬੀ ਏ ਗ੍ਰੈਜੂਏਟ ਸੁਨਾਕ ਇਕ ਅਰਬ ਪਾਊਂਡ ਦੀ ਗਲੋਬਲ ਇੰਵੈਸਟਮੈਂਟ ਫਰਮ ਦੇ ਕੋ-ਫਾਊਨਡਰ ਰਹਿ ਚੁੱਕੇ ਹਨ। ਉਨ੍ਹਾਂ ਨੂੰ ਬ੍ਰਿਟੇਨ ਵਿੱਚ ਛੋਟੇ ਕਾਰੋਬਾਰਾਂ ਵਿੱਚ ਨਿਵੇਸ਼ ਦੀ ਵਿਸ਼ੇਸ਼ ਮੁਹਾਰਤ ਹੈ। ਉਨ੍ਹਾਂ ਬ੍ਰਿਟੇਨ ‘ਚ 2015 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਅਤੇ ਪਿਛਲੇ ਸਾਲ ਮੱਧ-ਕਾਲੀ ਚੋਣਾਂ ਵਿੱਚ ਫਿਰ ਚੁਣੇ ਗਏ ਸਨ।
ਰਿਸ਼ੀ ਸੁਨਾਕ ਦੇ ਨਾਲ ਭਾਰਤ ਦੀ ਅਤੇ ਮੂਲ ਰੂਪ ਵਿੱਚ ਗੋਆ ਦੀ ਫਰਨਾਂਡੀਜ਼ ਨੂੰ ਐਗਜਿ਼ਟ ਯੂਰਪੀ ਯੂਨੀਅਨ ਵਿਭਾਗ ਵਿੱਚ ਪਾਰਲੀਮੈਂਟਰੀ ਅੰਡਰ ਸੈਕਟਰੀ ਆਫ ਸਟੇਟ ਬਣਾਇਆ ਹੈ। ਉਹ 2015 ਤੇ 2017 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਜੇਤੂ ਰਹੀ ਸੀ। ਸੁਨਾਕ ਤੇ ਫਰਨਾਂਡੀਜ਼ ਨੇ ਜੂਨ 2016 ਵਿੱਚ ਮਰਦਮ ਸ਼ੁਮਾਰੀ ਦੌਰਾਨ ਬ੍ਰੈਕਜ਼ਿਟ ਦੇ ਪੱਖ ਵਿੱਚ ਪ੍ਰਚਾਰ ਕੀਤਾ ਸੀ। ਉਹ ਭਾਰਤ ਵਰਗੇ ਕਾਮਨਵੈਲਥ ਦੇਸ਼ਾਂ ਨਾਲ ਬ੍ਰਿਟੇਨ ਦੇ ਕਰੀਬੀ ਸਬੰਧਾਂ ਦੀ ਹਮਾਇਤੀ ਹਨ। ਥੈਰੇਸਾ ਮੇਅ ਦੀ ਸਰਕਾਰ ਵਿੱਚ ਨਸਲੀ ਘੱਟ ਗਿਣਤੀਆਂ ਦੀ ਗਿਣਤੀ ਵਧਾਉਣ ਲਈ ਉਨ੍ਹਾਂ ਨੂੰ ਚੁਣਿਆ ਗਿਆ ਹੈ।