ਇਨਫੋਰਸਮੈਂਟ ਵੱਲੋਂ ਪਰਲਜ਼ ਗਰੁੱਪ ਦੇ ਨਿਰਮਲ ਭੰਗੂ ਦੀ 472 ਕਰੋੜ ਦੀ ਜਾਇਦਾਦ ਜ਼ਬਤ


ਨਵੀਂ ਦਿੱਲੀ, 8 ਜਨਵਰੀ, (ਪੋਸਟ ਬਿਊਰੋ)- ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੇ ਖਿਲਾਫ ਇੱਕ ਤਾਜ਼ਾ ਕਾਰਵਾਈ ਦੌਰਾਨ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪਰਲਜ਼ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀ ਏ ਸੀ ਐਲ) ਚਿੱਟ ਫ਼ੰਡ ਘੁਟਾਲਾ ਕੇਸ ਵਿੱਚ ਆਪਣੀ ਹਵਾਲਾ ਜਾਂਚ ਦੇ ਤਹਿਤ ਇਸ ਦੀ ਆਸਟ੍ਰੇਲੀਆ ਵਾਲੀ 472 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ, ਜਿਸ ਵਿੱਚ ਸ਼ੇਅਰ ਅਤੇ ਅਚੱਲ ਜਾਇਦਾਦ ਸ਼ਾਮਿਲ ਹੈ।
ਵਰਨਣ ਯੋਗ ਹੈ ਕਿ ਸਾਲ 2015 ਵਿੱਚ ਈ ਡੀ ਨੇ ਨੇ ਇਸ ਅਦਾਰੇ, ਇਸ ਦੇ ਡਾਇਰੈਕਟਰਾਂ ਤੇ ਅਧਿਕਾਰੀਆਂ ਦੇ ਖ਼ਿਲਾਫ਼ ਸੀ ਬੀ ਆਈ ਵਲੋਂ ਦਰਜ ਕੀਤੀ ਐਫ ਆਈ ਆਰ ਦਾ ਨੋਟਿਸ ਲੈਂਦਿਆਂ ਕੰਪਨੀ ਖ਼ਿਲਾਫ਼ ਇਕ ਅਪਰਾਧਿਕ ਕੇਸ ਦਰਜ ਕੀਤਾ ਸੀ। ਸੀ ਬੀ ਆਈ ਵੱਲੋਂ ਦਰਜ ਕੀਤੀ ਗਈ ਐਫ਼ ਆਈ ਆਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਪੀ ਜੀ ਐਫ਼ ਅਤੇ ਪੀ ਏ ਸੀ ਐਲ ਨੇ ਸਮੂਹਿਕ ਨਿਵੇਸ਼ ਯੋਜਨਾ ਨਾਲ ਪੂਰੇ ਦੇਸ਼ ਵਿੱਚੋਂ ਨਿਵੇਸ਼ਕਾਂ ਤੋਂ ਖ਼ੇਤੀ ਭੂਮੀ ਦੀ ਵਿਕਰੀ ਅਤੇ ਵਿਕਾਸ ਦੀ ਆੜ ਵਿੱਚ ਪੈਸਾ ਇਕੱਠਾ ਕੀਤਾ ਹੋਇਆ ਹੈ। ਈ ਡੀ ਨੇ ਦੱਸਿਆ ਕਿ ਹਵਾਲਾ ਰੋਕਥਾਮ ਕਾਨੂੰਨ (ਪੀ ਐਮ ਐਲ ਏ) ਦੇ ਤਹਿਤ ਆਸਟਰੇਲੀਆ ਵਿਚਲੀ 472 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਪੀ ਏ ਸੀ ਐਲ ਦੀ ਚਿੱਟ ਫ਼ੰਡ ਸਕੀਮ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਈ ਡੀ ਨੇ ਇਹ ਜਾਇਦਾਦ ਜ਼ਬਤ ਕੀਤੀ ਹੈ। ਚਿੱਟ ਫ਼ੰਡ ਵਾਲੀ ਇਹ ਸਕੀਮ ਨਿਰਮਲ ਸਿੰਘ ਭੰਗੂ ਚਲਾਉਂਦਾ ਸੀ। ਜ਼ਬਤ ਕੀਤੀਆਂ ਸੰਪਤੀਆਂ ਵਿੱਚ ਆਸਟਰੇਲੀਆ ਵਿਚਲਾ ਮੀ ਰਿਜ਼ੋਰਟ ਗਰੁੱਪ-1 ਪ੍ਰਾਈਵੇਟ ਲਿਮਟਿਡ ਅਤੇ ਸੈਂਕਚੁਰੀ ਕੋਵ ਪ੍ਰਾਪਰਟੀਜ਼ ਸ਼ਾਮਿਲ ਹੈ। ਪੀ ਏ ਸੀ ਐਲ ਵਾਲੇ ਇਸ ਕੇਸ ਦੀ ਜਾਂਚ ਕਈ ਏਜੰਸੀਆਂ ਕਰ ਰਹੀਆਂ ਹਨ। ਈ ਡੀ ਨੇ ਦੱਸਿਆ ਕਿ ਚਿਟ ਫ਼ੰਡ ਯੋਜਨਾਵਾਂ ਰਾਹੀਂ ਇਕੱਠੇ ਕੀਤੇ ਫ਼ੰਡ ਵਿੱਚੋਂ ਐਮ ਐਸ ਪੀ ਏ ਸੀ ਐਲ ਲਿਮਿਟਿਡ ਨੇ ਸਿੱਧੇ ਅਤੇ ਆਪਣੀਆਂ 43 ਮੋਹਰੀ ਕੰਪਨੀਆਂ ਦੇ ਰਾਹੀਂ ਸਾਲ 2009 ਤੋਂ 2014 ਤੱਕ ਆਪਣੇ ਅਦਾਰੇ ਦੀ ਕੰਪਨੀ ਐਮ ਐਸ ਪੀ ਆਈ ਪੀ ਐਲ ਵਿੱਚ 650 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਜਿਸ ਨੇ ਅੱਗੇ ਇਸ ਰਕਮ ਦਾ ਨਿਵੇਸ਼ ਕੀਤਾ ਹੋਇਆ ਸੀ।
ਵਰਨਣ ਯੋਗ ਹੈ ਕਿ ਦਸੰਬਰ 2015 ਵਿੱਚ ਬਾਜ਼ਾਰ ਰੈਗੂਲੇਟਰ ‘ਸੇਬੀ’ (ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਨੇ ਨਿਵੇਸ਼ਕਾਂ ਦਾ ਪੈਸਾ ਮੋੜਨ ਵਿੱਚ ਅਸਫ਼ਲ ਰਹਿਣ ਉੱਤੇ ਪੀ ਏ ਸੀ ਐਲ ਅਤੇ ਇਸ ਦੇ 9 ਪ੍ਰਮੋਟਰਾਂ ਤੇ ਡਾਇਰੈਕਟਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਆਦੇਸ਼ ਦਿੱਤਾ ਸੀ। ਸੇਬੀ ਦੇ ਪਿਛਲੇ ਹੁਕਮ ਅਨੁਸਾਰ ਪੀ ਏ ਸੀ ਐਲ ਨੇ ਕਰੀਬ 5 ਕਰੋੜ ਨਿਵੇਸ਼ਕਾਂ ਤੋਂ 49,100 ਕਰੋੜ ਰੁਪਏ ਲਏ, ਪਰ ਵਾਅਦਾ ਕੀਤੇ ਰਿਟਰਨ, ਵਿਆਜ਼ ਅਦਾਇਗੀ ਅਤੇ ਹੋਰ ਲਾਭਾਂ ਦੇ ਨਾਲ ਵਾਪਸ ਕਰਨ ਦੀ ਲੋੜ ਹੈ। ਪੀ ਐਮ ਐਲ ਏ ਕਾਨੂੰਨ ਹੇਠ ਜ਼ਬਤੀ ਦੇ ਹੁਕਮਾਂ ਦਾ ਉਦੇਸ਼ ਦੋਸ਼ੀਆਂ ਨੂੰ ਉਨ੍ਹਾਂ ਦੀ ਅਣ-ਉੱਚਿਤ ਸਾਧਨਾਂ ਤੋਂ ਹਾਸਲ ਕੀਤੀ ਜਾਇਦਾਦ ਦਾ ਲਾਭ ਹਾਸਲ ਕਰਨ ਤੋਂ ਰੋਕਣਾ ਹੈ।