ਇਨਡੇਵਰ ਗੱਡੀ ਦੀ ਟੈਸਟ ਡਰਾਈਵ ਸਮੇਂ ਮੋਟਰ ਸਾਈਕਲ ਸਵਾਰ ਦੀ ਮੌਤ

ਮ੍ਰਿਤਕ ਮਹਿੰਦਰ ਸਿੰਘ

ਮ੍ਰਿਤਕ ਮਹਿੰਦਰ ਸਿੰਘ

ਜਲੰਧਰ ਛਾਉਣੀ, 8 ਸਤੰਬਰ (ਪੋਸਟ ਬਿਊਰੋ)- ਥਾਣਾ ਸਦਰ ਦੀ ਪਰਾਗਪੁਰ ਚੌਂਕੀ ਦੇ ਸਾਹਮਣੇ ਜਲੰਧਰ-ਫਗਵਾੜਾ ਹਾਈਵੇ ਉੱਤੇ ਕੱਲ੍ਹ ਦੁਪਹਿਰ ਇਕ ਗੱਡੀ ਦੀ ਲਪੇਟ ‘ਚ ਆਉਣ ਨਾਲ ਮੋਟਰ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਪੁੁਲਸ ਨੇ ਕਬਜ਼ੇ ‘ਚ ਲੈ ਕੇ ਗੱਡੀ ਸਮੇਤ ਚਾਲਕ ਨੂੰ ਕਾਬੂ ਕਰ ਲਿਆ ਹੈ।
ਚੌਂਕੀ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ, ਜੋ ਆਪਣੇ ਮੋਟਰ ਸਾਈਕਲ ਉੱਤੇ ਫਗਵਾੜਾ ਵੱਲ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਇਨਡੇਵਰ ਗੱਡੀ ਦੇ ਚਾਲਕ ਵੱਲੋਂ ਅਚਾਨਕ ਮੋੜ ਕੱਟ ਲੈਣ ਕਾਰਨ ਮੋਟਰ ਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਗੱਡੀ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਇਕ ਕੰਪਨੀ ਦੇ ਸ਼ੋਅ ਰੂਮ ਦੀ ਹੈ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕਪੂਰਥਲਾ ਇਸ ਗੱਡੀ ਦੀ ਟੈਸਟ ਡਰਾਈਵ ਲੈ ਰਿਹਾ ਸੀ ਕਿ ਜਦੋਂ ਉਹ ਪਰਾਗਪੁਰ ਚੌਂਕੀ ਦੇ ਬਿਲਕੁਲ ਸਾਹਮਣੇ ਬਣੇ ਹੋਏ ਕੱਟ ਤੋਂ ਲਿੰਕ ਰੋਡ ਵੱਲ ਨੂੰ ਮੁੜਨ ਲੱਗਾ ਤਾਂ ਉਸ ਦੀ ਟੱਕਰ ਮਹਿੰਦਰ ਸਿੰਘ ਨਾਲ ਹੋ ਗਈ, ਜਿਸ ਦੌਰਾਨ ਮਹਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।