ਇਥੇ ਟਿਕੇ ਰਹਿਣ ਲਈ ਜ਼ਰੂਰੀ ਹੈ ਗਾਡਫਾਦਰ


ਕੇਨ ਘੋਸ਼ ਦੇ ਨਿਰਦੇਸ਼ਨ ਹੇਠ 2003 ਵਿੱਚ ਆਈ ‘ਇਸ਼ਕ ਵਿਸ਼ਕ’ ਵਿੱਚ ਸ਼ਾਹਿਦ ਕਪੂਰ ਦੇ ਆਪੋਜ਼ਿਟ ਪਾਇਲ ਮਹਿਰਾ ਦਾ ਕਿਰਦਾਰ ਨਿਭਾ ਕੇ ਅੰਮ੍ਰਿਤਾ ਰਾਓ ਚਰਚਿਤ ਚਿਹਰਾ ਬਣ ਗਈ। ਤਦ ਤੋਂ ਉਹ ‘ਮਸਤੀ’, ‘ਵਾਹ! ਲਾਈਫ ਹੋ ਤੋ ਐਸੀ’, ‘ਪਿਆਰੇ ਮੋਹਨ’ ਅਤੇ ‘ਵਿਵਾਹ’ ਵਰਗੀਆਂ ਫਿਲਮਾਂ ਵਿੱਚ ਦਿੱਸ ਚੁੱਕੀ ਹੈ। ਉਸ ਨੇ ਫਰਾਹ ਖਾਨ ਦੀ ਫਿਲਮ ‘ਓਮ ਸ਼ਾਂਤੀ ਓਮ’ ਰਾਹੀਂ ਪਰਦੇ ਉਤੇ ਆਪਣੀ ਸ਼ਰਮੀਲੀ ਅਤੇ ਸੰਕੋਚੀ ਆਨਸਕਰੀਨ ਇਮੇਜ ਨਾਲੋਂ ਅਲੱਗ ਹਟ ਕੇ ਟਾਮ ਬੁਆਏ ਵਰਗਾ ਕਿਰਦਾਰ ਨਿਭਾਇਆ। 2013 ਵਿੱਚ ਉਹ ਆਖਰੀ ਵਾਰ ਪ੍ਰਕਾਸ਼ ਝਾਅ ਦੇ ਨਿਰਦੇਸ਼ਨ ਵਾਲੀ ਫਿਲਮ ‘ਸੱਤਿਆਗ੍ਰਹਿ’ ਵਿੱਚ ਦਿਸੀ। ਇਸ ਦੇ ਬਾਅਦ ਉਹ ਵੱਡੇ ਪਰਦੇ ਤੋਂ ਗਾਇਬ ਹੀ ਹੈ।
ਇਸ ਤਰ੍ਹਾਂ ਦੀ ‘ਐਗਜਿਟ’ ਦਾ ਕਾਰਨ ਦੱਸਦੇ ਹੋਏ ਅੰਮ੍ਰਿਤਾ ਕਹਿੰਦੀ ਹੈ, ਮੈਨੂੰ ਫਿਲਮ ਮੇਕਰਸ ਨੇ ਖਾਸ ਕਿਸਮ ਦੀ ਇਮੇਜ਼ ਵਿੱਚ ਬੰਨ੍ਹ ਦਿੱਤਾ ਸੀ। ਮੇਰੀਆਂ ਵੀ ਕੁਝ ਹੱਦਾਂ ਸਨ। ਕਰੀਅਰ ਦੀ ਸ਼ੁਰੂਆਤ ਵਿੱਚ ਮੇਰੀ ‘ਆਲਾ’ ਇਮੇਜ ਬਣ ਗਈ ਸੀ ਕਿ ਮੈਂ ਬੋਲਡ ਰੋਲ ਨਹੀਂ ਕਰ ਸਕਦੀ, ਪਰ ਯਕੀਨਨ ਆਪਣੇ ਕੰਫਰਟ ਜ਼ੋਨ ਵਿੱਚ ਰਹਿੰਦੇ ਹੋਏ ਮੈਂ ਕੁਝ ਅਲੱਗ ਹਟ ਕੇ ਕੰਮ ਕਰ ਸਕਦੀ ਹਾਂ। ਮੈਂ ਸੋਚਿਆ ਸੀ ਕਿ ‘ਮੈਂ ਹੂੰ ਨਾ’ ਮੇਰੇ ਲਈ ਇਮੇਜ਼ ਬਦਲਣ ਵਾਲੀ ਫਿਲਮ ਸਾਬਤ ਹੋਵੇਗੀ, ਪਰ ਬਾਅਦ ਵਿੱਚ ‘ਵਿਵਾਹ’ ਰਿਲੀਜ਼ ਹੋ ਗਈ ਅਤੇ ਮੈਂ ਫਿਰ ਉਥੇ ਹੀ ਘੁੰਮ ਕੇ ਆ ਗਈ (ਛੂਈ-ਮੂਈ ਸ਼ਰਮੀਲੀ ਇਮੇਜ਼ ਵਿੱਚ)। ਬੋਲਡ ਰੋਲ ਨਾ ਕਰਨ ਦੇ ਫੈਸਲੇ ਕਾਰਨ ਅੰਮ੍ਰਿਤਾ ਨੂੰ ਬਿਗ ਬਜਟ ਦੀਆਂ ਕਮਰਸ਼ੀਅਲ ਫਿਲਮਾਂ ਤੋਂ ਦਰੂ ਰਹਿਣਾ ਪਿਆ। ਉਹ ਕਹਿੰਦੀ ਹੈ, ਮੈਨੂੰ ਕਈ ਪ੍ਰਪੋਜਲ ਮਿਲੇ, ਜਿਨ੍ਹਾਂ ਵਿਚ ਫਿਜੀਕਲ ਇੰਟੀਮੇਸੀ ਦਿਖਾਉਣੀ ਸੀ, ਇਸ ਲਈ ਮੈਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਇਨ੍ਹਾਂ ਸਭ ਫੈਸਲਿਆਂ ਵਿੱਚ ਮੈਂ ਸ਼ਿਆਮ ਬੈਨੇਗਲ ਦੀ ‘ਵੈਲ ਡਨ ਅੱਬਾ’ ਵਿੱਚ ਕੰਮ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ। ਇਹ ਇੱਕ ਖੂਬਸੂਰਤ ਫਿਲਮ ਸੀ। ਮੈਨੂੰ ਕੁਝ ਕ੍ਰਿਏਟਿਵ ਕਨਫਿਊਜ਼ਨ ਹੋਇਆ ਅਤੇ ਮੈਂ ਫਿਲਮ ਨੂੰ ਨਾ ਕਰ ਦਿੱਤੀ, ਉਂਝ ਫਿਲਮ ਨਾ ਕਰਨ ਦਾ ਮੈਨੂੰ ਅਫਸੋਸ ਹੈ। ਅੰਮ੍ਰਿਤਾ ਨੇ ਅੱਗੇ ਕਿਹਾ, ਇੱਕ ਬਾਹਰੀ ਇਨਸਾਨ ਦੇ ਲਈ ਹਿੰਦੀ ਸਿਨੇਮਾ ਵਿੱਚ ਬ੍ਰੇਕ ਹਾਸਲ ਕਰਨਾ ਸੌਖਾ ਹੈ, ਪ੍ਰੰਤੂ ਇਥੇ ਸਰਵਾਈਵਲ ਮੁਸ਼ਕਲ ਹੈ। ਤੁਹਾਡੇ ਕੋਲ ਇੱਕ ਗਾਡਫਾਦਰ ਅਤੇ ਵਧੀਆ ਨੈਟਵਰਕਿੰਗ ਸਕਿਲ ਹੋਣੀ ਬੇਹੱਦ ਜ਼ਰੂਰੀ ਹੈ।