ਇਤਿਹਾਸਕ ਸਿਖਰ-ਵਾਰਤਾ ਲਈ ਟਰੰਪ ਤੇ ਕਿੰਮ ਸਿੰਗਾਪੁਰ ਪਹੁੰਚੇ


ਸਿੰਗਾਪੁਰ, 10 ਜੂਨ (ਪੋਸਟ ਬਿਊਰੋ): ਦੁਨੀਆ ਦੇ ਇਤਿਹਾਸ ਵਿੱਚ ਵਿਲੱਖਣ ਕਿਸਮ ਦੀ ਹੋਣ ਜਾ ਰਹੀ ਸਿਖਰ ਵਾਰਤਾ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਐਤਵਾਰ ਨੂੰ ਸਿੰਗਾਪੁਰ ਪਹੁੰਚ ਚੁੱਕੇ ਹਨ।
ਟਰੰਪ ਏਅਰ ਫੋਰਸ ਵੰਨ ਰਾਹੀਂ ਰਾਤ ਸਮੇਂ ਸਿੰਗਾਪੁਰ ਪਹੁੰਚੇ। ਜਿੱਥੇ ਸਰਕਾਰੀ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਟਰੰਪ ਨੇ ਆਪਣੇ ਹੋਟਲ ਜਾਣ ਤੋਂ ਪਹਿਲਾਂ ਆਖਿਆ ਕਿ ਉਨ੍ਹਾਂ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ। ਟਰੰਪ ਕੈਨੇਡਾ ਵਿੱਚ ਸੱਤ ਦੇਸ਼ਾਂ ਦੇ ਗਰੁੱਪ ਦੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਸਿੱਧੇ ਕੈਨੇਡਾ ਤੋਂ ਸਿੰਗਾਪੁਰ ਪਹੁੰਚੇ। ਇਸ ਤੋਂ ਕੁੱਝ ਘੰਟੇ ਪਹਿਲਾਂ ਕਿੰਮ ਵੀ ਸਿੰਗਾਪੁਰ ਪਹੁੰਚ ਚੁੱਕੇ ਸਨ। ਉਹ ਵੱਡੀ ਸਾਰੀ ਲਿਮੋਜਿ਼ਨ ਵਿੱਚ ਆਪਣੇ ਲਾਮ ਲਸ਼ਕਰ ਨਾਲ ਸੇਂਟ ਰੇਜਿਸ ਹੋਟਲ ਪਹੁੰਚੇ।
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਜੇਨ ਲੂੰਗ ਨਾਲ ਮੁਲਾਕਾਤ ਸਮੇਂ ਕਿੰਮ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਕਿੰਮ ਨੇ ਆਪਣੇ ਦੁਭਾਸ਼ੀਏ ਰਾਹੀਂ ਲੀ ਨੂੰ ਦੱਸਿਆ ਕਿ ਉੱਤਰੀ ਕੋਰੀਆ ਤੇ ਅਮਰੀਕਾ ਵਿਚਾਲੇ ਹੋਣ ਜਾ ਰਹੀ ਇਸ ਇਤਿਹਾਸਕ ਵਾਰਤਾ ਨੂੰ ਵੇਖਣ ਲਈ ਪੂਰੀ ਦੁਨੀਆ ਪੱਬਾਂ ਭਾਰ ਹੋਈ ਪਈ ਹੈ। ਉਨ੍ਹਾਂ ਲੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਤੁਹਾਡੀਆਂ ਕੋਸਿ਼ਸ਼ਾਂ ਸਦਕਾ ਹੀ ਅਸੀਂ ਇਸ ਇਤਿਹਾਸਕ ਵਾਰਤਾ ਲਈ ਤਿਆਰੀ ਕਰਨ ਵਿੱਚ ਸਫਲ ਹੋਏ ਹਾਂ। ਟਰੰਪ ਵੱਲੋਂ ਸੋਮਵਾਰ ਨੂੰ ਲੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਦੌਰਾਨ ਟਰੰਪ ਨੇ ਆਸ ਪ੍ਰਗਟਾਈ ਕਿ ਉਹ ਉੱਤਰੀ ਕੋਰੀਆ ਨੂੰ ਪ੍ਰਮਾਣੂ ਹਥਿਆਰਾਂ ਤੋਂ ਖਹਿੜਾ ਛੁਡਵਾਉਣ ਲਈ ਰਾਜ਼ੀ ਕਰ ਸਕਣਗੇ। ਪਰ ਉਨ੍ਹਾਂ ਇਹ ਵੀ ਆਖਿਆ ਕਿ ਇਸ ਵਾਸਤੇ ਇੱਕ ਤੋਂ ਵੱਧ ਮੀਟਿੰਗਾਂ ਦਾ ਸਮਾਂ ਲੱਗ ਸਕਦਾ ਹੈ। ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਹੋਣ ਵਾਲੀ ਮੀਟਿੰਗ ਦੀ ਫਾਈਨਲ ਤਿਆਰੀ ਲਈ ਅਮਰੀਕੀ ਤੇ ਉੱਤਰੀ ਕੋਰੀਆਈ ਅਧਿਕਾਰੀ ਸੋਮਵਾਰ ਸਵੇਰੇ ਮੁਲਾਕਾਤ ਕਰਨਗੇ।