ਇਟੋਬੀਕੋ ਵਿੱਚ ਪਾਰਕ ਕੀਤੀ ਸਕੂਲ ਬੱਸ ਨਾਲ ਟਕਰਾਈ ਕਾਰ, ਇੱਕ ਹਲਾਕ

ਇਟੋਬੀਕੋ, 16 ਮਈ (ਪੋਸਟ ਬਿਊਰੋ): ਇਟੋਬੀਕੋ ਵਿੱਚ ਸਕੂਲ ਬੱਸ ਦੇ ਨਾਲ ਹੋਈ ਗੱਡੀ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਮੰਨਿਆ ਜਾ ਰਿਹਾ ਹੈ ਕਿ ਨਸ਼ਾ ਕਰਕੇ ਗੱਡੀ ਚਲਾਏ ਜਾਣ ਕਾਰਨ ਇਹ ਹਾਦਸਾ ਹੋਇਆ।
ਪੁਲਿਸ ਨੇ ਦੱਸਿਆ ਕਿ ਇੱਕ 23 ਸਾਲਾ ਮਹਿਲਾ ਰਾਤੀਂ 10:50 ਉੱਤੇ ਥਰਟੀਨਥ ਸਟਰੀਟ ਏਰੀਆ ਤੇ ਲੇਕ ਸੋ਼ਰ ਬੋਲੀਵੀਆਰਡ ਇਲਾਕੇ ਵਿੱਚ ਗੱਡੀ ਚਲਾ ਰਹੀ ਸੀ ਜਦੋਂ ਉਸ ਨੇ ਇੱਕ ਪਾਰਕ ਕੀਤੀ ਹੋਈ ਸਕੂਲ ਬੱਸ ਵਿੱਚ ਗੱਡੀ ਜਾ ਮਾਰੀ। ਗੱਡੀ ਵਿੱਚ ਮੌਜੂਦ 25 ਸਾਲਾ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਮਹਿਲਾ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਬੰਧ ਵਿੱਚ ਡਰਾਈਵਰ ਖਿਲਾਫ ਅਜੇ ਚਾਰਜਿਜ਼ ਪੈਂਡਿੰਗ ਹਨ। ਡਰਾਈਵਰ ਤੇ ਪੈਸੈਂਜਰ ਵਿੱਚ ਕੀ ਸਬੰਧ ਸੀ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਹਾਦਸੇ ਸਮੇਂ ਗੱਡੀ ਵਿੱਚ ਹੋਰ ਕੋਈ ਵੀ ਮੌਜੂਦ ਨਹੀਂ ਸੀ।