ਇਟਲੀ ਦੇ 11 ਸ਼ਹਿਰਾਂ ਦੀ ਪੁਲਸ ਸਮਾਜ ਵਿਰੋਧੀ ਲੋਕਾਂ ਵਿਰੁੱਧ ਟੇਜ਼ਰ ਗੰਨ ਵਰਤੇਗੀ

ਮਿਲਾਨ, 11 ਜੁਲਾਈ (ਪੋਸਟ ਬਿਊਰੋ)- ਇਟਲੀ ਵਿੱਚ ਸਰਕਾਰ ਕੋਈ ਵੀ ਹੋਵੇ, ਦੇਸ਼ ਵਾਸੀਆਂ ਦੇ ਸੁਰੱਖਿਆ ਹਿੱਤ ਦੇਸ਼ ਦੇ ਪੁਲਸ ਪ੍ਰਸ਼ਾਸਨ ਨੂੰ ਸਦਾ ਹਰ ਪੱਖੋਂ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ। ਅਜੋਕੀ ਸਰਕਾਰ ਨੇ ਪੁਲਸ ਨੂੰ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਵਧੇਰੇ ਸੁਰੱਖਿਆ ਦੇਣ ਲਈ ਦੇਸ਼ ਦੇ 11 ਸ਼ਹਿਰਾਂ ਵਿੱਚ ਪੁਲਸ ਬਲਾਂ ਨੂੰ ਟੇਜ਼ਰ ਬੰਦੂਕਾਂ (ਇਲੈਕਟ੍ਰਾਨਿਕ ਬੰਦੂਕ) ਦਿੱਤੀਆਂ ਹਨ, ਜੋ ਇਕ ਤਜਰਬੇ ਅਧੀਨ ਹੈ।
ਦੁਨੀਆ ਭਰ ਵਿੱਚ ਹਾਲੇ ਤੱਕ ਟੇਜ਼ਰ ਬੰਦੂਕਾਂ ਨੂੰ 100 ਦੇਸ਼ਾਂ ਦੀ ਪੁਲਸ ਵਰਤ ਰਹੀ ਹੈ। ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਇਨ੍ਹਾਂ ਸ਼ਹਿਰਾਂ ‘ਚ ਸੀਮਤ ਗਿਣਤੀ ਵਿੱਚ ਟੇਜ਼ਰ ਬੰਦੂਕਾਂ ਨੂੰ ਪ੍ਰਵਾਨਗੀ ਦਿੱਤੀ ਹੈ। ਮਤੇਓ ਸਲਵੀਨੀ ਨੇ ਦੱਸਿਆ ਕਿ ਇਹ ਬੰਦੂਕਾਂ ਗੈਰ ਘਾਤਕ ਹਥਿਆਰ ਹਨ, ਜੋ ਪੁਲਸ ਮੁਲਾਜ਼ਮਾਂ ਦੀ ਨਿੱਜੀ ਸੁਰੱਖਿਆ ਸਬੰਧੀ ਖਤਰੇ ਨੂੰ ਘਟਾਉਣਗੀਆਂ। ਜ਼ਿਕਰ ਯੋਗ ਹੈ ਕਿ ਸਾਲ 2014 ਵਿੱਚ ਇਟਲੀ ਦੀ ਪਿਛਲੀ ਸਰਕਾਰ ਨੇ ਇਨ੍ਹਾਂ ਬੰਦੂਕ ਦਾ ਪ੍ਰਸਤਾਵ ਰੱਖਿਆ ਸੀ, ਪਰ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਇਸ ਦੀਆਂ ਸਾਵਧਾਨੀਆਂ ਨੂੰ ਵੀ ਮਜ਼ਬੂਤ ਕਰਨ ਦੀ ਕਾਰਵਾਈ ਕੀਤੀ ਗਈ, ਜਿਸ ਨੂੰ ਚਾਰ ਸਾਲ ਦਾ ਸਮਾਂ ਲੱਗਿਆ।